ਵਿਦੇਸ਼ ਵਿੱਚ ਗਲਗਲ

ਉਹ ਇੱਕ ਸਧਾਰਨ ਜਿਹਾ ਹੋਟਲ ਸੀ ਪਰ ਸਾਫ਼-ਸੁਥਰਾ, ਚਮਚਮਾਉਂਦਾ ਸੁੰਦਰਤਾ ਵਧਾ ਰਿਹਾ ਸੀ ਬਾਹਰਲਾ ਸਮੁੰਦਰ। ਅਜਿਹੀ ਖ਼ੂਬਸੂਰਤੀ ਬਾਰੇ ਮੈਂ ਬਚਪਨ ‘ਚ ਭੂਗੋਲ ਦੀਆਂ ਪੁਸਤਕਾਂ ‘ਚ ਪੜ੍ਹਿਆ ਸੀ। ਭੂ-ਮੱਧ ਸਾਗਰ, ਅਫ਼ਰੀਕਾ, ਯੂਰਪ, ਏਸ਼ੀਆ ਮਹਾਂਦੀਪ ਦੀਆਂ ਸੀਮਾਵਾਂ ਛੋਹ ਰਿਹਾ ਉਹ ਨਕਸ਼ੇ ‘ਚ ਕਿਸੇ ਤਲਾਅ ਵਾਂਗ ਜਾਪਦਾ ਜਿਸਦੇ ਅੰਦਰੂਨੀ ਕਿਨਾਰੇ ਅਜੀਬ ਜਿਹੇ ਦੇਸ਼ਾਂ ਦੀਆਂ ਸਰਹੱਦਾਂ ਵਿੱਚਕਾਰੋਂ ਲੰਘਦੇ ਸਨ। ਕਦੇ ਸੋਚਿਆ ਨਹੀਂ ਸੀ ਕਿ ਉਸੇ ਸਮੁੰਦਰ ਦੇ ਤਟ ਉੱਤੇ ਵਸੇ ਸ਼ਹਿਰ ਦੇ ਹੋਟਲ ‘ਚ ਇੱਕ ਦਿਨ ਆਉਣਾ ਪਵੇਗਾ। ਮਿਲਨਸਾਰ ਲੋਕ ਸਨ, ਉਹੋ ਜਿਹੇ ਗਾਲੜੀ ਜਿਵੇਂ ਪੇਂਡੂ ਘਰਾਂ ਦੇ ਲੋਕ ਹੋਣ। ਸੜਕ ‘ਤੇ ਕੋਈ ਨਿਕਲਿਆ ਨਹੀਂ ਕਿ ਉਸਦੀ ਟੋਪੀ ਤੋਂ ਅੰਦਾਜ਼ਾ ਲਗਾ ਲੈਂਦੇ ਕਿ ਜਾ ਰਿਹਾ ਬੰਦਾ ਬ੍ਰਾਹਮਣ ਹੈ ਜਾਂ ਬਾਣੀਆ। ਛੜੀ, ਸੋਟੀ ਜਾਂ ਖੂੰਡੀ ਵੇਖਦਿਆਂ ਹੀ ਖੱਤਰੀ ਜਾਂ ਲੁਹਾਰ ਹੋਣ ਦਾ ਵੀ ਸਹੀ ਅੰਦਾਜ਼ਾ ਲਗਾ ਲੈਂਦੇ ਸਾਂ। ਪੈਰੀਂ ਪੈਨਾ ਆਖ ਕੇ ਘੱਟ ਉਮਰ ਦੇ ਲੋਕ ਵੀ ਰਾਹ ਜਾਂਦੇ ਮਨੁੱਖ ਤੋਂ ਹੀ ਸਭ ਕੁਝ ਪੁੱਛ ਲੈਂਦੇ ਸਨ। ਗਾਲੜੀ ਹੋਣ ਦੀ ਇਹ ਆਦਤ ਇੱਥੇ ਆ ਕੇ ਮੈਂ ਇਸ ਲਈ ਭੁੱਲ ਗਿਆ ਸਾਂ ਕਿ ਲੋਕੀ ਆਪਣੀ ਭਾਸ਼ਾ ‘ਚ ਮੈਨੂੰ ਟੋਕਦੇ ਤਾਂ ਮੈਂ ਸਿਰ ਝੁਕਾ ਕੇ ਖਿਮਾ ਮੰਗਦਾ ਕਿ ਭਰਾ ਤੁਹਾਡੀ ਗੱਲ ਮੈਂ ਸਮਝ ਨਹੀਂ ਸਕਾਂਗਾ। ਹੋਟਲ ‘ਚ ਬਹੁਤੇ ਲੋਕ ਅੰਗਰੇਜ਼ੀਨੁਮਾ ਸਨ ਤੇ ਉਹ ਮੇਰੇ ਨਾਲ ਨਾ ਸਿਰਫ਼ ਦੇਸ਼ ਦੇ ਹਾਲ ਅਤੇ ਰਾਜਨੀਤੀ ਬਾਰੇ ਪੁੱਛ ਰਹੇ ਸਨ ਸਗੋਂ ਇੱਕ ਦੋ ਤਾਂ ਅਜਿਹੇ ਸਨ ਜੋ ਵੱਡੇ ਸੱਪਾਂ ਤੇ ਚਮਤਕਾਰੀ ਸਾਧਾਂ ਬਾਰੇ ਪੁੱਛ ਚੁੱਕੇ ਸਨ। ਦੁਪਹਿਰੇ ਲੰਚ ਵੇਲੇ ਮੈਂ ਆਪਣੀ ਸੀਟ ‘ਤੇ ਬੈਠਾ ਹੀ ਸਾਂ ਕਿ ਲੰਮੀ ਟੋਪੀ ਵਾਲਾ ਵੇਟਰ ਮੈਥੋਂ ਪੁੱਛ ਚੁੱਕਾ ਸੀ ਕਿ ਕੀ ਮੈਂ ਸ਼ਾਕਾਹਾਰੀ ਹਾਂ? ਤੇ ਮੈਂ ਉਸ ਨਾਲ ਮਜ਼ਾਕੀਆ ਰਿਸ਼ਤਾ ਗੰਢਦਿਆਂ ਕਹਿ ਚੁੱਕਾ ਸਾਂ ਕਿ ਜਿਹੜੀ ਗਾਂ ਹਿਮਾਚਲ ‘ਚ ਘਾਹ ਖਾਂਦੀ ਹੈ, ਉਹ ਈਥੋਪੀਆ ‘ਚ ਕੁਝ ਹੋਰ ਨਹੀਂ ਖਾਵੇਗੀ। ਖਿੜਖਿੜਾਉਂਦਾ ਉਹ ਚਲਿਆ ਗਿਆ ਤੇ ਮੈਂ ਆਪਣੀ ਗੱਲ ਦੂਜੇ ਤੀਕ ਪਹੁੰਚਾ ਦਿੱਤੀ ਹੈ। ਉਦੋਂ ਹੀ ਮੈਂ ਕਿਨਾਰੇ ਪਈ ਇੱਕ ਵੱਡੀ ਮੇਜ਼ ਵੱਲ ਵੇਖਿਆ। ਹਰ ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਉੱਥੇ ਵਧੀਆ ਢੰਗ ਨਾਲ ਸਜੀਆਂ ਸਨ। ‘ਡ੍ਰਿੰਕਸ’ ਦੇ ਵੱਡੇ ਵੱਡੇ ਟੂਟੀਆਂ ਵਾਲੇ ਡਰੰਮ ਵੀ ਕੋਨੇ ‘ਚ ਪਏ ਸਨ। ਉੱਥੇ ਹੀ ਮੈਂ ਗਲਗਲ ਵੇਖੇ ਹਨ ਮੋਟੇ, ਵੱਡੇ-ਵੱਡੇ ਨਿੰਬੂ ਠੀਕ ਉਹੋ ਜਿਹੇ ਜਿਵੇਂ ਦੇ ਮੈਂ ਆਪਣੇ ਦੇਸ਼ ‘ਚ ਵੇਖਦਾ ਸਾਂ। ਪਿੰਡ ‘ਚ ਵੀ ਇਹੋ ਜਿਹੇ ਗਲਗਲ ਵੇਖੇ ਸਨ। ਉਹੋ ਜਿਹੇ ਗੂੜ੍ਹੇ ਪੀਲੇ ਰੰਗ ਦੇ ਵੱਡੇ-ਵੱਡੇ ਪਰ ਇਹ ਸਾਡੇ ਦੇਸ਼ ‘ਚ ਮਿਲਦੇ ਗਲ਼ਗਲ਼ਾਂ ਤੋਂ ਵਧੇਰੇ ਮੋਟੇ ਤਕੜੇ ਸਨ। ਵੇਖ ਕੇ ਖ਼ੁਸ਼ੀ ਹੋਈ, ਆਪਣੇਆਪੇ ਨਾਲ ਭਰੀ ਖ਼ੁਸ਼ੀ। ਪਤਾ ਨਹੀਂ ਉਹ ਖ਼ੁਸ਼ੀ ਸੀ ਕਿਹੋ ਜਿਹੀ? ਜਿਵੇਂ ਕਿਸੇ ਨਵੀਂ ਥਾਂ ‘ਚ ਆਪਣੀ ਗਲੀ ਘਰ ਦੀ ਖ਼ੁਸ਼ਬੋ ਮਾਣਦੇ ਹਾਂ। ਉਸੇ ਤਰ੍ਹਾਂ ਹੈਰਾਨੀ ਨਾਲ ਵੇਖਣ ਲਈ ਮੈਂ ਮੇਜ਼ ਦੇ ਨੇੜੇ ਜਾ ਪੁੱਜਾ। ਉਨ੍ਹਾਂ ਨੂੰ ਹੱਥ ਲਾਉਣਾ ਚਾਹੁੰਦਾ ਸਾਂ ਪਰ ਬਿਨਾਂ ਪੁੱਛੇ ਕਿਵੇਂ ਛੂੰਹਦਾ। ਤਦੇ ਮੁਸਕਰਾਉਂਦਿਆਂ ਪੈਂਟਰੀ ‘ਚ ਕੰਮ ਕਰਨ ਵਾਲੇ ਇੱਕ ਬੰਦੇ ਨੇ ਮੈਨੂੰ ਕਿਹਾ, ”ਕੁਝ ਮੈਂ ਮਦਦ ਕਰ ਸਕਦਾਂ?” ਉਸ ‘ਚ ਗਰਮਜੋਸ਼ੀ ਸੀ। ”ਮਾਫ਼ ਕਰੋ, ਮੈਂ ਕਿਹਾ ਦਰਅਸਲ ਤੁਹਾਡੇ ਇਹ ਗਲਗਲ ਵੇਖ ਕੇ ਖਿੱਚਿਆ ਏਧਰ ਆ ਗਿਆ।” ਅੱਛਾ! ਉਸ ਬਨਾਉਟੀ ਹੈਰਾਨੀ ਪ੍ਰਗਟਾਈ। ਇਹ ਤੁਹਾਡੇ ਓਧਰ ਵੀ ਹੁੰਦੇ ਹਨ। ਸੋਚਦਾ ਸਾਂ ਕਿ ਇਹ ਵਸਤਾਂ ਮੇਰੇ ਵਾਂਗ ਸਿਰਫ਼ ਭੂ-ਮੱਧ ਸਾਗਰ ਦੇ ਖੇਤਰ ਦੀ ਹੀ ਉਪਜ ਹਨ। ਉਹ ਹੱਸ ਰਿਹਾ ਸੀ। ਹਾਂ, ਹੋ ਸਕਦੈ, ਪਤਾ ਨਹੀਂ ਕਿਉਂ ਮੈਂ ਹਕਲਾਅ ਰਿਹਾ ਸਾਂ ਪਰ ਇਹ ਗਲ਼ਗਲ਼…। ਉਹ ਮੈਥੋਂ ਵੱਧ ਗਾਲੜੀ ਸੀ। ਅਸੀਂ ਇਨ੍ਹਾਂ ਨੂੰ ਨਿੰਬੂ ਹੀ ਕਹਿੰਦੇ ਹਾਂ ਪਰ ਤੁਹਾਡੇ ਨਾਂ ਦੀ ਧੁਨੀ ਚੰਗੀ ਜਾਪਦੀ ਹੈ। ਇਹ ਜੈਤੂਨ ਤੋਂ ਵੀ ਵੱਧ ਮਹਿੰਗਾ ਹੈ। ਜਿਵੇਂ ਸਾਡੇ ਪਿੰਡ ਦੇ ਰੁੱਖ ਤੋਂ ਟੁੱਟੇ ਜਾਪਦੇ ਹਨ। ਅਰਥਾਤ ਤੁਹਾਡਾ ਪਿੰਡ ਤੇ ਸਾਡੇ ਖੇਤ, ਸਮੁੰਦਰੀ ਇਲਾਕੇ ਮਿਲਦੇ ਜੁਲਦੇ ਹਨ। ਮੁਸ਼ਕਿਲ ਇਹੀ ਹੈ ਕਿ ਇਸ ਫ਼ਲ ਦੀ ਕੀਮਤ ਇੱਥੇ ਅੱਸੀ ਰੁਪਏ ਹੈ। ਅੱਸੀ ਰੁਪਏ। ਕੀਮਤ ਸੁਣ ਕੇ ਹੈਰਾਨ ਤਾਂ ਹੋਣਾ ਹੀ ਸੀ ਤਾਂ ਵੀ ਮੈਂ ਹੱਸ ਕੇ ਕਿਹਾ, ‘ਤੁਸੀਂ ਮੇਰੇ ਪਿੰਡ ਆਓਗੇ ਤਾਂ ਹਰੇਕ ਘਰ ਦੇ ਲੋਕ ਤੁਹਾਨੂੰ ਸੁਗਾਤ ਵਜੋਂ ਸਿਰਫ਼ ਇੱਕ ਇੱਕ ਟੋਕਰੀ ਗਲ਼ਗਲ਼ ਦੇਣਾ ਆਪਣਾ ਸੁਭਾਗ ਸਮਝਣਗੇ।’ ਉਹ ਤਿੰਨ ਵਾਰ ਧਰਤੀ ਵੱਲ ਝੁਕਿਆ, ‘ਹੇ ਰੱਬਾ! ਅਜੇ ਅਜਿਹੇ ਪਿਆਰੇ ਲੋਕੀ ਧਰਤੀ ‘ਤੇ ਹਨ। ਇਹ ਧਰਤੀ ਕਾਇਮ ਰਹੇਗੀ। ਹੇ ਰੱਬਾ! ਸ਼ੁਕਰੀਆ। ਖੁਦਾ ਧੰਨਵਾ। ਰੋਟੀ ਦੀ ਮੇਜ਼ ‘ਤੇ ਮੇਰੇ ਹੋਰ ਸਾਥੀ ਆ ਚੁੱਕੇ ਸਨ। ਮੈਂ ਹਿੰਦੁਸਤਾਨੀ ਲਹਿਜੇ ‘ਚ ਉਸਦਾ ਸੁਆਗਤ ਕੀਤਾ। ਤਾਂ ਉਹ ਇਵੇਂ ਪ੍ਰਭਾਵਿਤ ਹੋਇਆ ਕਿ ਮੇਜ਼ ਤਕ ਮੇਰੇ ਪਿੱਛੇ ਪਿੱਛੇ ਚਲਿਆ ਆਇਆ। ਮੇਜ਼ ਦੁਆਲੇ ਫ਼ਿਲਸਤੀਨੀ, ਸੀਰੀਆਈ, ਮੰਗੋਲੀਆਈ ਦੋਸਤ ਬੈਠੇ ਸਨ। ਇਹ ਸਾਡੀ ਏਸ਼ੀਆਈਆਂ ਦੀ ਮੇਜ਼ ਸੀ। ਵੱਖ ਭਾਸ਼ਾ, ਵੱਖ ਵੱਖ ਚਿਹਰੇ ਖਾਣ-ਪੀਣ ‘ਚ ਵੰਨ ਸੁਵੰਨਤਾ ਵਾਲੇ ਵੱਖਰੇ ਸਭ ਲੋਕ ਜਿਸ ਸੰਮੇਲਨ ‘ਚ ਇੱਕੱਠੇ ਹੋਏ ਸਾਂ, ਉਸ ਬਾਰੇ ਕੀ ਦੱਸਾਂ ਜਿਸ ਗਾਲੜੀ ਦੇਸ਼ ‘ਚ ਅਸੀਂ ਪੁੱਜੇ ਸਾਂ ਉਸਦਾ ਭਾਵ ਸੀ ਕਿ ਇਹ ਸੰਮੇਲਨ ਵੀ ਬਸ ਗੱਲਾਂ ਤੇ ਸਿਰਫ਼ ਗੱਲਾਂ ਹੀ ਸਨ। ਖਾਣੇ ਦੀ ਮੇਜ਼ ਤੋਂ ਅਸੀਂ ਇਤਮੀਨਾਨ ਨਾਲ ਆਪਣੇ ਮੁਲਕਾਂ ਦੀਆਂ ਗੱਲਾਂ ਕਰ ਰਹੇ ਸਾਂ ਕਿ ਫ਼ਲਸਤੀਨੀ ਬੋਲਿਆ, ‘ਅਸੀਂ ਉੱਖੜੇ ਹੋਏ ਲੋਕ ਹਾਂ, ਨਹੀਂ-ਨਹੀਂ ਉੱਜੜੇ ਹੋਏ। ਮੰਗੋਲੀਅਨ ਨੇ ਕਿਹਾ, ‘ਕਦੇ ਤੁਸੀਂ ਸਰਦੀਆਂ ‘ਚ ਇਧਰ ਆਓ ਤੇ ਬਰਫ਼ ਨਾਲ ਲੱਦੇ ਢਕੇ ਉਸ ਘਰ ਨੂੰ ਵੇਖੋ ਜਿਸ ਅੰਦਰ ਕਈ ਜੀਅ ਕਈ ਮਹੀਨਿਆਂ ਤੋਂ ਅੰਦਰ ਹੀ ਢਕੇ ਰਹਿੰਦੇ ਹਨ। ਘਰ ਹੋ ਨਾ ਹੋ ਪਰ ਅਜਿਹੇ ਘਰ ਵੀ ਕਿਸ ਕੰਮ ਦੇ।’ ਗੱਲਾਂ ਦਾ ਸਿਰਾ ਰਾਜਨੀਤੀ ਵੱਲ ਪੁੱਜਣ ਵਾਲਾ ਸੀ ਕਿ ਮੈਂ ਚੌਕੰਨਾ ਹੋ ਗਿਆ। ਸੀਰੀਆ ਜਾਂ ਫ਼ਲਸਤੀਨੀ ਠਿਕਾਣੇ ਤੋਂ ਗੋਲੀਬਾਰੀ ਲਈ ਯੂਰਪ, ਭੂ-ਮੱਧ ਸਾਗਰ ਜਾਂ ਆਸ ਪਾਸ ਦੇ ਲੋਕ ਹੀ ਤਾਂ ਜ਼ਿੰਮੇਵਾਰ ਨੇ। ਗੱਲਾਂ ‘ਚ ਕੜਵਾਹਟ ਨਾ ਉਭਰ ਆਵੇ ਮੈਂ ਗੱਲ ਬਦਲਣ ਦੀ ਨੀਅਤ ਨਾਲ ਸੋਚਿਆ ਕਿ ਹਿੰਦੁਸਤਾਨ ਦੇ ਸੱਪਾਂ, ਹਾਥੀਆਂ ਸਾਧਾਂ, ਯੋਗੀਆਂ, ਵੱਖਵਾਦੀਆਂ ਦਾ ਕੋਈ ਰੋਲ ਹੈ। ਇੰਨੇ ਨੂੰ ਇੱਕ ਸੁੰਦਰੀ ਸੋਹਣੀ ਮੁਟਿਆਰ ਹੱਥਾਂ ‘ਚ ਭਾਰੀ ਲਿਫ਼ਾਫ਼ਾ ਲਈ ਮੇਰੇ ਵੱਲ ਚਲੀ ਆਈ। ਆਸ ਹੈ ਤੁਸੀਂ ਮੈਨੂੰ ਓਬਲਾਈਜ਼ ਕਰੋਗੇ। ਉਹ ਬੜੀ ਮਿੱਠੀ ਸਾਹਿਤਕ ਅੰਗਰੇਜ਼ੀ ‘ਚ ਬੋਲੀ ਠੀਕ ਉਹੋ ਜਿਹੀ ਭਾਸ਼ਾ ‘ਚ ਜਿਸ ਵਿੱਚ ਮੇਰੇ ਮੁਲਕ ‘ਤੇ ਰਾਜ ਕਰਨ ਵਾਲੇ ਬੋਲਦੇ ਹਨ। ਜਾਦੂ ਜਿਹੇ ਲਹਿਜੇ ‘ਚ ਉਹ ਸਾਡੀ ਪੇਂਡੂ ਸੱਭਿਅਤਾ ਨੂੰ ਖਿਮਾਂ ਕਰਕੇ ਇਸ ਉੱਤੇ ਤਰਸ ਖਾਂਦੇ ਹਨ। ਦਇਆ ਵਾਲੀ ਉਨ੍ਹਾਂ ਦੀ ਭਾਸ਼ਾ ਤੋਂ ਨਹੀਂ, ਉਸ ਖਿੱਚਪਾਊ ਸ਼ਕਲ ਸੂਰਤ ਨੇ ਮੈਨੂੰ ਕੀਲ ਲਿਆ ਸੀ। ਅਸੀਂ ਸਾਰੇ ਹੀ ਏਸ਼ੀਆਈ ਕਲੂਟੇ-ਬੀਲੇ, ਕਣਕਭਿੰਨੇ ਰੰਗ ਵਾਲੇ ਲੋਕ ਗੋਰੇ ਰੰਗ ਵੱਲ ਖਿੱਚੇ ਜਾਂਦੇ ਹਾਂ। ਇਸ ‘ਚ ਭਲਾ ਨਵੀਂ ਗੱਲ ਕਿਹੜੀ ਸੀ। ਹੁਕਮ ਕਰੋ ਮੈਂ ਗੁਲਾਮੀ ਦੇ ਦਿਨੀਂ ਸਿੱਖੀ ਹੋਈ ਆਪਣੇ ਪੁਰਖਿਆਂ ਦੀ ਭਾਸ਼ਾ ‘ਚ ਕਿਹਾ। ਅਸਲ ‘ਚ ਤੁਸੀਂ ਭੂ-ਮੱਧ ਸਾਗਰ ਦੇ ਨਿੰਬੂਆਂ ਦੀ ਤਾਰੀਫ਼ ਕਰ ਕੇ ਸਾਡੇ ਫ਼ਲ ਉਤਪਾਦਕਾਂ, ਦੇਸ਼ ਅਤੇ ਸਾਡੇ ਉਪ ਮਹਾਂਦੀਪ ਦੀ ਮਹਿਮਾ ਦਰਸਾਈ ਹੈ। ਇਹ ਸਾਡੇ ਲਈ ਮਾਣਮੱਤਾ ਪਲ ਹੈ। ਮੈਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਇਹ ਨਿੰਬੂਆਂ ਦਾ ਭਰਿਆ ਥੈਲਾ ਭੇਟਾ ਕਰਨਾ ਚਾਹੁੰਦੀ ਹਾਂ। ਅਸਮਾਨ ‘ਚ ਉੱਡਦੇ ਜਹਾਜ਼ ‘ਚੋਂ ਜਿਵੇਂ ਮੈਂ ਧੜਾਮ ਦੇ ਕੇ ਹੇਠ ਆ ਡਿੱਗਾ। ਵੀਹ ਕਿੱਲੋ ਗਲਗਲ ਵਾਲਾ ਉਹ ਕੱਟਾ, ਭਾਰੀ ਥੈਲਾ ਕੀ ਮੈਂ ਆਪਣੀ ਪਤਨੀ ਨੂੰ ਵੇਖਾ ਸਕਾਂਗਾ? ਪਤਨੀ ਵਿਦੇਸ਼ੀ ਤੋਹਫ਼ੇ ਦੀ ਆਸ ‘ਚ ਹੋਵੇਗੀ। ਬੱਚੇ ਬਿਜਲੀ ਨਾਲ ਚੱਲਣ ਵਾਲੇ ਖਿਡੌਣਿਆਂ ਵਾਸਤੇ ਉਡੀਕ ਕਰਦੇ ਹੋਣਗੇ। ਪਰ ਆਪਣੇ ਭਾਵ ਛਪਾਉਂਦਿਆਂ ਮੈਂ ਉਸਨੂੰ ਉਸਦਾ ਧੰਨਵਾਦ ਕਰ ਕੇ ਨਿੰਬੂ ਵਾਲਾ ਥੈਲਾ ਰਖਵਾ ਲਿਆ। ਥੈਲੇ ਦੇ ਨਾਲ ਜੋ ਇਹ ਔਰਤ ਮੇਰੇ ਨਾਲ ਚੱਲਦੀ ਤਾਂ ਮੈਂ ਥੈਲਾ ਲੈ ਸਕਦਾ ਸਾਂ। ਸੀਰੀਆਈ ਬੋਲਿਆ,’ਮੇਰੀ ਘਰਵਾਲੀ ਹੁਣ ਤਕ ਗਿਆਰਾਂ ਬਾਲ ਪੈਦਾ ਕਰਕੇ ਬੁੱਢੀ ਹੋ ਗਈ ਹੈ। ਆਪਣਾ ਤਰਸਯੋਗ ਭਾਵ ਲਿਆ ਕੇ ਮੈਂ ਪ੍ਰਪੋਜ਼ਲ ਰੱਖੀ, ਯਾਰੋ ਇੱਕ ਇੱਕ ਗਲਗਲ ਆਪਣੀਆਂ ਪ੍ਰੇਮਿਕਾਵਾਂ ਲਈ ਹੀ ਲੈ ਜਾਓ ਤਾਂ ਮੇਰਾ ਭਾਰ ਕੁਝ ਹੌਲਾ ਹੋ ਜਾਵੇਗਾ। ‘ਓਏ ਤੇਰੇ ਦੀ! ਜਿਵੇਂ ਸਾਰਿਆਂ ਨੇ ਕਿਹਾ। ਇਹ ਗਲ਼ਗਲ਼ ਹਰ ਥਾਂ ਹੁੰਦੀ ਹੈ। ਲੱਲੂ! ਇਨ੍ਹਾਂ ਨੂੰ ਛਿੱਲ ਕੇ ਇਨ੍ਹਾਂ ਦਾ ਰਸ ਤੁਹਾਡੇ ਜ਼ਖ਼ਮੀ ਦਿਲ ਉੱਤੇ ਰੱਖ ਦੇਣ ਸਾਡੀਆਂ ਪ੍ਰੇਮਿਕਾਵਾਂ। ਮੰਗੋਲੀਅਨ ਆਪਣੀ ਬੌਧਿਕ ਹਾਸੀ ਹੱਸ ਰਿਹਾ ਸੀ ਕਿ ਮੈਂ ਨਿਰਵਾਣ ਵੱਲ ਜਾ ਨਿਕਲਿਆ ਸਾਂ। ਸਾਰੀ ਕਾਨਫ਼ਰੰਸ ‘ਚ ਮੈਂ ਆਪਣੀ ਅਕਲ ਦੇ ਘੋੜੇ ਦੜਾਉਂਦਾ ਰਿਹਾ। ਸ਼ਹਿਰ ‘ਚ ਜਿੱਥੇ ਵੀ ਘੁੰਮਣ ਨਿਕਲਦਾ ਸੋਚਦਾ ਕੋਈ ਮਿਲ ਜਾਵੇ ਤਾਂ ਮੈਂ ਉਸ ਨੂੰ ਭਾਰਤੀ ਸੁਗਾਤ ਵਜੋਂ ਗਲ਼ਗਲ਼ ਪੇਸ਼ ਕਰਾਂ, ਸਫ਼ਾਈ ਤੇ ਸੰਪੰਨਤਾ ਦੇ ਉਸ ਨਕਲੀ ਮਾਹੌਲ ‘ਚ ਮੈਨੂੰ ਜਦੋਂ ਜਿਪਸੀ ਨਜ਼ਰ ਆਏ ਤਾਂ ਮੈਂ ਉਨ੍ਹਾਂ ਨੂੰ ਕਿਹਾ, ‘ਭਈ, ਤੁਸੀਂ ਮੈਥੋਂ ਮੁਫ਼ਤ ‘ਚ ਗਲਗਲ ਲੈ ਜਾਓ ਤੇ ਪੰਜ ਦਸ ਡਾਲਰਾਂ ‘ਚ ਇਨ੍ਹਾਂ ਨੂੰ ਵੇਖਕੇ ਵੇਚ ਲਓ। ‘ਚੁੱਪ-ਚੁੱਪ!’ ਉਨ੍ਹਾਂ ਚੋਂ ਇੱਕ ਬੋਲਿਆ, ਇਨ੍ਹਾਂ ਗਲ਼ਗਲ਼ਾਂ ਕਾਰਨ ਤਾਂ ਅਸੀਂ ਆਪਣੀ ਮੂਲ ਧਰਤ ਤੋਂ ਭੱਜੇ ਤੇ ਅਜੇ ਕਿਤੇ ਟਿਕ ਨਹੀਂ ਸਕੇ। ਉਹ ਗਲਗਲਾਂ ਨਾ ਮੈਂ ਹੋਟਲ ‘ਚ ਛੱਡ ਸਕਦਾ ਸਾਂ ਨਾ ਸਮੁੰਦਰ ‘ਚ ਹੀ ਸੁੱਟ ਸਕਦਾ ਸਾਂ। ਹਰ ਥਾਂ ਭੀੜ ਜੁ ਸੀ। ਅੰਤ ਮੈਂ ਟਾਪੂ ਦੇ ਇੱਕ ਪ੍ਰੋਫ਼ੈਸਰ ਨੂੰ ਪਟਾ ਲਿਆ। ਉਸ ਨੇ ਇਸ ਗੱਲ ‘ਤੇ ਖ਼ੁਸ਼ੀ ਪ੍ਰਗਟਾਈ ਕਿ ਗਲ਼ਗਲ਼ ‘ਚ ਵਿਟਾਮਿਨ ਸੀ ਹੈ, ਸੁਗਾਤ ਮੈਥੋਂ ਸਵੀਕਾਰ ਲਈ। ਉਸ ਸ਼ਾਨਦਾਰ ਦੇਸ਼ ਦੇ ਸ਼ਹਿਰ ‘ਚੋਂ ਜਦ ਅਸੀਂ ਪਰਤ ਰਹੇ ਸਾਂ ਤਾਂ ਹੋਟਲ ਦੇ ਬੂਹੇ ‘ਤੇ ਹੀ ਮੈਨੂੰ ਉਹੋ ਔਰਤ, ਸੁੰਦਰੀ ਮਿਲ ਗਈ। ਉਸ ਦੇ ਹੱਥ ‘ਚ ਉਹੋ ਪਾਲਥੀਨ ਦਾ ਸੁਹਣਾ ਜਿਹਾ ਥੈਲਾ ਸੀ। ਮੈਨੂੰ ਵੇਖ ਕੇ ਉਹ ਮੁਸਕਰਾ ਪਈ, ਆਇਰਲੈਂਡ ਦੇ ਮਹਿਮਾਨ ਨੇ ਮੈਨੂੰ ਇਹ ਨਿੰਬੂ ਇਹੋ ਕਹਿ ਕੇ ਦਿੱਤੇ ਹਨ ਕਿ ਉਹ ਛੇਤੀ ਹੀ ਇਸ ਦੇਸ਼ ‘ਚ ਆਵੇਗਾ ਅਤੇ ਮੈਨੂੰ ਨਾਲੇ ਨਿੰਬੂਆਂ ਨੂੰ ਵੀ ਨਾਲ ਹੀ ਉਸ ਸੋਹਣੇ ਉੱਤਰੀ ਧਰੁਵ ਵਾਲੇ ਦੇਸ਼ਾਂ ‘ਚ ਲੈ ਜਾਵੇਗਾ ਜਿੱਥੇ ਚਿੱਟੇ ਖੰਭਾਂ ਵਾਲੇ ਕਾਂ ਹੁੰਦੇ ਹਨ। ਆਇਰਲੈਂਡ ਦੀ ਥਾਂ ਮੈਂ ਐਵਰੈਸਟ ਦੀ ਚੋਟੀ ਤੋਂ ਹੇਠ ਡਿੱਗਦੇ ਗਲ਼ਗਲ਼ ਵੇਖੇ… ਉਹ ਵਾਦੀਆਂ ਵੱਲ ਲਟਕਦੇ ਆ ਰਹੇ ਸਨ ਤੇ ਮੈਂ ਉਨ੍ਹਾਂ ਤੋਂ ਬਚਾਅ ਵਿੱਚ ਏਧਰ ਓਧਰ ਝਾਕ ਰਿਹਾ ਸਾਂ।
ੂਗੰਗਾ ਪ੍ਰਸਾਦ ਵਿਮਲ