ਬੰਗਲੁਰੂਂ ਆਈ.ਪੀ.ਐੱਲ.-9 ਦਾ ਖਿਤਾਬ ਆਪਣੇ ਨਾਂ ਕਰਨ ਲਈ ਰਾਇਲ ਚੈਲੇਂਜਰਸ ਬੰਗਲੌਰ ਤੇ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਮੈਦਾਨ ‘ਤੇ ਉਤਰੀ। ਫ਼ਾਈਨਲ ਮੈਚ ‘ਚ ਕਪਤਾਨ ਡੇਵਿਡ ਵਾਰਨਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਦੀ ਟੀਮ ਨੇ 20 ਓਵਰਾਂ ‘ਚ 7 ਵਿਕਟਾਂ ‘ਤੇ 208 ਦੌੜਾਂ ਬਣਾਈਆਂ ਤੇ ਬੰਗਲੌਰ ਸਾਹਮਣੇ 209 ਦੌੜਾਂ ਦਾ ਟੀਚਾ ਰੱਖਿਆ। ਜਿਸ ਦੇ ਜਵਾਬ ‘ਚ ਬੰਗਲੌਰ ਦੀ ਟੀਮ 20 ਓਵਰਾਂ ‘ਚ 200 ਦੌੜਾਂ ਹੀ ਬਣਾ ਸਕੀ ਅਤੇ ਹੈਦਰਾਬਾਦ ਨੇ ਇਹ ਮੈਚ 8 ਦੌੜਾਂ ਤੋਂ ਜਿੱਤ ਲਿਆ।
ਬੰਗਲੌਰ ਵਲੋਂ ਬੱਲੇਬਾਜ਼ੀ ਕਰਨ ਉਤਰੀ ਓਪਨਿੰਗ ਜੋੜੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਕਰਿਸ ਗੇਲ ਨੇ 38 ਗੇਦਾਂ ‘ਚ 76 ਦੌੜਾਂ ਅਤੇ ਵਿਰਾਟ ਕੋਹਲੀ ਨੇ 35 ਗੇਂਦਾਂ ‘ਚ 54 ਦੌੜਾਂ ਬਣਾਈਆਂ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੈਦਰਾਬਾਦ ਟੀਮ ਨੂੰ ਪਹਿਲਾ ਝਟਕਾ ਸ਼ਿਖਰ ਧਵਨ (28) ਵਜੋਂ ਲੱਗਾ, ਜਿਸ ਨੂੰ ਯੁਜਵੇਂਦਰ ਚਾਹਲ ਨੇ ਆਊਟ ਕੀਤਾ। ਪਹਿਲੀ ਵਿਕਟ ਲਈ ਧਵਨ ਤੇ ਡੇਵਿਡ ਵਾਰਨਰ ਨੇ 63 ਦੌੜਾਂ ਜੋੜੀਆਂ। ਮੋਈਜ਼ਿਸ ਹੈਨਰਿਕਸ ਨੂੰ ਕ੍ਰਿਸ ਜਾਰਡਨ ਨੇ ਚਾਹਲ ਹੱਥੋਂ 4 ਦੌੜਾਂ ‘ਤੇ ਕੈਚ ਆਊਟ ਕਰਵਾਇਆ। ਕਪਤਾਨ ਵਾਰਨਰ (69 ਦੌੜਾਂ) ਨੇ ਟੀਮ ਲਈ ਬੇਹੱਦ ਜ਼ਿੰਮੇਵਾਰੀ ਭਰੀ ਪਾਰੀ ਖੇਡੀ। ਦੀਪਕ ਹੁੱਡਾ ਨੂੰ ਸ਼੍ਰੀਨਾਥ ਅਰਵਿੰਦ ਨੇ 3 ਦੌੜਾਂ ‘ਤੇ ਵਿਰਾਟ ਕੋਹਲੀ ਹੱਥੋਂ ਕੈਚ ਆਊਟ ਕਰਵਾਇਆ। ਆਈ.ਪੀ.ਐੱਲ. ‘ਚ ਆਪਣਾ ਪਹਿਲਾ ਫ਼ਾਈਨਲ ਖੇਡਣ ਵਾਲੇ ਯੁਵਰਾਜ ਸਿੰਘ ਨੇ 23 ਗੇਂਦਾਂ ‘ਤੇ 38 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਤੇ ਕ੍ਰਿਸ ਜਾਰਡਨ ਦਾ ਸ਼ਿਕਾਰ ਬਣੇ। ਵਿਕਟਕੀਪਰ ਨਮਨ ਓਝਾ 7 ਦੌੜਾਂ ਬਣਾ ਕੇ ਆਊਟ ਹੋਏ। ਬਿਪੁਲ ਸ਼ਰਮਾ ਨੂੰ ਕ੍ਰਿਸ ਜਾਰਡਨ ਨੇ 5 ਦੌੜਾਂ ‘ਤੇ ਆਊਟ ਕੀਤਾ। ਇਸ ਤੋਂ ਬਾਅਦ ਬੈਨ ਕਟਿੰਗ 15 ਗੇਂਦਾਂ ‘ਤੇ 39 ਦੌੜਾਂ ਦੀ ਜ਼ਬਰਦਸਤ ਪਾਰੀ ਖੇਡ ਕੇ ਅਜੇਤੂ ਰਹੇ।












