ਵਿਗਿਆਨੀਆਂ ਨੂੰ ਵੱਡੀ ਸਫਲਤਾ! ਇਬੋਲਾ ਵਾਇਰਸ ਦੇ ਖ਼ਾਤਮੇ ਲਈ ਰੂਸ ਨੇ ਬਣਾਈ ਵੈਕਸੀਨ

ਕੇਪ ਟਾਊਨ: ਦੁਨੀਆ ਭਰ ਵਿੱਚ ਦਹਿਸ਼ਤ ਦਾ ਕਾਰਨ ਬਣੇ ਭਿਆਨਕ ਇਬੋਲਾ ਵਾਇਰਸ ਵਿਰੁੱਧ ਰੂਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਰੂਸੀ ਵਿਗਿਆਨੀਆਂ ਨੇ ਇਬੋਲਾ ਦੇ ਨਵੇਂ ਸਟ੍ਰੇਨ ਵਿਰੁੱਧ ਇੱਕ ਪ੍ਰਭਾਵਸ਼ਾਲੀ ਵੈਕਸੀਨ (ਟੀਕਾ) ਵਿਕਸਿਤ ਕਰ ਲਈ ਹੈ। ਇਹ ਵੈਕਸੀਨ ਖ਼ਾਸ ਤੌਰ ‘ਤੇ ਅਫਰੀਕੀ ਦੇਸ਼ ‘ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ’ (DRC) ਵਿੱਚ ਫੈਲੇ ਨਵੇਂ ਪ੍ਰਕੋਪ ਨਾਲ ਲੜਨ ਵਿੱਚ ਮਦਦਗਾਰ ਸਾਬਤ ਹੋਵੇਗੀ।
ਰੂਸ ਦੇ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਇਸ ਇਤਿਹਾਸਕ ਪ੍ਰਾਪਤੀ ਦਾ ਐਲਾਨ ਕੀਤਾ ਹੈ। ਦੱਖਣੀ ਅਫ਼ਰੀਕਾ ਵਿੱਚ ਰੂਸੀ ਦੂਤਾਵਾਸ ਅਨੁਸਾਰ ਇਹ ਵੈਕਸੀਨ ਦੁਰਲੱਭ ‘ਬੁੰਡੀਬੁਗਿਓ’ ਸਟ੍ਰੇਨ ਤੋਂ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ, ਜਿਸ ਦਾ ਫਿਲਹਾਲ ਦੁਨੀਆ ਵਿੱਚ ਕੋਈ ਪ੍ਰਵਾਨਿਤ ਟੀਕਾ ਜਾਂ ਵਿਸ਼ੇਸ਼ ਇਲਾਜ ਮੌਜੂਦ ਨਹੀਂ ਸੀ।
ਵਿਸ਼ਵ ਸਿਹਤ ਸੰਗਠਨ (WHO) ਅਨੁਸਾਰ ਕਾਂਗੋ ਵਿੱਚ ਇਬੋਲਾ ਦਾ ਇਹ ਕਹਿਰ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਤੱਕ ਦੇ ਅੰਕੜੇ ਬਹੁਤ ਡਰਾਉਣੇ ਹਨ। ਲਗਭਗ 900 ਤੋਂ ਵੱਧ ਸ਼ੱਕੀ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤੱਕ 220 ਸ਼ੱਕੀ ਮੌਤਾਂ ਦੀ ਖ਼ਬਰ ਹੈ, ਜਦੋਂ ਕਿ 10 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਬੀਮਾਰੀ ਗੁਆਂਢੀ ਦੇਸ਼ ਯੂਗਾਂਡਾ ਵਿੱਚ ਵੀ ਫੈਲ ਗਈ ਹੈ, ਜਿੱਥੇ 5 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਇਬੋਲਾ ਇੱਕ ਬਹੁਤ ਹੀ ਖ਼ਤਰਨਾਕ ਅਤੇ ਅਕਸਰ ਜਾਨਲੇਵਾ ਬੀਮਾਰੀ ਹੈ। ਇਹ ਜੰਗਲੀ ਜਾਨਵਰਾਂ (ਜਿਵੇਂ ਕਿ ਚਮਗਿੱਦੜ ਅਤੇ ਬਾਂਦਰ) ਤੋਂ ਇਨਸਾਨਾਂ ਵਿੱਚ ਫੈਲਦੀ ਹੈ ਅਤੇ ਫਿਰ ਸੰਕਰਮਿਤ ਵਿਅਕਤੀ ਦੇ ਖ਼ੂਨ ਜਾਂ ਸਰੀਰਕ ਤਰਲ ਪਦਾਰਥਾਂ ਰਾਹੀਂ ਦੂਜੇ ਲੋਕਾਂ ਵਿੱਚ ਫੈਲਦੀ ਹੈ। ਪਿਛਲੇ ਅੰਕੜਿਆਂ ਅਨੁਸਾਰ ਇਸ ਬੀਮਾਰੀ ਵਿੱਚ ਮੌਤ ਦਰ 25 ਫੀਸਦੀ ਤੋਂ 90 ਫੀਸਦੀ ਤੱਕ ਰਹੀ ਹੈ, ਜਿਸ ਦਾ ਔਸਤਨ ਅੰਕੜਾ 50 ਫੀਸਦੀ ਦੇ ਕਰੀਬ ਹੈ। WHO ਨੇ 17 ਮਈ ਨੂੰ ਇਸ ਆਊਟਬ੍ਰੇਕ ਨੂੰ ‘ਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ’ ਐਲਾਨ ਦਿੱਤਾ ਸੀ। ਅਜਿਹੇ ਸਮੇਂ ਵਿੱਚ ਰੂਸ ਵੱਲੋਂ ਬਣਾਈ ਗਈ ਇਹ ਵੈਕਸੀਨ ਦੁਨੀਆ ਭਰ ਦੇ ਸਿਹਤ ਮਾਹਿਰਾਂ ਲਈ ਇੱਕ ਵੱਡੀ ਉਮੀਦ ਦੀ ਕਿਰਨ ਬਣ ਕੇ ਆਈ ਹੈ।