ਵਨ ਡੇਜ਼ ‘ਚ 100 ਵਿਕਟਾਂ ਲੈਣ ਮਗਰੋਂ ਚਾਹਲ ਨੇ ਕਿਹਾ, ਗੁਗਲੀ ਹੈ ਮੇਰਾ ਮਜ਼ਬੂਤ ਹਥਿਆਰ

ਅਹਿਮਦਾਬਾਦ – ਭਾਰਤੀ ਲੈੱਗ ਸਪਿਨਰ ਯੁਜ਼ਵੇਂਦਰ ਚਾਹਲ ਨੇ ਐਤਵਾਰ ਨੂੰ ਇੱਥੇ ਵੈੱਸਟ ਇੰਡੀਜ਼ ਖ਼ਿਲਾਫ਼ ਪਹਿਲੇ ਵਨ ਡੇ ਮੈਚ ‘ਚ 100ਵਾਂ ਵਨ ਡੇ ਵਿਕਟ ਲੈਣ ਦੀ ਉਪਲਬਧੀ ਹਾਸਿਲ ਕਰਨ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨਾਲ ਇੱਕ ਇੰਟਰਵਿਊ ‘ਚ ਕਿਹਾ ਕਿ ਉਸ ਨੇ ਸਾਈਡ ਆਰਮ ਗੇਂਦਬਾਜ਼ੀ ‘ਤੇ ਕੰਮ ਕੀਤਾ ਹੈ ਅਤੇ ਗੁਗਲੀ ਗੇਂਦ ਉਸ ਦਾ ਸਭ ਤੋਂ ਮਜ਼ਬੂਤ ??ਹਥਿਆਰ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਟਵਿਟਰ ‘ਤੇ ਇੱਕ ਵੀਡੀਓ ਅਪਲੋਡ ਕੀਤਾ ਜਿਸ ‘ਚ ਰੋਹਿਤ ਮੈਚ ਤੋਂ ਬਾਅਦ ਚਾਹਲ ਦਾ ਇੰਟਰਵਿਊ ਲੈਂਦਾ ਨਜ਼ਰ ਆ ਰਿਹੈ। ਇਸ ‘ਚ ਚਾਹਲ ਨੇ ਰੋਹਿਤ ਵਲੋਂ 100 ਵਨ ਡੇ ਵਿਕਟਾਂ ਦੀ ਉਪਲਬਧੀ ਹਾਸਿਲ ਕਰਨ ਤੋਂ ਬਾਅਦ ਕਿਵੇਂ ਮਹਿਸੂਸ ਹੋਣ ਬਾਰੇ ਪੁੱਛੇ ਜਾਣ ‘ਤੇ ਕਿਹਾ, ”ਇਹ ਇੱਕ ਚੰਗਾ ਅਹਿਸਾਸ ਹੈ। ਮੇਰੇ ਕਰੀਅਰ ਨੇ ਉਤਾਰ-ਚੜਾਅ ਦੇਖੇ ਹਨ। ਮੈਂ ਵਨ ਡੇ ‘ਚ 100 ਵਿਕਟਾਂ ਲੈਣ ‘ਚ ਸਫ਼ਲ ਰਿਹਾ ਹਾਂ, ਇਹ ਇੱਕ ਵੱਡਾ ਪਲ ਹੈ। ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ‘ਚ ਮੈਂ ਇਹ ਨਹੀਂ ਸੀ ਸੋਚਿਆ ਕਿ ਮੈਂ ਇਹ ਉਪਲਬਧੀ ਹਾਸਿਲ ਕਰ ਲਵਾਂਗਾ। ਮੈਂ ਆਪਣੇ ਐਂਗਲ ਬਦਲ ਲਏ ਹਨ। ਦੂਜੇ ਗੇਂਦਬਾਜ਼ ਸਾਈਡ-ਆਰਮ ਗੇਂਦਬਾਜ਼ੀ ਕਰਦੇ ਸਨ, ਇਸ ਲਈ ਜਦੋਂ ਮੈਂ ਟੀਮ ‘ਚ ਨਹੀਂ ਸੀ ਤਾਂ ਮੈਂ ਇਸ ‘ਤੇ ਕੰਮ ਕੀਤਾ।”ਇੰਟਰਵਿਊ ਦੇ ਅੰਤ ‘ਚ ਚਾਹਲ ਨੂੰ ਵਧਾਈ ਦਿੰਦੇ ਹੋਏ ਰੋਹਿਤ ਨੇ ਕਿਹਾ, ”ਤੁਸੀਂ ਸਾਡੇ ਲਈ ਬਹੁਤ ਮਹੱਤਵਪੂਰਨ ਖਿਡਾਰੀ ਹੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸੇ ਮਾਨਸਿਕਤਾ ਨਾਲ ਖੇਡੋ। ਉਤਾਰ-ਚੜ੍ਹਾਅ ਆਉਂਦੇ-ਜਾਂਦੇ ਰਹਿੰਦੇ ਹਨ, ਇਸ ਲਈ ਮਾਨਸਿਕਤਾ ਨੂੰ ਸਹੀ ਥਾਂ ‘ਤੇ ਰੱਖਣਾ ਜ਼ਰੂਰੀ ਹੈ।”
ਜ਼ਿਕਰਯੋਗ ਹੈ ਕਿ ਚਾਹਲ ਨੇ ਹੁਣ ਤਕ 60 ਵਨ ਡੇ ਮੈਚਾਂ ‘ਚ 103 ਵਿਕਟਾਂ ਹਾਸਿਲ ਕਰ ਲਈਆਂ ਹਨ। ਉਹ ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ ਅਤੇ ਕੁਲਦੀਪ ਯਾਦਵ ਤੋਂ ਬਾਅਦ ਸਭ ਤੋਂ ਤੇਜ਼ 100 ਵਨ ਡੇ ਵਿਕਟਾਂ ਪੂਰੀਆਂ ਕਰਨ ਵਾਲਾ ਚੌਥੇ ਭਾਰਤੀ ਗੇਂਦਬਾਜ਼ ਬਣ ਗਿਆ ਹੈ। ਉਸ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਐਤਵਾਰ ਨੂੰ ਪਹਿਲੇ ਵਨ ਡੇ ‘ਚ ਵੈੱਸਟ ਇੰਡੀਜ਼ ਨੂੰ ਛੇ ਵਿਕਟਾਂ ਨਾਲ ਹਰਾਇਆ ਸੀ। ਉਸ ਨੇ 9.5 ਓਵਰਾਂ ‘ਚ 49 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਸਨ ਜਦਕਿ ਚਿੱਟੀ ਗੇਂਦ ਦੀ ਟੀਮ ਦੇ ਨਵ-ਨਿਯੁਕਤ ਕਪਤਾਨ ਰੋਹਿਤ ਨੇ 51 ਗੇਂਦਾਂ ‘ਚ 10 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ ਅਰਧ ਸੈਂਕੜੇ ਦੀ ਪਾਰੀ ਖੇਡੀ ਸੀ। ਭਾਰਤੀ ਟੀਮ ਦਾ ਦੂਜਾ ਮੈਚ ਨਰੇਂਦਰ ਮੋਦੀ ਸਟੇਡੀਅਮ ‘ਚ ਬੁੱਧਵਾਰ ਨੂੰ ਸ਼ੁਰੂ ਹੋ ਚੁੱਕਾ ਹੈ।