ਵਰੁਣ ਧਵਨ ਦਾ ਕਹਿਣੈ ਕਿ ਆਲੀਆ ਨੂੰ ਆਪਣੀ ਫ਼ੀਸ ਹੁਣ ਵਧਾ ਦੇਣੀ ਚਾਹੀਦੀ ਐ!

ਅਦਾਕਾਰ ਵਰੁਣ ਧਵਨ ਦਾ ਕਹਿਣਾ ਹੈ ਕਿ ਆਲੀਆ ਭੱਟ ਹੁਣ ਕੋਈ ਆਮ ਅਦਾਕਾਰਾ ਨਹੀਂ ਰਹੀ, ਇਸ ਲਈ ਉਸ ਨੂੰ ਆਪਣੀ ਫ਼ੀਸ ਵਧਾ ਦੇਣੀ ਚਾਹੀਦੀ ਹੈ …
ਫ਼ਿਲਮ ਅਭਿਨੇਤਾ ਵਰੁਣ ਧਵਨ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਅਦਾਕਾਰਾ ਆਲੀਆ ਭੱਟ ਨੂੰ ਆਪਣੀ ਫ਼ੀਸ ਵਧਾਉਣ ਦੀ ਸਲਾਹ ਉਹ ਕਾਫ਼ੀ ਸਮੇਂ ਤੋਂ ਦਿੰਦਾ ਆ ਰਿਹਾ ਹੈ। ਵਰੁਣ ਨੇ ਕਿਹਾ ਕਿ ਆਲੀਆ ਭੱਟ ਹੁਣ ਇੱਕ ਵੱਡੀ ਅਭਿਨੇਤਰੀ ਬਣ ਚੁੱਕੀ ਹੈ। ਇਸ ਗੱਲ ਨੂੰ ਸਮਝਣ ਲਈ ਪੂਰੀ ਫ਼ਿਲਮ ਇੰਡਸਟਰੀ ਨੂੰ ਫ਼ਿਲਮ ਰਾਜ਼ੀ ਦੇ ਹਿੱਟ ਹੋਣ ਤਕ ਦਾ ਸਮਾਂ ਕਿਉਂ ਲੱਗਾ? ਇਸ ਫ਼ਿਲਮ ਤੋਂ ਪਹਿਲਾਂ ਵੀ ਭਾਵੇਂ ਬਦਰੀਨਾਥ ਕੀ ਦੁਲਹਨੀਆ, ਹੰਮਟੀ ਸ਼ਰਮਾ ਕੀ ਦੁਲਹਨੀਆ ਜਾਂ ਫ਼ਿਰ 2 ਸਟੇਟਸ ਹੋਵੇ, ਇਹ ਸਾਰੀਆਂ ਫ਼ਿਲਮਾਂ ਸੁਪਰਹਿੱਟ ਰਹੀਆਂ ਹਨ ਅਤੇ ਮੈਨੂੰ ਲਗਦਾ ਹੈ ਆਲੀਆ ਦਾ ਵੀ ਇਨ੍ਹਾਂ ਫ਼ਿਲਮਾਂ ਦੀ ਸਫ਼ਲਤਾ ‘ਚ ਓਨਾ ਹੀ ਯੋਗਦਾਨ ਰਿਹਾ ਹੈ ਜਿੰਨਾ ਕਿ ਮੇਰੇ ਅਤੇ ਅਰਜੁਨ ਕਪੂਰ ਦਾ ਸੀ। ਵਰੁਣ ਨੇ ਕਿਹਾ ਕਿ ‘ਮੈਂ ਹਮੇਸ਼ਾ ਹੀ ਆਲੀਆ ਭੱਟ ਨੂੰ ਪੁੱਛਦਾ ਰਿਹਾਂ ਕਿ ਤੂੰ ਅਜਿਹਾ ਕਿਉਂ ਕਰ ਰਹੀ ਹੈਂ? ਤੂੰ ਇੰਨੇ ਘੱਟ ਪੈਸੇ ਕਿਉਂ ਲੈ ਰਹੀ ਹੈਂ? ਤੂੰ ਮੂਰਖ਼ ਹੈਂ? ਆਪਣੀ ਫ਼ੀਸ ਜ਼ਿਆਦਾ ਕਰ। ‘ਫ਼ਿਲਮ ਇੰਡਸਟਰੀ ‘ਚ ਮਰਦ- ਔਰਤ ਦੇ ਆਧਾਰ ‘ਤੇ ਫ਼ੀਸ ਦੇਣ ਦੇ ਮਾਮਲੇ ‘ਚ ਕੀਤੇ ਜਾਂਦੇ ਵਿਤਕਰੇ ਬਾਰੇ ਸਵਾਲ ਪੁੱਛੇ ਜਾਣ ‘ਤੇ ਵਰੁਣ ਨੇ ਇਹ ਸਭ ਕੁੱਝ ਕਿਹਾ।
ਜ਼ਿਕਰਯੋਗ ਹੈ ਕਿ ਵਰੁਣ ਤੇ ਆਲੀਆ ਜਲਦੀ ਹੀ ਕਰਨ ਜੌਹਰ ਦੀ ਫ਼ਿਲਮ ਕਲੰਕ” ਚ ਮੁੜ ਇੱਕੱਠੇ ਕੰਮ ਕਰਨ ਜਾ ਰਹੇ ਹਨ। ਇਹ ਇੱਕ ਮਲਟੀਸਟਾਰਰ ਫ਼ਿਲਮ ਹੈ ਜਿਸ ਵਿੱਚ ਉਨ੍ਹਾਂ ਦੋਹਾਂ ਤੋਂ ਇਲਾਵਾ ਮਾਧੁਰੀ ਦੀਕਸ਼ਿਤ, ਸੰਜੇ ਦੱਤ, ਸੋਨਾਕਸ਼ੀ ਸਿਨਹਾ, ਆਦਿ ਸਿਤਾਰੇ ਅਹਿਮ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ‘ਚ ਮਾਧੁਰੀ ਅਤੇ ਆਲੀਆ ਇੱਕ ਗੀਤ ‘ਚ ਕੱਥਕ ਕਰਦੀਆਂ ਵੀ ਨਜ਼ਰ ਆਉਣਗੀਆਂ। ਇਸ ਗੀਤ ਲਈ ਆਲੀਆ ਭੱਟ ਨੇ ਖ਼ਾਸ ਤੌਰ ‘ਤੇ ਕੱਥਕ ਨ੍ਰਿਤ ਲਈ ਸਿਖਲਾਈ ਲਈ।