ਮੁੰਬਈ – ਦੀਪਿਕਾ ਪਾਦੁਕੋਣ ਉਂਝ ਤਾਂ ਕਾਫ਼ੀ ਮਜ਼ਬੂਤ ਦਿਲ ਵਾਲੀ ਮੰਨੀ ਜਾਂਦੀ ਹੈ, ਪਰ ਭਾਵਨਾਤਮਕ ਪਲ ਸਾਹਮਣੇ ਆਉਣ ‘ਤੇ ਉਹ ਵੀ ਆਪਣੇ ਹੰਝੂਆਂ ਨੂੰ ਰੋਕ ਨਹੀਂ ਪਾਉਂਦੀ। ਇਸ ਵਾਰ ਜਦੋਂ ਉਹ ਫ਼ਿਲਮ ‘ਛਪਾਕ ‘ਦੇ ਪ੍ਰਮੋਸ਼ਨ ਲਈ ਡਾਂਸ ਰਿਐਲਟੀ ਸ਼ੋਅ ਡਾਂਸ ਪਲੱਸ 5 ਵਿੱਚ ਪਹੁੰਚੀ ਤਾਂ ਕੁੱਝ ਅਜਿਹਾ ਹੋਇਆ ਕਿ ਉਹ ਆਪਣੇ ਹੰਝੂਆਂ ਨੂੰ ਰੋਕ ਨਾ ਸਕੀ। ਦਰਅਸਲ ਜਦੋਂ ਦੀਪਿਕਾ ਸ਼ੋਅ ਵਿੱਚ ਗਈ ਤਾਂ ਉੱਥੇ ਮੁਕਾਬਲੇਬਾਜ਼ਾਂ ਨੇ ਉਨ੍ਹਾਂ ਲਈ ਖ਼ਾਸ ਪਰਫ਼ੌਰਮੈਂਸ ਤਿਆਰ ਕੀਤੀ ਸੀ। ਦੀਪਿਕਾ ਦੇ ਕਰੀਅਰ ਦੀ ਯਤਾਤਰਾ ਨੂੰ ਸ਼ੁਰੂ ਤੋਂ ਲੇਟੈੱਸਟ ਫ਼ਿਲਮਾਂ ਤਕ ਦਿਖਾਉਣ ਲਈ ਉਨ੍ਹਾਂ ਨੇ ਅਦਾਕਾਰਾ ਦੇ ਕਰੀਅਰ ਦੇ ਹਿੱਟ ਗੀਤਾਂ ‘ਤੇ ਪਰਫ਼ੌਰਮ ਕੀਤਾ। ਡਾਂਸ ਰਾਹੀਂ ਆਪਣੇ ਕਰੀਅਰ ਦੀ ਯਾਤਰਾ ਦੇਖ ਦੀਪਿਕਾ ਖ਼ੁਦ ਨੂੰ ਭਾਵਨਾਤਮਕ ਹੋਣ ਤੋਂ ਰੋਕ ਨਾ ਸਕੀ ਅਤੇ ਉਹ ਪਰਫ਼ੌਰਮੈਂਸ ਦੇਖਦੇ-ਦੇਖਦੇ ਹੀ ਰੋਣ ਲੱਗੀ। ਉਸ ਨੇ ਆਪਣੀ ਸੀਟ ‘ਤੇ ਖੜ੍ਹੇ ਹੋ ਕੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਪਲ ਨਾਲ ਜੁੜੇ ਵੀਡੀਓਜ਼ ਨੂੰ ਚੈਨਲ ਨੇ ਸੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤਾ। ਵੀਡੀਓ ਵਿੱਚ ਦੀਪਿਕਾ ਕਹਿ ਰਹੀ ਹੈ, ”ਅੱਜ ਤਕ ਆਪਣੇ ਪੂਰੇ ਕਰੀਅਰ ਬਾਰੇ ਮੈਂ ਕਦੇ ਸੋਚਿਆ ਹੀ ਨਹੀਂ। ਮੈਂ ਬਸ ਕੰਮ ਕਰਦੀ ਗਈ। ਅੱਜ ਮੈਨੂੰ ਤੁਹਾਡੇ ਲੋਕਾਂ ਰਾਹੀਂ ਮੌਕਾ ਮਿਲਿਆ। ਤੁਸੀਂ ਜੋ ਮੈਨੂੰ ਐਂਟਰਟੇਨ ਕਰਨ ਦੀ ਜੋ ਕੋਸ਼ਿਸ਼ ਕੀਤੀ ਉਹ ਕਿਤੇ ਨਾ ਕਿਤੇ ਬੇਹੱਦ ਸਫ਼ਲ ਰਹੀ।”
ਦੱਸ ਦੇਈਏ ਕਿ ਫ਼ਿਲਮ ਛਪਾਕ ਵਿੱਚ ਦੀਪਿਕਾ ਇੱਕ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅੱਗਰਵਾਲ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਫ਼ਿਲਮ ਦੀ ਨਿਰਮਾਤਾ ਮੇਘਨਾ ਗ਼ੁਲਜ਼ਾਰ ਹੈ ਅਤੇ ਇਹ ਫ਼ਿਲਮ ਅਗਲੇ ਸਾਲ 10 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।











