ਇਹ ਸਮਝ ਕੇ ਹੀ ਟੈੱਸਟ ਕਰੀਅਰ ਇੰਨਾ ਲੰਬਾ ਕਰ ਸਕਿਆਂ ਕਿ ਕਪਤਾਨ ਮੇਰੇ ਤੋਂ ਕੀ ਚਾਹੁੰਦੈ – ਇਸ਼ਾਂਤ

ਅਹਿਮਦਾਬਾਦ – ਕਪਿਲ ਦੇਵ ਤੋਂ ਬਾਅਦ 100 ਟੈੱਸਟ ਖੇਡਣ ਵਾਲਾ ਦੂਜਾ ਭਾਰਤੀ ਤੇਜ ਗੇਂਦਬਾਜ਼ ਬਣਨ ਦੇ ਕੰਢੇ ‘ਤੇ ਖੜ੍ਹੇ ਇਸ਼ਾਂਤ ਸ਼ਰਮਾ ਨੇ ਕਿਹਾ ਕਿ ਉਸ ਦਾ ਟੈੱਸਟ ਕਰੀਅਰ ਇੰਨਾ ਲੰਬਾ ਇਸ ਲਈ ਹੋ ਸਕਿਆ ਹੈ ਕਿ ਉਹ ਸਮਝਦਾ ਸੀ ਕਿ ਕਪਤਾਨ ਉਸ ਤੋਂ ਕੀ ਚਾਹੁੰਦਾ ਹੈ। ਇਸ਼ਾਂਤ ਨੇ ਬੰਗਲਾਦੇਸ਼ ਵਿਰੁੱਧ 18 ਸਾਲ ਦੀ ਉਮਰ ‘ਚ ਰਾਹੁਲ ਦ੍ਰਾਵਿੜ ਦੀ ਕਪਤਾਨੀ ‘ਚ ਟੈੱਸਟ ਕ੍ਰਿਕਟ ‘ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ਅਨਿਲ ਕੁੰਬਲੇ, ਮਹਿੰਦਰ ਸਿੰਘ ਧੋਨੀ, ਵਿਰਾਟ ਕੋਹਲੀ ਤੇ ਅਜਿੰਕਯ ਰਹਾਨੇ ਦੀ ਕਪਤਾਨੀ ‘ਚ ਖੇਡਿਆ।
ਕਿਹੜਾ ਕਪਤਾਨ ਉਸ ਨੂੰ ਸਭ ਤੋਂ ਚੰਗੀ ਤਰ੍ਹਾਂ ਨਾਲ ਸਮਝ ਸਕਿਆ, ਇਹ ਪੁੱਛਣ ‘ਤੇ ਉਸ ਨੇ ਇੰਗਲੈਂਡ ਵਿਰੁੱਧ ਤੀਜੇ ਟੈੱਸਟ ਤੋਂ ਪਹਿਲਾਂ ਕਿਹਾ, ”ਇਹ ਕਹਿਣਾ ਮੁਸ਼ਕਿਲ ਹੈ ਕਿ ਕੌਣ ਮੈਨੂੰ ਸਭ ਤੋਂ ਚੰਗੀ ਤਰ੍ਹਾਂ ਨਾਲ ਸਮਝ ਸਕਿਆ, ਪਰ ਸਾਰੇ ਮੈਨੂੰ ਚੰਗੀ ਤਰ੍ਹਾਂ ਨਾਲ ਸਮਝਦੇ ਸਨ। ਕਪਤਾਨ ਮੈਨੂੰ ਕਿੰਨਾ ਸਮਝਦਾ ਹੈ, ਉਸ ਤੋਂ ਵੱਧ ਜਰੂਰੀ ਹੈ ਕਿ ਮੈਂ ਕਪਤਾਨ ਨੂੰ ਕਿੰਨਾ ਸਮਝਦਾ ਹਾਂ।” ਉਸ ਨੇ ਕਿਹਾ, ”ਇਹ ਕਾਫ਼ੀ ਮਹੱਤਵਪੂਰਣ ਹੈ ਕਿ ਕਪਤਾਨ ਮੇਰੇ ਤੋਂ ਕੀ ਚਾਹੁੰਦਾ ਹੈ। ਇਹ ਸਪੱਸ਼ਟ ਹੋਣ ‘ਤੇ ਗੱਲਬਾਤ ਆਸਾਨ ਹੋ ਜਾਂਦੀ ਹੈ।”
ਹੁਣ ਤਕ 99 ਟੈੱਸਟਾਂ ‘ਚ 303 ਵਿਕਟਾਂ ਲੈ ਚੁੱਕਿਆ ਇਸ਼ਾਂਤ ਸੀਮਤ ਓਵਰਾਂ ਦੀ ਟੀਮ ਦਾ ਹਿੱਸਾ ਨਹੀਂ ਅਤੇ IPLL ‘ਚ ਵੀ ਕੁੱਝ ਸੈਸ਼ਨ ਬਾਹਰ ਰਿਹੈ। ਕੀ ਪਹਿਲੇ ਦੋ ਸਰੂਪਾਂ ਦੇ ਕ੍ਰਿਕਟ ਤੋਂ ਬਾਹਰ ਰਹਿਣ ਨਾਲ ਵੀ ਉਸ ਦੇ ਟੈੱਸਟ ਕ੍ਰਿਕਟ ਕਰੀਅਰ ਨੂੰ ਲੰਬਾ ਕਰਨ ‘ਚ ਮਦਦ ਮਿਲੀ ਪੁੱਛਣ ‘ਤੇ ਉਸ ਨੇ ਕਿਹਾ, ”ਮੈਂ ਇਸ ਨੂੰ ਸਰਾਪ ‘ਚ ਵਰਦਾਨ ਦੀ ਤਰ੍ਹਾਂ ਲੈਂਦਾ ਹਾਂ। ਅਜਿਹਾ ਨਹੀਂ ਕਿ ਮੈਂ ਸੀਮਿਤ ਓਵਰਾਂ ਦੀ ਕ੍ਰਿਕਟ ਖੇਡਣਾ ਨਹੀਂ ਚਾਹੁੰਦਾ, ਪਰ ਜਦੋਂ ਖੇਡਣ ਦਾ ਮੌਕਾ ਨਾ ਹੋਵੇ ਤਾਂ ਸਭ ਤੋਂ ਚੰਗਾ ਹੈ ਕਿ ਆਪਣਾ ਅਭਿਆਸ ਜਾਰੀ ਰੱਖੋ।”