ਵਿਸ਼ਾਲ ਨਾਲ ਮੁੜ ਫ਼ਿਲਮ ਕਰੇਗੀ ਪ੍ਰਿਅੰਕਾ

ਅਦਾਕਾਰਾ ਪਿਅ੍ਰੰਕਾ ਚੋਪੜਾ ਇਸ ਵਕਤ ਬੌਲੀਵੁਡ ਇੰਡਸਟਰੀ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਹਿਲਾਂ ਤਾਂ ਪ੍ਰਿਅੰਕਾ ਇਸ ਕਾਰਨ ਚਰਚਾ ‘ਚ ਸੀ ਕਿ ਉਸ ਨੇ ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ਨੂੰ ਬਿਲਕੁਲ ਮੌਕੇ ‘ਤੇ ਆ ਕੇ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪ੍ਰਿਅੰਕਾ ਦੇ ਇਸ ਇਨਕਾਰ ਦੀ ਵਜ੍ਹਾ ਉਸ ਦਾ ਵਿਆਹ ਕਰਵਾਉਣਾ ਦੱਸੀ ਜਾ ਰਹੀ ਸੀ। ਬਾਅਦ ‘ਚ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਫ਼ਿਲਮ ਭਾਰਤ ਆਪਣੇ ਵਿਆਹ ਕਾਰਨ ਨਹੀਂ ਬਲਕਿ ਇੱਕ ਹੌਲੀਵੁਡ ਫ਼ਿਲਮ ਸਾਈਨ ਕਰ ਲੈਣ ਕਰ ਕੇ ਛੱਡੀ ਸੀ। ਇਸ ਫ਼ਿਲਮ ਤੋਂ ਬਾਅਦ ਚਰਚਾ ਚੱਲੀ ਕਿ ਪ੍ਰਿਅੰਕਾ ਨੇ ਬੌਲੀਵੁਡ ਦੇ ਮਸ਼ਹੂਰ ਨਿਰਮਾਤਾ ਅਤੇ ਨਿਰਦੇਸ਼ਕ ਸੰਜੈ ਲੀਲ੍ਹਾ ਭੰਸਾਲੀ ਦੀ ਫ਼ਿਲਮ ਨੂੰ ਵੀ ਜਵਾਬ ਦੇ ਦਿੱਤਾ ਹੈ। ਇਸ ਫ਼ਿਲਮ ਦਾ ਨਾਂ ਗੰਗੂਬਾਈ ਕੋਠੇਵਾਲੀ ਦੱਸਿਆ ਗਿਆ ਸੀ। ਹੁਣ ਪ੍ਰਿਅੰਕਾ ਨੂੰ ਲੈ ਕੇ ਇੱਕ ਹੋਰ ਜਾਣਕਾਰੀ ਸਾਹਮਣੇ ਆਈ ਹੈ ਕਿ ਉਸ ਨੇ ਇੱਕ ਹੋਰ ਨਵੀਂ ਬੌਲੀਵੁਡ ਫ਼ਿਲਮ ਸਾਈਨ ਕਰ ਲਈ ਹੈ। ਸੂਤਰਾਂ ਮੁਤਾਬਿਕ, ਸਾਤ ਖ਼ੂਨ ਮਾਫ਼ ਫ਼ਿਲਮ ‘ਚ ਪ੍ਰਿਅੰਕਾ ਚੋਪੜਾ ਨੇ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨਾਲ ਕੰਮ ਕੀਤਾ ਸੀ ਅਤੇ ਹੁਣ ਉਹ ਇੱਕ ਵਾਰ ਫ਼ਿਰ ਆਪਣੀ ਅਗਲੀ ਫ਼ਿਲਮ ‘ਚ ਵਿਸ਼ਾਲ ਦੇ ਨਿਰਦੇਸ਼ਨ ‘ਚ ਕੰਮ ਕਰਨ ਜਾ ਰਹੀ ਹੈ। ਇਹ ਫ਼ਿਲਮ ਇੱਕ ਕੌਮੇਡੀ ਨਾਵਲ ‘ਤੇ ਆਧਾਰਿਤ ਹੈ, ਅਤੇ ਇਸ ਦਾ ਨਾਂ ਰੱਖਣਾ ਅਜੇ ਬਾਕੀ ਹੈ। ਇਸ ਦੀ ਸ਼ੂਟਿੰਗ ਅਗਲੇ ਸਾਲ ਤੋਂ ਸ਼ੁਰੂ ਹੋਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ‘ਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪ੍ਰਿਅੰਕਾ ਚੋਪੜਾ ਨੂੰ ਫ਼ਿਲਮ ਭਾਰਤ ‘ਚ ਆਪਣਾ ਕਿਰਦਾਰ ਪਸੰਦ ਨਹੀਂ ਸੀ ਆਇਆ। ਇਸ ਲਈ ਉਸ ਨੇ ਇਸ ਫ਼ਿਲਮ ਨੂੰ ਇਨਕਾਰ ਕਰ ਦਿੱਤਾ ਸੀ। ਫ਼ਿਲਹਾਲ, ਪ੍ਰਿਅੰਕਾ ਚੋਪੜਾ ਹੁਣ ਮੁੜ ਕੁੱਝ ਦਿਨਾਂ ਲਈ ਵਾਪਿਸ ਅਮਰੀਕਾ ਚਲੀ ਗਈ ਹੈ।