ਪੰਚਕੂਲਾ — ਰਾਮ ਰਹੀਮ ਅਤੇ ਪੰਚਕੂਲਾ ਹਿੰਸਾ ਨਾਲ ਜੁੜੇ ਲੋਕਾਂ ‘ਤੇ ਪੁਲਸ ਦਾ ਸ਼ਿਕੰਜਾ ਤੇਜ਼ ਹੁੰਦਾ ਜਾ ਰਿਹਾ ਹੈ। ਹਨੀਪ੍ਰੀਤ ਕੋਲੋਂ ਕੋਈ ਜਾਣਕਾਰੀ ਹਾਸਲ ਕਰਨ ‘ਚ ਅਸਮਰਥ ਪੰਚਕੂਲਾ ਪੁਲਸ ਹੁਣ ਵਿਪਾਸਨਾ ਇੰਸਾ ਨੂੰ ਸਰਕਾਰੀ ਗਵਾਹ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਪੁਲਸ ਵਿਪਾਸਨਾ ਨੂੰ ਪੁੱਛਗਿੱਛ ਲਈ 5 ਵਾਰ ਬੁਲਾ ਚੁੱਕੀ ਹੈ ਪਰ ਹਰ ਵਾਰ ਉਹ ਆਪਣੀ ਖਰਾਬ ਸਿਹਤ ਦਾ ਹਵਾਲਾ ਦੇ ਕੇ ਪੁੱਛਗਿੱਛ ਤੋਂ ਬਚਦੀ ਰਹੀ ਹੈ। ਹੁਣ ਪੁਲਸ ਵਿਪਾਸਨਾ ਤੋਂ ਸਖਤੀ ਨਾਲ ਪੁੱਛਗਿੱਛ ਕਰਨ ਦਾ ਮਨ ਬਣਾ ਚੁੱਕੀ ਹੈ। ਇਸ ਲਈ ਜਾਂ ਤਾਂ ਵਿਪਾਸਨਾ ਅੱਜ ਪੰਚਕੂਲਾ ਆਵੇਗੀ ਨਹੀਂ ਤਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸਿਰਸਾ ਜਾਵੇਗੀ। ਡੀ.ਜੀ.ਪੀ. ਬੀ.ਐੱਸ. ਸੰਧੂ ਨੇ ਕਿਹਾ ਹੈ ਕਿ ਵਿਪਾਸਨਾ ਤੋਂ ਉਮੀਦ ਹੈ ਕਿ ਉਹ ਸਹਿਯੋਗ ਕਰੇਗੀ। ਇਸ ਲਈ ਜੇਕਰ ਜ਼ਰੂਰਤ ਪਈ ਤਾਂ ਐੱਸ.ਆਈ.ਟੀ. ਸਿਰਸਾ ਜਾ ਕੇ ਪੁੱਛਗਿੱਛ ਕਰੇਗੀ। ਵਿਪਾਸਨਾ ਕੋਲੋਂ ਡੇਰਾ ਨਾਲ ਜੁੜੇ ਕਈ ਰਾਜ਼ ਪਤਾ ਲੱਗਣ ਦੀ ਸੰਭਾਵਨਾ ਹੈ।
ਪੁਲਸ ਹਨੀਪ੍ਰੀਤ ਤੋਂ ਬਾਅਦ ਵਿਪਾਸਨਾ ਨਾਲ ਪੁੱਛਗਿੱਛ ਕਰਕੇ ਸਾਰੇ ਰਾਜ਼ ਪਤਾ ਕਰਨਾ ਚਾਹੁੰਦੀ ਹੈ। ਹਨੀਪ੍ਰੀਤ ਤੋਂ ਬਾਅਦ ਵਿਪਾਸਨਾ ਹੀ ਹੈ ਜੋ ਕਿ ਡੇਰੇ ਨਾਲ ਜੁੜੇ ਸਾਰੇ ਰਾਜ਼ ਜਾਣਦੀ ਹੈ। ਪੁਲਸ ਵਿਪਾਸਨਾ ਤੋਂ 17 ਅਗਸਤ ਦੀ ਮੀਟਿੰਗ ਬਾਰੇ ਵੀ ਜਾਣਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਪੁਲਸ ਹਨੀਪ੍ਰੀਤ ਅਤੇ ਹੋਰਾਂ ਦੀ ਫੋਨ ਡਿਟੇਲ ਪਤਾ ਕਰਵਾਉਣ ਦੀ ਕੋਸ਼ਿਸ਼ ਕਰੇਗੀ। ਹਨੀਪ੍ਰੀਤ ਤੋਂ ਇਲਾਵਾ ਜ਼ਰੂਰਤ ਪੈਣ ‘ਤੇ ਵਿਪਾਸਨਾ ਦੀ ਕਾਲ ਡਿਟੇਲ ਵੀ ਕਢਵਾਈ ਜਾ ਸਕਦੀ ਹੈ। ਆਦਿੱਤਯ ਅਤੇ ਪਵਨ ਦੀ ਕਾਲ ਡਿਟੇਲ ‘ਚ ਪਤਾ ਲੱਗ ਗਿਆ ਹੈ ਕਿ ਉਹ ਸਿਰਸਾ ‘ਚ ਹੀ ਸਨ। ਹਨੀਪ੍ਰੀਤ, ਆਦਿੱਤਯ, ਗੋਪਾਲ,ਪਵਨ, ਰਾਮ ਰਹੀਮ ਦਾ ਪੀ.ਏ. ਰਾਕੇਸ਼ ਅਰੋੜਾ, ਐੱਮ.ਐੱਸ.ਜੀ. ਦਾ ਡਾਇਰੈਕਟਰ ਸੀ.ਪੀ. ਅਰੋੜਾ, ਗੋਬੀਰਾਮ, ਦਲਬੀਰ ਸਿੰਘ, ਖਰੈਤੀ ਲਾਲ, ਪਵਨ, ਦਾਨ ਸਿੰਘ, ਲਾਲ ਚੰਦ, ਦਰਬਾਰਾ ਸਿੰਘ, ਦਿਲਾਵਰ ਸਿੰਘ, ਚਮਕੌਰ ਦੀ ਡਿਟੇਲ ਚੈੱਕ ਕਰ ਲਈ ਗਈ ਹੈ।















