ਵੱਡਾ ਹਾਦਸਾ; ਤੀਰਥ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਖੱਡ ‘ਚ ਡਿੱਗੀ, 20 ਦੀ ਮੌਤ

ਜੰਮੂ- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਅੱਜ ਯਾਨੀ ਕਿ ਵੀਰਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰ ਗਿਆ। ਦਰਅਸਲ ਤੀਰਥ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਸੜਕ ਤੋਂ ਫਿਸਲ ਕੇ ਡੂੰਘੀ ਖੱਡ ‘ਚ ਡਿੱਗ ਗਈ। ਇਸ ਹਾਦਸੇ ਵਿਚ 20 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਤੀਰਥ ਯਾਤਰੀਆਂ ਨਾਲ ਭਰੀ ਬੱਸ ਉੱਤਰ ਪ੍ਰਦੇਸ਼ ਦੇ ਹਾਥਰਸ ਤੋਂ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਸਥਿਤ ਸ਼ਿਵ ਖੋੜੀ ਜਾ ਰਹੀ ਸੀ। ਬੱਸ ਕਰੀਬ 150 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ।
ਪੁਲਸ ਸੂਤਰਾਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਰਜਿਸਟਰਡ ਨੰਬਰ ਵਾਲੀ ਇਕ ਬੱਸ ਅੱਜ ਜੰਮੂ ਤੋਂ ਸ਼ਿਵ ਖੋੜੀ ਤੀਰਥ ਸਥਾਨ ਵੱਲ ਜਾ ਰਹੀ ਸੀ। ਬੱਸ ਜੰਮੂ-ਪੁੰਛ ਨੈਸ਼ਨਲ ਹਾਈਵੇਅ ‘ਤੇ ਚੌਕੀ ਚੌਰਾ-ਕਾਲੀਧਾਰ ਕੋਲ ਅਖਨੂਰ ਇਲਾਕੇ ਵਿਚ ਹਾਦਸੇ ਦੀ ਸ਼ਿਕਾਰ ਹੋ ਗਈ। ਉਨ੍ਹਾਂ ਦੱਸਿਆ ਕਿ ਡਰਾਈਵਰ ਵਾਹਨ ‘ਤੇ ਕੰਟਰੋਲ ਨਹੀਂ ਰੱਖ ਸਕਿਆ ਅਤੇ ਬੱਸ ਡੂੰਘੀ ਖੱਡ ‘ਚ ਡਿੱਗ ਗਈ।
ਸੂਚਨਾ ਮਿਲਦੇ ਹੀ ਪੁਲਸ, ਸਥਾਨਕ ਲੋਕਾਂ ਅਤੇ ਸਿਹਤ ਵਿਭਾਗ ਦੀ ਟੀਮ ਤੁਰੰਤ ਹਰਕਤ ਵਿਚ ਆਈ ਅਤੇ ਮੌਕੇ ‘ਤੇ ਪਹੁੰਚ ਕੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤਾ ਗਿਆ। ਹਾਦਸੇ ਮਗਰੋਂ ਮੌਕੇ ‘ਤੇ ਹਫੜਾ-ਦਫੜੀ ਅਤੇ ਲੋਕਾਂ ਦੀ ਚੀਕ-ਪੁਕਾਰ ਮਚ ਗਈ। ਸੂਤਰਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ 20 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਅਖਨੂਰ, ਚੌਕੀ ਚੌਰਾ ਅਤੇ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲਾਂ ਵਿਚ ਭੇਜਿਆ ਗਿਆ ਹੈ।