ਸਰਕਾਰ ਬਣਦਿਆਂ ਹੀ ਵਿਜੇ ਦੀ TVK ਨੂੰ ਕਰਾਰਾ ਝਟਕਾ ! ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ

ਨੈਸ਼ਨਲ ਡੈਸਕ- ਤਾਮਿਲਨਾਡੂ ਦੀ ਸਿਆਸਤ ‘ਚ 51 ਸਾਲਾਂ ਤੋਂ ਚੱਲਦਾ ਆ ਰਿਹਾ ਸਿਲਸਿਲਾ ਤੋੜਦੇ ਹੋਏ ਵਿਜੇ ਦੀ ਟੀ.ਵੀ.ਕੇ. ਨੇ ਇਤਿਹਾਸਕ ਜਿੱਤ ਦਰਜ ਕਰ ਕੇ ਹਰ ਪਾਸੇ ਵਾਹ-ਵਾਹੀ ਖੱਟੀ ਹੈ। ਇਸੇ ਦੌਰਾਨ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਵਿਜੇ ਸਰਕਾਰ ਲਈ ਇਕ ਕਰਾਰਾ ਝਟਕਾ ਮੰਨਿਆ ਜਾ ਰਿਹਾ ਹੈ। ਮਦਰਾਸ ਹਾਈ ਕੋਰਟ ਨੇ ਮੰਗਲਵਾਰ ਨੂੰ ‘ਤਮਿਲਗਾ ਵੇਤਰੀ ਕਜ਼ਗਮ’ (TVK) ਦੇ ਵਿਧਾਇਕ ਸ਼੍ਰੀਨਿਵਾਸ ਸੇਤੂਪਤੀ ਨੂੰ ਵਿਧਾਨ ਸਭਾ ਵਿੱਚ ਹੋਣ ਵਾਲੀ ਭਰੋਸਗੀ ਵੋਟ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਹੈ। ਅਦਾਲਤ ਦਾ ਇਹ ਅੰਤਰਿਮ ਹੁਕਮ ਨਵੀਂ ਬਣੀ ਵਿਜੇ ਸਰਕਾਰ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਪਟੀਸ਼ਨ: ਡੀ.ਐੱਮ.ਕੇ. (DMK) ਦੇ ਸਾਬਕਾ ਮੰਤਰੀ ਕੇ.ਆਰ. ਪੇਰੀਆਕਰੂਪਨ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਪੇਰੀਆਕਰੂਪਨ ਇਸ ਚੋਣ ਵਿੱਚ ਸੇਤੂਪਤੀ ਤੋਂ ਮਹਿਜ਼ 1 ਵੋਟ ਦੇ ਫਰਕ ਨਾਲ ਹਾਰ ਗਏ ਸਨ। ਪੇਰੀਆਕਰੂਪਨ ਨੇ ਦੋਸ਼ ਲਾਇਆ ਕਿ ਗਿਣਤੀ ਦੌਰਾਨ ਪੋਸਟਲ ਬੈਲੇਟ ਵਿੱਚ ਹੇਰਾਫੇਰੀ ਕੀਤੀ ਗਈ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਤਿਰੂਪੱਤੂਰ ਹਲਕਾ ਨੰਬਰ 185 ਦੀ ਇੱਕ ਵੋਟ ਨੂੰ ਗਲਤ ਤਰੀਕੇ ਨਾਲ ਵੇਲੋਰ ਜ਼ਿਲ੍ਹੇ ਦੇ ਹਲਕਾ ਨੰਬਰ 50 ਵਿੱਚ ਟਰਾਂਸਫਰ ਕਰ ਦਿੱਤਾ ਗਿਆ। ਚੋਣ ਕਮਿਸ਼ਨ ਨੇ ਅਦਾਲਤ ਵਿੱਚ ਕਿਹਾ ਕਿ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਅਜਿਹੀ ਕਿਸੇ ਸ਼ਿਕਾਇਤ ‘ਤੇ ਕਾਰਵਾਈ ਕਰਨ ਦਾ ਨਿਯਮ ਨਹੀਂ ਹੈ। ਉਨ੍ਹਾਂ ਕਿਸੇ ਵੀ ਵੋਟ ਦੇ ਤਬਾਦਲੇ ਤੋਂ ਇਨਕਾਰ ਕੀਤਾ।
ਇਸ ਮਗਰੋਂ ਜਦੋਂ ਮਾਮਲਾ ਅਦਾਲਤ ਕੋਲ ਪੁੱਜਾ ਤਾਂ ਹਾਈ ਕੋਰਟ ਨੇ ਕਿਹਾ ਕਿ ਪੇਰੀਆਕਰੂਪਨ ਵੱਲੋਂ ਦਿੱਤੇ ਗਏ ਸਬੂਤ ਸ਼ੁਰੂਆਤੀ ਤੌਰ ‘ਤੇ ਮਜ਼ਬੂਤ ਜਾਪਦੇ ਹਨ। ਇਸ ਲਈ ਅਦਾਲਤ ਨੇ ਸੇਤੂਪਤੀ ਨੂੰ ਬਤੌਰ ਵਿਧਾਇਕ ਅੱਜ ਹੋਣ ਵਾਲੀ ਭਰੋਸਗੀ ਵੋਟ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਹੈ। ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੁਕਮ ਜਾਰੀ ਕੀਤੇ ਹਨ ਕਿ ਸਾਰੇ ਪੋਸਟਲ ਬੈਲੇਟ ਨੂੰ ਸਖ਼ਤ ਸੁਰੱਖਿਆ ਹੇਠ ਸੁਰੱਖਿਅਤ ਰੱਖਿਆ ਜਾਵੇ ਤੇ ਵੋਟਾਂ ਦੀ ਗਿਣਤੀ ਨਾਲ ਸਬੰਧਤ ਸਾਰੀ ਵੀਡੀਓ ਫੁਟੇਜ ਨੂੰ ਸੰਭਾਲ ਕੇ ਰੱਖਿਆ ਜਾਵੇ ਤਾਂ ਜੋ ਜਾਂਚ ਵਿੱਚ ਇਸ ਦੀ ਮਦਦ ਲਈ ਜਾ ਸਕੇ।