ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਫਰਾਂਸ ਦੇ ਰਾਸ਼ਟਰਪਤੀ ਮੈਕ੍ਰੋਨ ਦੀ ਭਾਰਤ ਫੇਰੀ ਮੌਕੇ ਫਰਾਂਸ ‘ਚ ਰਹਿੰਦੇ ਸਿੱਖਾਂ ਦੇ ਮਸਲੇ ਹੱਲ ਕਰਨ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਫਰਾਂਸ ਵਿਚ 2004 ‘ਚ ਦਸਤਾਰ ‘ਤੇ ਪਾਬੰਦੀ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਪਰ ਫਰਾਂਸ ਸਰਕਾਰ ਵੱਲੋਂ ਅਜੇ ਤੱਕ ਇਹ ਮਸਲਾ ਜਿਉਂ ਦਾ ਤਿਉਂ ਲਟਕਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਦਸਤਾਰ ‘ਤੇ ਪਾਬੰਦੀ ਲੱਗਣ ਉਪਰੰਤ ਫਰਾਂਸ ਦੇ ਸਾਰੇ ਸਰਕਾਰੀ ਦਸਤਾਵੇਜ਼ਾਂ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਹੈਲਥ ਕਾਰਡ, ਬੱਸ ਪਾਸ, ਸਕੂਲ ਪਛਾਣ ਪੱਤਰ ਆਦਿ ‘ਤੇ ਬਿਨਾਂ ਦਸਤਾਰ ਵਾਲੀ ਫੋਟੋ ਲਾਉਣੀ ਜ਼ਰੂਰੀ ਕੀਤੀ ਗਈ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਦਸਤਾਰ ਸਿੱਖਾਂ ਦਾ ਧਾਰਮਕ ਚਿੰਨ੍ਹ ਹੋਣ ਕਰ ਕੇ ਮਾਣ ਦਾ ਪ੍ਰਤੀਕ ਹੈ, ਜੋ ਕਲਗੀਧਰ ਦਸਮੇਸ਼ ਪਿਤਾ ਵੱਲੋਂ ਸਿੱਖ ਨੂੰ ਬਖਸ਼ਿਆ ਗਿਆ ਤਾਜ ਹੈ ਤੇ ਦਸਤਾਰ ਨਾਲ ਹੀ ਸਿੱਖ ਦੀ ਵਿਲੱਖਣ ਪਛਾਣ ਹੈ ਪਰ ਫਰਾਂਸ ਦੀ ਸਰਕਾਰ ਵੱਲੋਂ ਕੋਈ ਵੀ ਸਰਕਾਰੀ ਨੌਕਰੀ ਹਾਸਲ ਕਰਨ ਲਈ ਦਸਤਾਰ ਉਤਾਰਨੀ ਜ਼ਰੂਰੀ ਕੀਤੀ ਗਈ ਹੈ, ਜੋ ਠੀਕ ਨਹੀਂ ਹੈ। ਇਥੋਂ ਤੱਕ ਕਿ ਸਕੂਲ ‘ਚ ਪੜ੍ਹਦੇ ਸਿੱਖ ਬੱਚਿਆਂ ਦੇ ਪਟਕਾ ਬੰਨ੍ਹਣ ‘ਤੇ ਵੀ ਮਨਾਹੀ ਹੈ।















