ਵਾਲਾਂ ‘ਚ ਕੰਡੀਸ਼ਨਰ ਦਾ ਕੰਮ ਕਰਦੇ ਹਨ ਪਿਆਜ਼ ਦੇ ਛਿਲਕੇ

ਪਿਆਜ਼ ਦੀ ਵਰਤੋਂ ਲਗਭਗ ਹਰੇਕ ਘਰ ‘ਚ ਹੁੰਦੀ ਹੈ। ਪਿਆਜ਼ ਖਾਣ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ। ਲੋਕ ਪਿਆਜ਼ ਨੂੰ ਛਿੱਲਣ ਤੋਂ ਬਾਅਦ ਇਸ ਦੀਆਂ ਛਿੱਲੜਾਂ ਨੂੰ ਸੁੱਟ ਦਿੰਦੇ ਹਨ। ਪਿਆਜ਼ ਦੇ ਇਨ੍ਹਾਂ ਛਿਲਕਿਆਂ ਦਾ ਇਸਤੇਮਾਲ ਸਿਹਤ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤਾ ਜਾ ਸਕਦਾ ਹੈ। ਛਿਲਕਿਆਂ ‘ਚ ਸਿਹਤ ਅਤੇ ਸੁੰਦਰਤਾ ਦੇ ਕਈ ਰਾਜ਼ ਛੁੱਪੇ ਹੋਏ ਹਨ ਜਿਨ੍ਹਾਂ ਬਾਰੇ ਪੱਤਾ ਲੱਗਣ ‘ਤੇ ਤੁਸੀਂ ਇਨ੍ਹਾਂ ਨੂੰ ਸੁੱਟਣਾ ਭੁੱਲ ਜਾਓਗੇ।
ਮੱਛਰ ਅਤੇ ਕੀੜੇ-ਮਕੌੜਿਆਂ ਤੋਂ ਮਿਲੇਗਾ ਛੁਟਕਾਰਾ – ਘਰ ‘ਚ ਕੀੜੇ-ਮਕੌੜਿਆਂ ਅਤੇ ਮੱਛਰਾਂ ਤੋਂ ਰਾਹਤ ਪਾਉਣ ਲਈ ਪਿਆਜ਼ ਦੇ ਛਿਲਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਪਿਆਜ਼ ਦੇ ਛਿਲਕਿਆਂ ਨੂੰ ਪੂਰੀ ਰਾਤ ਪਾਣੀ ‘ਚ ਭਿਓਂ ਕੇ ਰੱਖੋ। ਸਵੇਰੇ ਇਨ੍ਹਾਂ ਛਿਲਕਿਆਂ ਨੂੰ ਦਰਵਾਜ਼ੇ ਅਤੇ ਖਿੜਕੀਆਂ ਦੇ ਕੋਲ ਰੱਖ ਦਿਓ। ਇਨ੍ਹਾਂ ਦੀ ਤਿੱਖੀ ਗੰਧ ਨਾਲ ਮੱਛਰ ਅਤੇ ਕੀੜੇ-ਮਕੌੜੇ ਘਰ ‘ਚ ਨਹੀਂ ਆਉਣਗੇ।
ਕੈਂਸਰ ਕੋਸ਼ਿਕਾਵਾਂ ਲਈ ਫ਼ਾਇਦੇਮੰਦ – ਪਿਆਜ਼ ਦੇ ਛਿਲਕਿਆਂ ‘ਚ ਐਂਟੀ ਇਨਫ਼ਲੇਮੈਟਰੀ ਗੁਣ ਹੁੰਦੇ ਹਨ। ਇਸ ‘ਚ ਪਾਇਆ ਜਾਣ ਵਾਲਾ ਕਵੇਰਸੇਟਿਨ ਨਾਂ ਦਾ ਐਂਜ਼ਾਈਮ ਕੈਂਸਰ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦਾ ਹੈ। ਤੁਸੀਂ ਪਿਆਜ਼ ਦੇ ਛਿਲਕਿਆਂ ਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ। ਇਸ ਚਾਹ ਨੂੰ ਰੋਜ਼ਾਨਾ ਸੌਂਣ ਤੋਂ ਪਹਿਲਾਂ ਪੀਓ।
ਮਾੜੇ ਕੋਲੇਸਟਰੋਲ ਨੂੰ ਘਟਾਉਣ ‘ਚ ਮਦਦਗਾਰ – ਜੇ ਤੁਸੀਂ ਮਾੜੇ ਕੋਲੈਸਟਰੋਲ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਪਿਆਜ਼ ਦੇ ਛਿਲਕਿਆਂ ਨੂੰ ਰਾਤ ਨੂੰ ਪਾਣੀ ‘ਚ ਭਿਓਂ ਦਿਓ। ਇਸ ਪਾਣੀ ਨੂੰ ਸਵੇਰੇ ਖ਼ਾਲੀ ਪੇਟ ਪੀਓ। ਪਾਣੀ ਪੀਣ ਨੂੰ ਭਾਵੇਂ ਸਵਾਦ ਨਾ ਲੱਗੇ ਪਰ ਇਹ ਪਾਣੀ ਸਿਹਤ ਲਈ ਬਹੁਤ ਵਧੀਆ ਹੈ। ਜੇਕਰ ਤੁਸੀਂ ਇਸ ਪਾਣੀ ਦੇ ਸੁਆਦ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਇਸ ‘ਚ ਸ਼ਹਿਦ ਜਾਂ ਚੀਨੀ ਮਿਲਾ ਕੇ ਪੀ ਸਕਦੇ ਹੋ।
ਚਮੜੀ ਦੀ ਸਮੱਸਿਆ ਤੋਂ ਛੁਟਕਾਰਾ – ਜੇਕਰ ਤੁਹਾਨੂੰ ਚਮੜੀ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੈ ਤਾਂ ਪਿਆਜ਼ ਦੇ ਛਿਲਕੇ ਨੂੰ ਰਾਤ ਭਰ ਪਾਣੀ ‘ਚ ਭਿਓਂ ਦਿਓ। ਇਸ ਪਾਣੀ ਨਾਲ ਆਪਣੀ ਚਮੜੀ ਨੂੰ ਹਰ ਰੋਜ਼ ਸਾਫ਼ ਕਰੋ। ਇਸ ਨਾਲ ਤੁਹਾਨੂੰ ਚਮੜੀ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
ਵਾਲਾਂ ਦੀ ਸੁੰਦਰਤਾ ਲਈ ਫ਼ਾਇਦੇਮੰਦ – ਜੇ ਤੁਸੀਂ ਆਪਣੇ ਵਾਲਾਂ ਨੂੰ ਚਮਕਦਾਰ ਰੱਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਤੁਹਾਨੂੰ ਕੰਡੀਸ਼ਨਰ ਲਗਾਉਣ ਦੀ ਜ਼ਰੂਰਤ ਨਹੀਂ। ਇਸ ਲਈ ਤੁਸੀਂ ਪਿਆਜ਼ ਦੇ ਛਿਲਕੇ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੇ ਵਾਲ ਸੌਫ਼ਟ ਅਤੇ ਚਮਕਦਾਰ ਬਣਾਏਗਾ।
ਚਿਹਰੇ ਦੇ ਦਾਗ਼-ਧੱਬੇ ਦੂਰ ਕਰੇ – ਜੇ ਤੁਸੀਂ ਆਪਣੇ ਚਿਹਰੇ ਦੇ ਦਾਬ-ਧੱਬਿਆਂ ਤੋਂ ਪਰੇਸ਼ਾਨ ਹੋ ਤਾਂ ਇਸ ਲਈ ਤੁਸੀਂ ਪਿਆਜ਼ ਦੇ ਰਸਭਰੇ ਛਿਲਕੇ ਦਾ ਇਸਤੇਮਾਲ ਕਰੋ। ਪਿਆਜ਼ ਦੇ ਛਿਲਕੇ ‘ਚ ਥੋੜ੍ਹੀ ਜਿਹੀ ਹਲਦੀ ਲਗਾਓ ਤੇ ਇਸ ਨੂੰ ਦਾਗ਼ਾਂ ਵਾਲੀ ਥਾਂ ‘ਤੇ ਲਾਓ। ਇਹ ਤੁਹਾਡੇ ਚਿਹਰੇ ਦੇ ਦਾਗ਼-ਧੱਬਿਆਂ ਨੂੰ ਬਹੁਤ ਜਲਦੀ ਸਾਫ਼ ਕਰ ਦੇਵੇਗਾ।
ਕੰਬੋਜ