ਰੀਮੇਕ ਫ਼ਿਲਮਾਂ ਕਰੇਗਾ ਵਰੁਣ

ਵਰੁਣ ਧਵਨ ਦੇ ਪਿਤਾ ਨਿਰਦੇਸ਼ਕ ਡੇਵਿਡ ਧਵਨ ਨੇ ’90 ਦੇ ਦਹਾਕਿਆਂ ‘ਚ ਨੰਬਰ-1 ਸੀਰੀਜ਼ ਵਾਲੀਆਂ ਕਈ ਫ਼ਿਲਮਾਂ ਬਣਾਈਆਂ ਸਨ। ਇਨ੍ਹਾਂ ‘ਚੋਂ ਹੀਰੋ ਨੰਬਰ-1, ਕੁਲੀ ਨੰਬਰ-1, ਅਤੇ ਬੀਵੀ ਨੰਬਰ-1 ਵਰਗੀਆਂ ਫ਼ਿਲਮਾਂ ਨੇ ਬੌਕਸ ਆਫ਼ਿਸ ‘ਤੇ ਚੰਗੀ ਧਮਾਲ ਮਚਾਈ ਸੀ। ਇਨ੍ਹਾਂ ਫ਼ਿਲਮਾਂ ‘ਚ ਜ਼ਿਆਦਾਤਰ ਬੌਲੀਵੁਡ ਦਾ ਕੌਮੇਡੀ ਹੀਰੋ ਗੋਵਿੰਦਾ ਹੀ ਨਜ਼ਰ ਆਇਆ ਸੀ। ਵੈਸੇ ਵੀ ਉਹ ਡੇਵਿਡ ਦਾ ਹਰਮਨ ਪਿਆਰਾ ਅਦਾਕਾਰ ਸੀ। ਹੁਣ ਜਾਣਕਾਰੀ ਮਿਲੀ ਹੈ ਕਿ ਡੇਵਿਡ ਇਸ ਸੀਰੀਜ਼ ਦੀਆਂ ਫ਼ਿਲਮਾਂ ਦਾ ਰੀਮੇਕ ਆਪਣੇ ਬੇਟੇ ਵਰੁਣ ਧਵਨ ਨੂੰ ਲੈ ਕੇ ਬਣਾਉਣਾ ਚਾਹੁੰਦਾ ਹੈ। ਕੁੱਝ ਫ਼ਿਲਮਾਂ ਦੀ ਸਕ੍ਰਿਪਟ ‘ਤੇ ਉਸ ਨੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਡੇਵਿਡ ਧਵਨ ਨੇ ਕੁੱਝ ਮਹੀਨੇ ਪਹਿਲਾਂ ਵਰੁਣ ਨੂੰ ਲੈ ਕੇ ਜੁੜਵਾ ਦੀ ਰੀਮੇਕ ਜੁੜਵਾ-2 ਫ਼ਿਲਮ ਬਣਾਈ ਸੀ ਜੋ ਪਰਦੇ ‘ਤੇ ਸੁਪਰਹਿੱਟ ਸਾਬਿਤ ਹੋਈ। ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਹੁਣ ਨਿਰਦੇਸ਼ਕ ਡੇਵਿਡ ਦਾ ਆਤਮ-ਵਿਸ਼ਵਾਸ ਹੋਰ ਵੀ ਵੱਧ ਗਿਆ ਹੈ। ਇਸੇ ਕਾਰਨ ਉਹ ਹੁਣ ਆਪਣੇ ਕੰਮ ‘ਚ ਹੋਰ ਤੇਜ਼ੀ ਲੈ ਕੇ ਆਉਣਾ ਚਾਹੁੰਦਾ ਹੈ। ਉਮੀਦ ਹੈ ਕਿ ਪਿਉ-ਪੁੱਤ ਦੀ ਇਹ ਜੋੜੀ ਪਰਦੇ ‘ਤੇ ਖ਼ੂਬ ਧਮਾਲ ਮਚਾਏਗੀ।