ਅਹਿਮਦਾਬਾਦ – ਭਾਰਤੀ ਟੀਮ ‘ਚ ਸਭ ਤੋਂ ਤਜਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਟੈੱਸਟ ਕ੍ਰਿਕਟ ‘ਚ 100 ਟੈੱਸਟ ਖੇਡਣ ਵਾਲਾ ਭਾਰਤ ਦਾ 11ਵਾਂ ਖਿਡਾਰੀ ਬਣਨ ਜਾ ਰਿਹਾ ਹੈ। ਇਸ਼ਾਂਤ ਇੰਗਲੈਂਡ ਵਿਰੁੱਧ ਸਰਦਾਰ ਪਟੇਲ ਸਟੇਡੀਅਮ ‘ਚ ਬੁੱਧਵਾਰ ਤੋਂ ਹੋਣ ਵਾਲੇ ਤੀਜੇ ਟੈੱਸਟ ‘ਚ ਉਤਰਨ ਦੇ ਨਾਲ ਹੀ ਇਹ ਉਪਲੱਬਧੀ ਹਾਸਿਲ ਕਰ ਲਵੇਗਾ। ਇਸ਼ਾਂਤ ਨੇ ਸੀਰੀਜ਼ ਦੇ ਦੂਜੇ ਮੈਚ ‘ਚ 300 ਵਿਕਟਾਂ ਪੂਰੀਆ ਕਰ ਲਈਆਂ ਸਨ ਅਤੇ ਉਸ ਦੇ ਨਾਲ ਹੀ ਇਹ ਉਪਲੱਬਧੀ ਹਾਸਿਲ ਕਰਨ ਵਾਲਾ ਉਹ ਛੇਵਾਂ ਭਾਰਤੀ ਗੇਂਦਬਾਜ਼ ਬਣਿਆ ਸੀ।
ਦਿੱਲੀ ਦੇ ਇਸ਼ਾਂਤ ਨੇ ਸਾਲ 2007 ‘ਚ ਢਾਕਾ ‘ਚ ਬੰਗਲਾਦੇਸ਼ ਵਿਰੁੱਧ ਆਪਣਾ ਟੈੱਸਟ ਕਰੀਅਰ ਰਾਹੁਲ ਦ੍ਰਾਵਿੜ ਦੀ ਕਪਤਾਨੀ ‘ਚ ਸ਼ੁਰੂ ਕੀਤਾ ਸੀ। ਇਸ਼ਾਂਤ ਜੇਕਰ ਅਹਿਮਦਾਬਾਦ ਦੇ ਮੋਟੇਰਾ ਕ੍ਰਿਕਟ ਸਟੇਡੀਅਮ ‘ਚ 24 ਫ਼ਰਵਰੀ ਤੋਂ ਹੋਣ ਵਾਲੇ ਤੀਜੇ ਟੈੱਸਟ ‘ਚ ਉਤਰਦਾ ਹੈ ਤਾਂ ਇਹ ਉਸ ਦਾ 100ਵਾਂ ਟੈੱਸਟ ਮੈਚ ਹੋਵੇਗਾ, ਅਤੇ ਭਾਰਤੀ ਲੈਜੈਂਡ ਕਪਿਲ ਦੇਵ ਤੋਂ ਬਾਅਦ ਇਹ ਉਪਲੱਬਧੀ ਹਾਸਲ ਕਰਨ ਵਾਲਾ ਉਹ ਦੂਜਾ ਭਾਰਤੀ ਤੇਜ਼ ਗੇਂਦਬਾਜ਼ ਬਣੇਗਾ। 32 ਸਾਲਾ ਇਸ਼ਾਂਤ ਨੇ ਇੰਗਲੈਂਡ ਵਿਰੁੱਧ ਮੌਜੂਦਾ ਸੀਰੀਜ਼ ਦੇ ਦੂਜੇ ਟੈੱਸਟ ‘ਚ ਆਪਣੀਆਂ ਵਿਕਟਾਂ ਦਾ ਤੀਹਰਾ ਸੈਂਕੜਾ ਪੂਰਾ ਕੀਤਾ ਸੀ।
ਇਸ਼ਾਂਤ ਦੇ ਨਾਂ 99 ਟੈੱਸਟਾਂ ‘ਚ 302 ਵਿਕਟਾਂ ਹਨ। ਇਸ ਦੌਰਾਨ ਇੱਕ ਪਾਰੀ ‘ਚ 74 ਦੌੜਾਂ ਦੇ ਕੇ 7 ਵਿਕਟਾਂ ਉਸ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਹੈ। ਇਸ਼ਾਂਤ ਸ਼ਰਮਾ ਨੇ 11 ਵਾਰ ਪਾਰੀ ‘ਚ ਪੰਜ ਵਿਕਟਾਂ ਲਈਆਂ ਹਨ।
ਭਾਰਤ ਵਲੋਂ 100 ਟੈੱਸਟ ਖੇਡਣ ਵਾਲੇ ਖਿਡਾਰੀ
ਸਚਿਨ ਤੇਂਦੁਲਕਰ-200 ਮੈਚ, ਰਾਹੁਲ ਦ੍ਰਾਵਿੜ-163, ਵੀ. ਵੀ. ਐੱਸ. ਲਕਸ਼ਮਣ-134, ਅਨਿਲ ਕੁੰਬਲੇ-132, ਕਪਿਲ ਦੇਵ-131, ਸੁਨੀਲ ਗਾਵਸਕਰ-125, ਦਿਲੀਪ ਵੇਂਗਸਰਕਰ-116, ਸੌਰਭ ਗਾਂਗੁਲੀ-113, ਵਰਿੰਦਰ ਸਹਿਵਾਗ-103 ਅਤੇ ਹਰਭਜਨ ਸਿੰਘ-103 ਮੈਚ।











