ਮੇਹਟੀਆਣਾ -4 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨਰ ਵੱਲੋਂ ਕੀਤੀਆਂ ਹਦਾਇਤਾਂ ਮੁਤਾਬਕ ਜ਼ਿਲਾ ਪੁਲਸ ਮੁਖੀ ਹਰਚਰਨ ਸਿੰਘ ਭੁੱਲਰ ਤੇ ਡੀ. ਐੱਸ. ਪੀ. ਚੱਬੇਵਾਲ ਰਮਿੰਦਰ ਸਿੰਘ ਕਾਹਲੋਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਮੇਹਟੀਆਣਾ ਦੀ ਪੁਲਸ ਵੱਲੋਂ ਸਖ਼ਤੀ ਵਰਤਦਿਆਂ ਥਾਣਾ ਮੁਖੀ ਸਬ-ਇੰਸਪੈਕਟਰ ਅਮਰਜੀਤ ਸਿੰਘ ਦੀ ਅਗਵਾਈ ‘ਚ ਬੀਤੀ ਰਾਤ ਪਿੰਡ ਰਾਜਪੁਰ ਭਾਈਆਂ ਵਿਖੇ ਵਿਸ਼ੇਸ਼ ਨਾਕਾਬੰਦੀ ਦੌਰਾਨ ਸ਼ਰਾਬ ਨਾਲ ਲੱਦਿਆ ਟਰੱਕ ਨੰ. ਐੱਚ ਆਰ 44 ਜੇ-4797 ਪੁਲਸ ਵੱਲੋਂ ਕਾਬੂ ਕੀਤਾ ਗਿਆ। ਬੀਤੀ ਰਾਤ ਕਰੀਬ 2 ਵਜੇ ਸਮੇਤ ਚਾਲਕ ਸ਼ਰਾਬ ਦਾ ਲੱਦਿਆ ਟਰੱਕ ਥਾਣਾ ਮੇਹਟੀਆਣਾ ਵਿਖੇ ਲਿਆਂਦਾ ਗਿਆ, ਜਿਸ ਦੀ ਸੂਚਨਾ ਐਕਸਾਈਜ਼ ਵਿਭਾਗ ਨੂੰ ਦਿੱਤੀ ਗਈ। ਥਾਣਾ ਮੇਹਟੀਆਣਾ ਪੁਲਸ ਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਗੋਪਾਲ ਗੇਰਾ ਵੱਲੋਂ ਟਰੱਕ ਚਾਲਕ ਤੋਂ 2-3 ਘੰਟੇ ਕੀਤੀ ਪੁੱਛਗਿੱਛ ਤੇ ਸ਼ਰਾਬ ਸਬੰਧੀ ਕਾਗਜ਼ਾਤ ਦੀ ਪੁਸ਼ਟੀ ਕਰਨ ਪਿੱਛੋਂ ਇਹ ਪਾਇਆ ਗਿਆ ਕਿ ਇਸ ਟਰੱਕ ਵੱਲੋਂ ਪੰਜਾਬ ਦੇ ਠੇਕਿਆਂ ‘ਤੇ ਸ਼ਰਾਬ ਸਪਲਾਈ ਕੀਤੀ ਜਾ ਰਹੀ ਹੈ, ਜੋ ਕਿ ਮੋਹਾਲੀ ਤੋਂ ਕਾਨੂੰਨੀ ਤੌਰ ‘ਤੇ ਵੱਡੀ ਮਾਤਰਾ ‘ਚ ਉਠਾਈ ਜਾ ਰਹੀ ਹੈ।
ਭਾਵੇਂ ਸ਼ਰਾਬ ਦੇ ਭਰੇ ਟਰੱਕ ਨੂੰ ਚਾਲਕ ਸਮੇਤ ਰਿਲੀਜ਼ ਕਰ ਦਿੱਤਾ ਗਿਆ ਪਰ ਕੁਝ ਸਮੇਂ ਲਈ ਟਰੱਕ ਮਾਲਕ ਤੇ ਸ਼ਰਾਬ ਦੇ ਮਾਲਕ ਨੂੰ ਹੱਥਾਂ-ਪੈਰਾਂ ਦੀ ਪੈ ਗਈ ਸੀ। ਇਸ ਮੌਕੇ ਥਾਣਾ ਮੇਹਟੀਆਣਾ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਅਮਰਜੀਤ ਸਿੰਘ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।















