ਉਹ ਖ਼ੁਦ ਨੂੰ ਮੰਨਦੈ ਇੱਕ ਔਸਤ ਐਕਟਰ
ਬਾਲੀਵੁੱਡ ਦਾ ਰੌਕਸਟਾਰ ਰਣਬੀਰ ਕਪੂਰ ਖ਼ੂਦ ਨੂੰ ਇੱਕ ਔਸਤ ਐਕਟਰ ਮੰਨਦਾ ਹੈ। ਇਸ ਸਾਲ, ਰਣਬੀਰ ਕਪੂਰ ਦੀ ਫ਼ਿਲਮ ਸੰਜੂ ਰਿਲੀਜ਼ ਹੋਈ ਹੈ। ਇਹ ਫ਼ਿਲਮ ਅਦਾਕਾਰ ਸੰਜੇ ਦੱਤ ਦੀ ਨਿੱਜੀ ਅਤੇ ਫ਼ਿਲਮੀ ਜ਼ਿੰਦਗੀ ‘ਤੇ ਆਧਾਰਿਤ ਸੀ ਜਿਸ ਵਿੱਚ ਸੰਜੈ ਦਾ ਕਿਰਦਾਰ ਰਣਬੀਰ ਨੇ ਬਾਖ਼ੂਬੀ ਨਿਭਾਇਆ। ਫ਼ਿਲਮ ‘ਚ ਰਣਬੀਰ ਦੀ ਅਦਾਕਾਰੀ ਦੀ ਨਾ ਕੇਵਲ ਦਰਸ਼ਕਾਂ ਨੇ ਬਲਕਿ ਫ਼ਿਲਮ ਆਲੋਚਕਾਂ ਨੇ ਵੀ ਤਰੀਫ਼ ਕੀਤੀ। ਰਣਬੀਰ ਦਾ ਕਹਿਣਾ ਹੈ ਕਿ ਉਹ ਖ਼ੁਦ ਨੂੰ ਨਾ ਤਾਂ ਜ਼ਿਆਦਾ ਮਹੱਤਵ ਦਿੰਦਾ ਹੈ ਅਤੇ ਨਾ ਹੀ ਗੰਭੀਰਤਾ ਨਾਲ ਲੈਂਦਾ ਹੈ। ਰਣਬੀਰ ਨੇ ਕਿਹਾ ਕਿ ਉਸ ਦੀ ਨਜ਼ਰਾਂ ‘ਚ ਉਹ ਇੱਕ ਔਸਤ ਐਕਟਰ ਹੈ ਅਤੇ ਔਸਤ ਤੋਂ ਵੀ ਹੇਠਾਂ ਦਾ ਇਨਸਾਨ, ਜਿਸ ਨੂੰ ਚੰਗੇ ਮੌਕੇ ਮਿਲਦੇ ਰਹੇ ਹਨ। ਇਸ ਨਾਲ ਹੀ ਉਸ ਨੂੰ ਖ਼ੁਦ ‘ਤੇ ਵਿਸ਼ਵਾਸ਼ ਹੈ ਕਿ ਉਹ ਚੰਗਾ ਕੰਮ ਕਰ ਸਕਦੈ, ਅਤੇ ਇਹੀ ਉਸ ਦੀ ਸਫ਼ਲਤਾ ਦਾ ਰਾਜ਼ ਹੈ। ਰਣਬੀਰ ਅੱਜਕੱਲ੍ਹ ਅਯਾਨ ਮੁਖਰਜੀ ਦੀ ਫ਼ਿਲਮ ਬ੍ਰਹਮਾਸਤਰ ਲਈ ਕੰਮ ਕਰ ਰਿਹਾ ਹੈ। ਇਸ ਫ਼ਿਲਮ ‘ਚ ਉਸ ਨਾਲ ਆਲੀਆ ਭੱਟ, ਅਮਿਤਾਭ ਬੱਚਨ, ਮੌਨੀ ਰਾਏ, ਆਦਿ ਸਿਤਾਰੇ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਵੈਸੇ ਰਣਬੀਰ ਅਭਿਨੇਤਰੀ ਆਲੀਆ ਭੱਟ ਨਾਲ ਨਿੱਜੀ ਰਿਸ਼ਤਿਆਂ ਨੂੰ ਲੈ ਕੇ ਵੀ ਕਾਫ਼ੀ ਚਰਚਾ ‘ਚ ਚੱਲ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਦੋਵੇਂ ਸਿਤਾਰੇ ਜਲਦੀ ਹੀ ਵਿਆਹ ਕਰਵਾ ਸਕਦੇ ਹਨ। ਦੂਜੇ ਪਾਸੇ, ਕੁੱਝ ਦਿਨ ਪਹਿਲਾ੬ ਆਲੀਆ ਭੱਟ ਦਾ ਬਿਆਨ ਆਇਆ ਸੀ ਕਿ ਅਜੇ ਉਸ ਦਾ ਵਿਆਹ ਕਰਨ ਦਾ ਕੋਈ ਵਿਚਾਰ ਨਹੀਂ।











