ਸਪਿਨਰਾਂ ਦੀ ਭੂਮਿਕਾ ਹੋਵੇਗੀ ਪਰ ਤੇਜ਼ ਗੇਂਦਬਾਜ਼ਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ: ਕੋਹਲੀ

ਅਹਿਮਦਾਬਾਦ – ਮੋਟੇਰਾ ‘ਚ ਪੂਰੀ ਤਰ੍ਹਾਂ ਨਾਲ ਸਪਿਨ ਦੀ ਅਨੁਕੂਲ ਪਿੱਚ ਦੀ ਉਮੀਦ ਕੀਤੀ ਜਾ ਰਹੀ ਹੈ, ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਇੰਗਲੈਂਡ ਖ਼ਿਲਾਫ਼ ਤੀਜੇ ਦਿਨ-ਰਾਤ ਟੈੱਸਟ ‘ਚ ਤੇਜ਼ ਗੇਂਦਬਾਜ਼ੀ ਦੀ ਵੀ ਸਪਿਨਰਾਂ ਦੇ ਜਿੰਨੀ ਹੀ ਭੂਮਿਕਾ ਹੋਵੇਗੀ। ਚਾਰ ਮੈਚਾਂ ਦੀ ਸੀਰੀਜ਼ ‘ਚ ਦੋਵਾਂ ਟੀਮਾਂ 1-1 ਨਾਲ ਬਰਾਬਰ ਚੱਲ ਰਹੀਆਂ ਹਨ, ਅਤੇ ਬੁੱਧਵਾਰ ਤੋਂ ਇੱਥੇ ਹੋਣ ਵਾਲੇ ਤੀਜੇ ਟੈੱਸਟ ਤੋਂ ਪਹਿਲਾਂ ਨਵੇਂ ਸਿਰੇ ਤੋਂ ਤਿਆਰ ਸਟੇਡੀਅਮ ਦੀ ਨਵੀਂ ਪਿੱਚ ਦਾ ਸਵਰੂਪ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਇਹ ਪੁੱਛਣ ‘ਤੇ ਕਿ ਕੀ ਤੀਜੇ ਟੈੱਸਟ ‘ਚ ਗੇਂਦ ਦੇ ਸਵਿੰਗ ਹੋਣ ਦੀ ਸੰਭਾਵਨਾ ਨਹੀਂ, ਕੋਹਲੀ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜਦੋਂ ਤੱਕ ਗੇਂਦ ਠੋਸ ਅਤੇ ਚਮਕੀਲੀ ਹੈ, ਓਦੋਂ ਤਕ ਤੇਜ਼ ਗੇਂਦਬਾਜ਼ਾਂ ਕੋਲ ਮੈਚ ‘ਚ ਮੌਕਾ ਰਹੇਗਾ।

ਕੋਹਲੀ ਨੇ ਮੈਚ ਦੇ ਤੋਂ ਪਹਿਲਾਂ ਇੱਕ ਪ੍ਰੈੱਸ ਕਾਨਫ਼ਰੰਸ ‘ਚ ਕਿਹਾ, ”ਮੈਨੂੰ ਨਹੀਂ ਲੱਗਦਾ ਹੈ ਕਿ ਇਹ ਸਹੀ ਵਿਸ਼ਲੇਸ਼ਨ ਹੈ ਕਿ ਗੇਂਦ ਸਵਿੰਗ ਨਹੀਂ ਕਰੇਗੀ। ਗ਼ੁਲਾਬੀ ਗੇਂਦ ਲਾਲ ਗੇਂਦ ਤੋਂ ਜ਼ਿਆਦਾ ਸਵਿੰਗ ਕਰਦੀ ਹੈ। ਜਦੋਂ 2019 ‘ਚ ਬੰਗਲਾਦੇਸ਼ ਖ਼ਿਲਾਫ਼ ਅਸੀਂ ਪਹਿਲੀ ਵਾਰ ਇਸ ਨਾਲ ਖੇਡੇ ਤਾਂ ਅਸੀਂ ਇਹ ਅਨੁਭਵ ਕੀਤਾ।” ਕੋਹਲੀ ਨੇ ਇਸ ਮੁਲਾਂਕਣ ਨੂੰ ਵੀ ਖ਼ਾਰਿਜ ਕਰ ਦਿੱਤਾ ਕਿ ਜੇਕਰ ਪਿੱਚ ਤੋਂ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲੇਗੀ ਤਾਂ ਇੰਗਲੈਂਡ ਦਾ ਪੱਲਾ ਭਾਰੀ ਰਹੇਗਾ। ਉਨ੍ਹਾਂ ਨੇ ਕਿਹਾ, ”ਇਸ ਚੀਜ਼ ਬਾਰੇ ਬਹੁਤਾ ਚਿੰਤਤ ਨਹੀਂ ਕਿ ਇੰਗਲੈਂਡ ਟੀਮ ਦੇ ਮਜ਼ਬੂਤ ਅਤੇ ਕਮਜ਼ੋਰ ਪੱਖ ਕੀ ਹਨ। ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ ‘ਤੇ ਵੀ ਹਰਾਇਐ ਜਿੱਥੇ ਗੇਂਦ ਬਹੁਤ ਜ਼ਿਆਦਾ ਮੂਵ ਕਰਦੀ ਹੈ। ਇਸ ਲਈ ਅਸੀਂ ਇਸ ਤੋਂ ਪਰੇਸ਼ਾਨ ਨਹੀਂ।”

ਕੋਹਲੀ ਨੇ ਕਿਹਾ, ”ਨਾਲੇ ਹਾਂ, ਵਿਰੋਧੀ ਟੀਮ ਦੀਆਂ ਵੀ ਕਾਫ਼ੀ ਕਮਜ਼ੋਰੀਆਂ ਹਨ, ਅਤੇ ਜੇਕਰ ਤੁਸੀਂ ਇਸ ਦਾ ਫ਼ਾਇਦਾ ਚੁੱਕ ਸਕਦੇ ਹੋ ਤਾਂ ਫ਼ਿਰ ਇਸ ਤੋਂ ਵਧੀਆ ਹੋਰ ਕੀ? ਜੇਕਰ ਇਹ ਉਨ੍ਹਾਂ ਦੀ ਤੇਜ਼ ਗੇਂਦਬਾਜ਼ੀ ਲਈ ਅਨੁਕੂਲ ਪਿੱਚ ਹੋਵੇਗੀ ਤਾਂ ਫ਼ਿਰ ਸਾਡੇ ਲਈ ਵੀ ਹੋਵੇਗੀ।” ਭਾਰਤੀ ਕਪਤਾਨ ਨੇ ਕਿਹਾ, ”ਹੋਰ ਸ਼ਾਇਦ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਕੋਲ ਦੁਨੀਆਂ ਦਾ ਸਰਵਸ੍ਰੇਸ਼ਠ ਗੇਂਦਬਾਜ਼ ਹੈ, ਇਸ ਲਈ ਗੇਂਦ ਕਿਵੇਂ ਮੂਵ ਕਰੇਗੀ ਇਸ ਨੂੰ ਲੈ ਕੇ ਅਸੀਂ ਬਹੁਤੇ ਪਰੇਸ਼ਾਨ ਨਹੀਂ। ਅਸੀਂ ਕਿਸੇ ਵੀ ਸਥਿਤੀ ਲਈ ਤਿਆਰ ਹਾਂ।”