ਵਰਕ ਪਲੇਸ ‘ਤੇ ਜੰਕ ਫ਼ੂਡ ਨੂੰ ਕਹੋ ਨਾਂਹ, ਫ਼ਾਸਟ ਫ਼ੂਡ ਨੂੰ ਕਹੋ ਹਾਂ

ਇੱਕ ਨਵੇਂ ਅਧਿਐਨ ‘ਚ ਸੰਕੇਤ ਮਿਲਿਆ ਹੈ ਕਿ ਜੋ ਕਰਮਚਾਰੀ ਵਰਕ ਪਲੇਸ ਵਿੱਚ ਗ਼ੈਰ ਸਿਹਤਮੰਦ ਭੋਜਨ ਖਾਂਦੇ ਹਨ ਉਨ੍ਹਾਂ ਵਿੱਚ ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵੱਧ ਹੁੰਦਾ ਹੈ। ਮਾਹਿਰਾਂ ਦੀ ਸਲਾਹ ਹੈ ਕਿ ਵਰਕ ਪਲੇਸ ‘ਤੇ ਜੰਕ ਫ਼ੂਡ ਦੀ ਥਾਂ ਫ਼ਾਸਟ ਫ਼ੂਡ ਨੂੰ ਤਰਜੀਹ ਦਿਓ। ਗ਼ੈਰ ਸਿਹਤਮੰਦ ਭੋਜਨ ਦੇ ਬਦਲ ਵੀ ਸਮੇਂ ਦੇ ਨਾਲ ਮੋਟਾਪੇ ਦਾ ਕਾਰਨ ਬਣ ਸਕਦੇ ਹਨ। ਇਸ ਤੱਥ ‘ਤੇ ਜਾਗਰੂਕਤਾ ਵਧਾਉਣ ਦੀ ਲੋੜ ਹੈ ਕਿ ਜੀਵਨਸ਼ੈਲੀ ਨਾਲ ਜੁੜੀਆਂ ਬੀਮਾਰੀਆਂ ਕਾਰਨ ਵਰਕ ਪਲੇਸ ‘ਚ ਗ਼ੈਰ ਹਾਜ਼ਰੀ, ਘੱਟ ਉਤਪਾਦਕਤਾ ਦੀਆਂ ਸ਼ਿਕਾਇਤਾਂ ਝੱਲਣੀਆਂ ਪੈ ਸਕਦੀਆਂ ਹਨ। ਹਾਰਟ ਕੇਅਰ ਫ਼ਾਊਂਡੇਸ਼ਨ ਔਫ਼ ਇੰਡੀਆ ਦੇ ਪ੍ਰਧਾਨ ਪਦਮਸ਼੍ਰੀ ਡਾ. ਕੇ. ਕੇ. ਅਗਰਵਾਲ ਦਾ ਕਹਿਣਾ ਹੈ ਕਿ ਜੰਕ ਫ਼ੂਡ ਖਾਣ ਨਾਲ ਵੱਧ ਫ਼ੈਟ ਇਕੱਠੀ ਹੁੰਦੀ ਹੈ, ਇਸ ਨਾਲ ਇਨਸੁਲਿਨ ਪ੍ਰਤੀਰੋਧ ਹੋ ਸਕਦਾ ਹੈ।
ਇਸ ਦਾ ਇੱਕ ਪ੍ਰਮੁੱਖ ਕਾਰਨ ਲੋਕਾਂ ਦੀ ਅੱਜ ਦੀ ਜੀਵਨਸ਼ੈਲੀ ਹੈ। ਦੌੜਦੇ-ਭੱਜਦੇ ਅਤੇ ਤੇਜ਼ ਰਫ਼ਤਾਰ ਜੀਵਨ ਕਾਰਨ ਅਕਸਰ ਲੋਕ ਸਵੇਰੇ ਨਾਸ਼ਤਾ ਨਹੀਂ ਕਰਦੇ ਅਤੇ ਦਿਨ ਦੇ ਬਾਕੀ ਸਮੇਂ ਗ਼ੈਰ ਸਿਹਤਮੰਦ ਅਤੇ ਫ਼ਟਾਫ਼ਟ ਵਾਲਾ ਭੋਜਨ ਖਾਂਦੇ ਹਨ। ਉਨ੍ਹਾਂ ਕਿਹਾ ਕਿ ਕੰਮ ਦੌਰਾਨ ਜੰਕ ਫ਼ੂਡ (ਟ੍ਰਾਂਸ ਫ਼ੈਟ ਵਾਲੀ ਰਿਫ਼ਾਈਨਡ ਕਾਰਬਨਜ਼) ਦੀ ਥਾਂ ਫ਼ਾਸਟ ਫ਼ੂਡ (ਫ਼ਲ, ਦੁੱਧ, ਦਹੀਂ, ਸਲਾਦ, ਡ੍ਰਾਈਫ਼ਰੂਟਸ, ਸੱਤੂ, ਨਿੰਬੂ ਪਾਣੀ, ਗੰਨੇ ਦਾ ਰਸ ਜਾਂ ਸ਼ਹਿਦ) ਲੈਣਾ ਚਾਹੀਦਾ ਹੈ। ਲੋਕਾਂ ਨੂੰ ਕੈਫ਼ੇਟੇਰੀਆ ਜਾਂ ਵਰਕਪਲੇਸ ‘ਚ ਫ਼ਲ ਅਤੇ ਸਬਜ਼ੀਆਂ ਸਟੌਕ ਕਰਨਾ, ਮਠਿਆਈ ਦੀ ਥਾਂ ਫ਼ਲ ‘ਤੇ ਵੱਧ ਜ਼ੋਰ ਦੇਣਾ ਚਾਹੀਦਾ ਹੈ। ਡਾ. ਅਗਰਵਾਲ ਨੇ ਕਿਹਾ ਕਿ ਕਿਸੇ ਨੂੰ ਵੀ ਲੋੜ ਤੋਂ ਵੱਧ ਭੋਜਨ ਨਹੀਂ ਕਰਨਾ ਚਾਹੀਦਾ। ਟੇਸਟ ਬਡਜ਼ ਸਿਰਫ਼ ਜੀਭ ਦੇ ਸਿਰੇ ਅਤੇ ਕਿਨਾਰੇ ‘ਤੇ ਹੁੰਦੇ ਹਨ। ਜੇ ਤੁਸੀਂ ਛੇਤੀ-ਛੇਤੀ ਭੋਜਨ ਖਾਂਦੇ ਹੋ ਤਾਂ ਦਿਮਾਗ਼ ਨੂੰ ਸੰਕੇਤ ਨਹੀਂ ਮਿਲਣਗੇ ਕਿ ਤੁਸੀਂ ਖਾਣਾ ਖਾ ਕੇ ਸੰਤੁਸ਼ਟ ਹੋ ਚੁੱਕੇ ਹੋ। ਖਾਣਾ ਹੌਲੀ-ਹੌਲੀ ਖਾਣ ਨਾਲ ਦਿਮਾਗ਼ ਨੂੰ ਸੰਕੇਤ ਮਿਲਦਾ ਹੈ ਜਦੋਂ ਪੇਟ 100 ਫ਼ੀਸਦੀ ਭਰਿਆ ਹੁੰਦਾ ਹੈ। ਇਸ ਤਰ੍ਹਾਂ ਕੋਈ ਕਿੰਨਾ ਖਾ ਸਕਦਾ ਹੈ, ਇਹ ਤੁਹਾਡੇ ਦਿਮਾਗ਼ ‘ਤੇ ਨਿਰਭਰ ਕਰਦਾ ਹੈ।
ਡਾ. ਅਗਰਵਾਲ ਦੇ ਕੁੱਝ ਸੁਝਾਅ
ਘੱਟ ਖਾਓ ਅਤੇ ਹੌਲੀ-ਹੌਲੀ ਖਾ ਕੇ ਆਪਣੇ ਭੋਜਨ ਦਾ ਆਨੰਦ ਮਾਣੋ; ਆਪਣੀ ਅੱਧੀ ਥਾਲੀ ਫ਼ਲ ਅਤੇ ਸਬਜ਼ੀਆਂ ਨਾਲ ਭਰੋ; ਤੁਹਾਡੀ ਥਾਲੀ ‘ਚ ਘੱਟ ਤੋਂ ਘੱਟ ਅੱਧਾ ਅਨਾਜ ਸਾਬਤ ਹੋਣਾ ਚਾਹੀਦਾ ਹੈ; ਟ੍ਰਾਂਸ ਫ਼ੈਟ ਅਤੇ ਚੀਨੀ ਦੀ ਵੱਧ ਮਾਤਰਾ ਵਾਲੀਆਂ ਚੀਜ਼ਾਂ ਨਾ ਖਾਓ; ਸਿਹਤਮੰਦ ਫ਼ੈਟ ਚੁਣੋ; ਫ਼ੈਟ ਰਹਿਤ ਜਾਂ ਘੱਟ ਫ਼ੈਟ ਵਾਲਾ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਵਰਤੋਂ ਕਰੋ; ਖ਼ੂਬ ਪਾਣੀ ਪੀਓ, ਜ਼ਿਆਦਾ ਮਿੱਠੇ ਵਾਲੇ ਤਰਲ ਪਦਾਰਥ ਪੀਣ ਤੋਂ ਬਚੋ।
ਸੂਰਜਵੰਸ਼ੀ