ਨਵੀਂ ਦਿੱਲੀ : ਵਨ ਰੈਂਕ ਵਨ ਪੈਨਸ਼ਨ ਦੀ ਮੰਗ ਨੂੰ ਲੈ ਕੇ ਅੱਜ ਸਾਬਕਾ ਫੌਜੀ ਰਾਮਕਿਸ਼ਨ ਗਰੇਵਾਲ ਨੇ ਨਵੀਂ ਦਿੱਲੀ ਵਿਚ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਸਾਬਕਾ ਫੌਜੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਾਮਕਿਸ਼ਨ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੂੰ ਮਿਲਣ ਲਈ ਜਾ ਰਹੇ ਸਨ, ਤਦ ਅਚਾਨਕ ਰਸਤੇ ਵਿਚ ਹੀ ਉਹਨਾਂ ਨੇ ਜ਼ਹਿਰ ਖਾ ਲਿਆ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੇ ਜੰਤਰ-ਮੰਤਰ ‘ਤੇ ਆਪਣੇ ਸਾਥੀਆਂ ਨਾਲ ਧਰਨਾ ਦੇ ਰਹੇ ਸਨ।
ਦੂਸਰੇ ਪਾਸੇ ਜਿਥੇ ਰਾਮਕਿਸ਼ਨ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ ਸੀ, ਉਥੇ ਪਹੁੰਚੇ ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆ ਅਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।
ਜ਼ਿਕਰਯੋਗ ਹੈ ਕਿ ਪਿਛਲੇ 40 ਸਾਲ ਤੋਂ ਸੈਨਿਕ ਵਨ ਰੈਂਕ ਵਨ ਪੈਨਸ਼ਨ ਦੀ ਮੰਗ ਕਰ ਰਹੇ ਹਨ। ਹਾਲਾਂਕਿ ਕੇਂਦਰ ਸਰਕਾਰ ਵਨ ਰੈਂਕ ਵਨ ਪੈਨਸ਼ਨ ਸਕੀਮ ਲਾਗੂ ਕਰ ਚੁੱਕੀ, ਪਰ ਕੁਝ ਸੈਨਿਕ ਇਸ ਤੋਂ ਹਾਲੇ ਵੀ ਸੰਤੁਸ਼ਟ ਨਹੀਂ ਹਨ।















