ਅਹਿਮਦਾਬਾਦ – ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਦੱਸਿਆ ਕਿ ਵੈੱਸਟ ਇੰਡੀਜ਼ ਦੇ ਕਪਤਾਨ ਕੀਰੋਨ ਪੋਲਾਰਡ ਨੇ ਐਤਵਾਰ ਨੂੰ ਪਹਿਲੇ ਵਨ ਡੇ ਦੌਰਾਨ ਉਸ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਮੈਚ ਨੂੰ ਖ਼ਤਮ ਕਰ ਕੇ ਹੀ ਮੈਦਾਨ ‘ਚੋਂ ਬਾਹਰ ਜਾਣਾ ਚਾਹੁੰਦਾ ਸੀ, ਆਊਟ ਹੋ ਕੇ ਨਹੀਂ। ਭਾਰਤ ਦੀਆਂ ਚਾਰ ਵਿਕਟਾਂ 116 ਦੌੜਾਂ ‘ਤੇ ਡਿੱਗ ਗਈਆਂ ਸਨ ਜਿਸ ਤੋਂ ਬਾਅਦ ਸੂਰਿਆਕੁਮਾਰ ਨੇ ਡੈਬੀਊ ਮੈਚ ਖੇਡ ਰਹੇ ਦੀਪਕ ਹੁੱਡਾ ਨਾਲ ਪੰਜਵੀਂ ਵਿਕਟ ਲਈ 72 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰ ਕੇ ਭਾਰਤ ਨੂੰ 28 ਓਵਰਾਂ ‘ਚ ਜਿੱਤ ਦਿਵਾ ਦਿੱਤੀ। ਸੂਰਿਆ ਨੇ ਅਜੇਤੂ 34 ਅਤੇ ਦੀਪਕ ਨੇ ਅਜੇਤੂ 26 ਦੌੜਾਂ ਬਣਾਈਆਂ।
ਸੂਰਿਆਕੁਮਾਰ ਨੇ ਮੈਚ ਤੋਂ ਬਾਅਦ ਕਿਹਾ, ”ਚੀਜ਼ਾਂ ਪਹਿਲਾਂ ਹੀ ਸਪੱਸ਼ਟ ਸਨ। ਮੈਨੂੰ ਦੀਪਕ ਹੁੱਡਾ ਨੂੰ ਕੁੱਝ ਕਹਿਣ ਦੀ ਲੋੜ ਨਹੀਂ ਸੀ। ਉਹ ਲੰਬੇ ਸਮੇਂ ਤੋਂ ਘਰੇਲੂ ਕ੍ਰਿਕਟ ਖੇਡ ਰਿਹੈ, ਇਸ ਲਈ ਸਾਡੀ ਗੱਲਬਾਤ ਸਿਰਫ਼ ਇਸ ਬਾਰੇ ਸੀ ਕਿ ਅਸੀਂ ਪੰਜ-ਪੰਜ ਦੌੜਾਂ ਦਾ ਟੀਚਾ ਰੱਖੀਏ। ਪੋਲਾਰਡ ਨੇ ਮੈਨੂੰ ਕੁੱਝ ਗੱਲਾਂ ਕਹੀਆਂ ਅਤੇ ਉਹ ਮੈਨੂੰ ਉਕਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਮੈਂ ਤਾਂ ਮੈਚ ਖ਼ਤਮ ਕਰਦਾ ਹੋਇਆ ਮੈਦਾਨ ‘ਚੋਂ ਬਾਹਰ ਜਾਣਾ ਚਾਹੁੰਦਾ ਸੀ। ਪਿੱਚ ‘ਚ ਜ਼ਿਆਦਾ ਬਦਲਾਅ ਨਹੀਂ ਸੀ, ਪਰ ਤ੍ਰੇਲ ਕਾਰਨ ਬੱਲੇਬਾਜ਼ੀ ਥੋੜ੍ਹੀ ਆਸਾਨ ਹੋ ਗਈ ਸੀ।”












