ਵਿਧਾਨ ਸਭਾ ‘ਚ ਭਾਰੀ ਹੰਗਾਮੇ ਵਿਚਾਲੇ ਸੁਖਪਾਲ ਖਹਿਰਾ ਆਪਣੇ ਬਿਆਨ ‘ਤੇ ਕਾਇਮ, ਕੀਤਾ ਨਵਾਂ ਟਵੀਟ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਅੱਜ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਦੀਆਂ ਔਰਤਾਂ ਦੀ ਗਿੱਧੇ ਪਾਉਣ ਵਾਲੀ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਭਾਰੀ ਹੰਗਾਮਾ ਹੋ ਰਿਹਾ ਹੈ। ਇਸ ਵਿਚਾਲੇ ਸੁਖਪਾਲ ਸਿੰਘ ਖਹਿਰਾ ਨੇ ਨਵਾਂ ਟਵੀਟ ਕਰਕੇ ਕਹਿ ਦਿੱਤਾ ਹੈ ਕਿ ਉਹ ਆਪਣੇ ਬਿਆਨ ‘ਤੇ ਕਾਇਮ ਹਨ। ਖਹਿਰਾ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਪੋਸਟ ‘ਚ ਇੱਕ ਯੂ-ਟਿਊਬਰ ਨੇ 1000 ਰੁਪਏ ਦੇ ਐਲਾਨ ‘ਤੇ ‘ਆਪ’ ਦੀਆਂ ਮਹਿਲਾ ਵਲੰਟੀਅਰਾਂ ਦੇ ਨੱਚਣ ਦੀ ਨੈਤਿਕਤਾ ‘ਤੇ ਸਵਾਲ ਚੁੱਕੇ ਸਨ, ਨੂੰ ਲੈ ਕੇ ਸਦਨ ‘ਚ ਰੌਲਾ ਪਾਇਆ ਗਿਆ।
ਨਾਚ ਨੂੰ ਦੱਸਿਆ ‘ਸਕ੍ਰਿੱਪਟਿਡ’ ਅਤੇ ਸਿਆਸੀ ਡਰਾਮਾ
ਖਹਿਰਾ ਨੇ ਦੋਸ਼ ਲਾਇਆ ਕਿ ਔਰਤਾਂ ਦਾ ਇਹ ਨਾਚ ਕੋਈ ਕੁਦਰਤੀ ਪ੍ਰਤੀਕਿਰਿਆ ਨਹੀਂ ਸੀ, ਸਗੋਂ ਆਮ ਆਦਮੀ ਪਾਰਟੀ ਵੱਲੋਂ ਤਿਆਰ ਕੀਤਾ ਗਿਆ ਇੱਕ ‘ਸਕ੍ਰਿੱਪਟਿਡ ਡਾਂਸ’ ਸੀ, ਜੋ ਕਿ ਸਿਰਫ ਇੱਕ ਡਰਾਮੇਬਾਜ਼ੀ ਹੈ। ਉਨ੍ਹਾਂ ਕਿਹਾ ਕਿ ਇਹ 1000 ਰੁਪਏ ਦੀ ਸਕੀਮ ਸਿਰਫ਼ ਵੋਟਾਂ ਲੈਣ ਲਈ ਇੱਕ ਸਟੰਟ ਹੈ। ਖਹਿਰਾ ਅਨੁਸਾਰ ਜੇਕਰ ਸਰਕਾਰ ਸੱਚਮੁੱਚ ਗੰਭੀਰ ਹੁੰਦੀ ਤਾਂ ਇਹ ਵਾਅਦਾ ਪਹਿਲੇ ਬਜਟ ‘ਚ ਪੂਰਾ ਕੀਤਾ ਜਾਣਾ ਚਾਹੀਦਾ ਸੀ, ਨਾ ਕਿ ਆਖ਼ਰੀ ਸਮੇਂ ਵਿੱਚ।
ਮਾਈ ਭਾਗੋ ਦੇ ਸਾਹਸ ਨਾਲ ਪੰਜਾਬੀ ਔਰਤਾਂ ਦੀ ਤੁਲਨਾ
ਆਪਣੇ ਬਿਆਨ ‘ਚ ਸੁਖਪਾਲ ਖਹਿਰਾ ਨੇ ਪੰਜਾਬ ਦੀਆਂ ਔਰਤਾਂ ਦੀ ਬਹਾਦਰੀ ਦੀ ਤੁਲਨਾ ਮਾਈ ਭਾਗੋ (ਮਾਤਾ ਭਾਗ ਕੌਰ) ਦੇ ਜਜ਼ਬੇ ਨਾਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਉਸ ਸਾਹਸ ਨੂੰ ਆਦਰਸ਼ ਮੰਨਦੀਆਂ ਹਨ, ਜੋ ਮਾਈ ਭਾਗੋ ਨੇ 1705 ‘ਚ ਮੁਕਤਸਰ ਦੀ ਜੰਗ ਦੌਰਾਨ ਮੁਗਲਾਂ ਵਿਰੁੱਧ ਲੜਦਿਆਂ ਦਿਖਾਇਆ ਸੀ। ਉਨ੍ਹਾਂ ਮੁਤਾਬਕ ਮਾਮੂਲੀ ਰਕਮ ਲਈ ਨੱਚਣਾ ਪੰਜਾਬ ਦੀਆਂ ਬਹਾਦਰ ਔਰਤਾਂ ਦੀ ਅਣਖ ਦੇ ਉਲਟ ਹੈ।
48,000 ਰੁਪਏ ਦੇ ਬਕਾਏ ਦੀ ਪੁਰਜ਼ੋਰ ਮੰਗ
ਕਾਂਗਰਸ ਪਾਰਟੀ ਵੱਲੋਂ ਖਹਿਰਾ ਨੇ ਮੰਗ ਕੀਤੀ ਕਿ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੀਆਂ ਔਰਤਾਂ ਨੂੰ ਪਿਛਲੇ ਚਾਰ ਸਾਲਾਂ ਦੇ ਬਕਾਏ ਵਜੋਂ 48,000 ਰੁਪਏ ਅਦਾ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਵਾਅਦਾ ਪੂਰਾ ਕਰਨ ‘ਚ ਬਹੁਤ ਦੇਰੀ ਕੀਤੀ ਹੈ, ਇਸ ਲਈ ਔਰਤਾਂ ਨੂੰ ਉਨ੍ਹਾਂ ਦਾ ਬਣਦਾ ਪੂਰਾ ਹੱਕ ਦਿੱਤਾ ਜਾਣਾ ਚਾਹੀਦਾ ਹੈ।