
ਮਾਨਸਿਕ ਅਤੇ ਸ਼ਰੀਰਕ ਤੌਰ ‘ਤੇ ਫ਼ਿਟ ਰਹਿਣ ਲਈ ਅਸੀਂ ਹਮੇਸ਼ਾ ਸਵੇਰ ਦਾ ਨਾਸ਼ਤਾ ਕਰਨਾ ਜ਼ਰੂਰੀ ਮੰਨਦੇ ਹਨ। ਸਾਨੂੰ ਸਾਰਿਆਂ ਨੂੰ ਇੰਝ ਲੱਗਦਾ ਹੈ ਕਿ ਸਵੇਰ ਦਾ ਨਾਸ਼ਤਾ ਜਿੰਨਾ ਜ਼ਿਆਦਾ ਹੈਲਦੀ ਹੋਵੇਗਾ, ਸਾਡੀ ਸਿਹਤ ਵੀ ਓਨੀ ਜ਼ਿਆਦਾ ਤੰਦਰੁਸਤ ਰਹੇਗੀ। ਇਸ ਲਈ ਅਸੀਂ ਸਵੇਰ ਦਾ ਨਾਸ਼ਤਾ ਹੈਲਦੀ ਰੱਖਦੇ ਹਾਂ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਪਹਿਰ ਦੇ ਭੋਜਨ ਤੋਂ ਬਾਅਦ ਜੇਕਰ ਸ਼ਾਮ ਦੇ ਸਮੇਂ ਤੁਹਾਨੂੰ ਭੁੱਖ ਲੱਗ ਜਾਵੇ ਤਾਂ ਕੀ ਖਾਣਾ ਚਾਹੀਦਾ ਹੈ?
ਦੱਸ ਦੇਈਏ ਕਿ ਸ਼ਾਮ ਦੇ ਸਮੇਂ ਹਮੇਸ਼ਾ ਲੋਕ ਚਾਹ-ਸਮੋਸਾ, ਚਾਹ-ਬ੍ਰੈੱਡ, ਪਕੌੜੇ, ਮੋਮੋਜ਼ ਅਤੇ ਚਾਈਨੀਜ਼ ਫ਼ੂਡ ਦੀਆਂ ਦੁਕਾਨਾਂ ‘ਤੇ ਨਜ਼ਰ ਆਉਣ ਲੱਗ ਪੈਂਦੇ ਹਨ। ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਕਿ ਜਿਸ ਤੇਲ ‘ਚ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤਲ ਕੇ ਬਣਾਇਆ ਜਾਂਦਾ ਹੈ, ਅਤੇ ਇਹ ਤੁਹਾਡੀ ਸਿਹਤ ਲਈ ਖ਼ਤਰਨਾਕ ਸਿੱਧ ਹੋ ਸਕਦਾ ਹੈ। ਸਭ ਪਤਾ ਹੋਣ ਦੇ ਬਾਵਜੂਦ ਅਸੀਂ ਲੋਕ ਬੜੇ ਹੀ ਚਾਅ ਨਾਲ ਇਨ੍ਹਾਂ ਵਸਤਾਂ ਦਾ ਸੇਵਨ ਕਰਦੇ ਰਹਿੰਦੇ ਹਾਂ। ਇਸੇ ਲਈ ਇਸ ਹਫ਼ਤੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇਕਰ ਤੁਹਾਨੂੰ ਸ਼ਾਮ ਦੇ ਸਮੇਂ ਭੁੱਖ ਲਗਦੀ ਹੈ ਤਾਂ ਤੁਹਾਨੂੰ ਕੀ-ਕੀ ਖਾਣਾ ਚਾਹੀਦਾ ਹੈ ਜੋ ਸ਼ਰੀਰ ਲਈ ਫ਼ਾਇਦੇਮੰਦ ਹੈ।
ਭੁੱਜੇ ਹੋਏ ਛੋਲੇ – ਸ਼ਾਮ ਦੇ ਸਮੇਂ ਦਫ਼ਤਰ ਤੋਂ ਬਾਹਰ ਨਿਕਲ ਕੇ ਜੇਕਰ ਤੁਹਾਡਾ ਕੁੱਝ ਖਾਣ ਦਾ ਮਨ ਕਰ ਰਿਹਾ ਹੈ ਤਾਂ ਭੁੱਜੇ ਛੋਲੇ ਤੁਹਾਡੇ ਲਈ ਸਿਹਤਮੰਦ ਸਨੈਕਸ ਤੋਂ ਘੱਟ ਨਹੀਂ। ਛੋਲਿਆਂ ‘ਚ ਫ਼ਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਜਿਸ ਕਾਰਣ ਇਨ੍ਹਾਂ ਨੂੰ ਪਚਾਉਣ ‘ਚ ਤੁਹਾਡੇ ਸ਼ਰੀਰ ਨੂੰ ਸਮਾਂ ਲੱਗਦਾ ਹੈ। ਭੁੱਜੇ ਛੋਲੇ ਤੁਹਾਨੂੰ ਕਈ ਘੰਟਿਆਂ ਤਕ ਪੇਟ ਭਰਿਆ ਹੋਣ ਦਾ ਅਹਿਸਾਸ ਦਿਵਾਉਂਦੇ ਹਨ। ਇਸ ਦੇ ਨਾਲ ਹੀ ਇਹ ਬਲੱਡ ਸ਼ੂਗਰ ਨੂੰ ਵੀ ਨਹੀਂ ਵਧਾਉਂਦੇ। ਜੇਕਰ ਤੁਸੀਂ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਭੁੱਜੇ ਛੋਲੇ ਤੁਹਾਡੇ ਲਈ ਬੇਹੱਦ ਫ਼ਾਇਦੇਮੰਦ ਹਨ।
ਘੱਟ ਲੂਣ ਵਾਲੀ ਭੁੱਜੀ ਮੂੰਗਫ਼ਲੀ – ਮੂੰਗਫ਼ਲੀ ‘ਚ ਵਾਇਟਾਮਿਨ E ਅਤੇ B-6, ਫ਼ੋਲਿਕ ਐਸਿਡ, ਮੈਗਨੀਜ਼ੀਅਮ ਅਤੇ ਪੋਟੈਸ਼ੀਅਮ ਵਰਗੇ ਪੋਸ਼ਕ ਤੱਤਾਂ ਦੀ ਚੋਖੀ ਮਾਤਰਾ ਪਾਈ ਜਾਂਦੀ ਹੈ ਜੋ ਤੁਹਾਡੇ ਸ਼ਰੀਰ ਨੂੰ ਤੰਦਰੁਸਤ ਬਣਾਉਣ ‘ਚ ਮਦਦ ਕਰਦੀ ਹੈ। ਘੱਟ ਲੂਣ ‘ਚ ਭੁੱਜੀ ਹੋਈ ਮੂੰਗਫ਼ਲੀ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ‘ਚ ਕਰਨ ਦਾ ਕੰਮ ਕਰਦੀ ਹੈ।
ਸਪ੍ਰਾਊਟਸ ਹਨ ਪ੍ਰੋਟੀਨ ਦਾ ਭੰਡਾਰ – ਸ਼ਾਮ ਵੇਲੇ ਭੁੱਖ ਲੱਗਣ ‘ਤੇ ਸਪ੍ਰਾਊਟਸ ਦਾ ਸੇਵਨ ਤੁਹਾਨੂੰ ਲੰਮੇ ਸਮੇਂ ਤਕ ਸੰਤੁਸ਼ਟ ਰੱਖਣ ‘ਚ ਮਦਦ ਕਰਦਾ ਹੈ। ਸਵਾਦ ਲਈ ਤੁਸੀਂ ਇਸ ‘ਚ ਨਿੰਬੂ, ਪਿਆਜ਼, ਟਮਾਟਰ ਅਤੇ ਕਾਲੀ ਮਿਰਚ ਵੀ ਪਾ ਸਕਦੇ ਹੋ।
ਫ਼ਲ ਜਾਂ ਫ਼ਲਾਂ ਦਾ ਜੂਸ – ਸ਼ਾਮ ਦੇ ਸਮੇਂ ਜੇਕਰ ਤੁਹਾਨੂੰ ਚਾਹ ਜਾਂ ਕੌਫ਼ੀ ਪੀਣ ਦੀ ਤਲਬ ਲੱਗਦੀ ਹੈ ਤਾਂ ਤੁਸੀਂ ਇਸ ਦੀ ਬਜਾਏ ਕੁੱਝ ਹੈਲਦੀ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰ ਸਕਦੇ ਹੋ। ਤੁਸੀਂ ਭਾਵੇਂ ਬਾਹਰੋਂ ਫ਼ਲ ਖ਼ਰੀਦ ਲਵੋ ਜਾਂ ਫ਼ਿਰ ਤਾਜ਼ੇ ਫ਼ਲਾਂ ਦਾ ਰਸ ਪੀਓ। ਇਹ ਤੁਹਾਡੇ ਸ਼ਰੀਰ ‘ਚ ਫ਼ਿਰ ਤੋਂ ਊਰਜਾ ਦਾ ਸੰਚਾਰ ਕਰਨਗੇ ਅਤੇ ਤੁਹਾਨੂੰ ਜ਼ਰੂਰੀ ਪੋਸ਼ਕ ਤੱਤ ਵੀ ਪ੍ਰਦਾਨ ਕਰਨਗੇ। ਤੁਸੀਂ ਆਪਣਾ ਪਸੰਦੀਦਾ ਫ਼ਲ ਜਿਵੇਂ ਸੇਬ, ਕੇਲਾ ਜਾਂ ਫ਼ਿਰ ਅਨਾਰ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਕਿਸਮ ਦਾ ਸ਼ੇਕ ਵੀ ਪੀ ਸਕਦੇ ਹੋ।
ਸੂਰਜਵੰਸ਼ੀ










