ਵਧਣ ਲੱਗਾ ਕੋਰੋਨਾ ਦੇ ਨਵੇਂ ਵੇਰੀਐਂਟ ਦਾ ਖ਼ਤਰਾ! ਦਿੱਲੀ ’ਚ ਸਾਹਮਣੇ ਆਇਆ ਓਮੀਕ੍ਰੋਨ ਦਾ ਦੂਜਾ ਕੇਸ

ਨਵੀਂ ਦਿੱਲੀ- ਸਾਊਥ ਅਫ਼ਰੀਕਾ ’ਚ ਪਾਏ ਗਏ ਕੋਰੋਨਾ ਦੇ ਨਵੇਂ ਵੇਰੀਐਂਟ ਨੇ ਪੂਰੀ ਦੁਨੀਆ ’ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਵਿਚ ਭਾਰਤ ’ਚ ਵੀ ‘ਓਮੀਕ੍ਰੋਨ’ ਦੇ ਮਾਮਲੇ ਵਧਦੇ ਦਿਖਾਈ ਦੇ ਰਹੇ ਹਨ। ਦੱਸਣਯੋਗ ਹੈ ਕਿ ਦਿੱਲੀ ’ਚ ਓਮੀਕ੍ਰੋਨ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ। ਸੰਕ੍ਰਮਿਤ ਵਿਅਕਤੀ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁਕਿਆ ਸੀ ਅਤੇ ਉਹ ਜਿੰਬਾਬਵੇ ਤੋਂ ਆ ਰਿਹਾ ਸੀ। ਉਸ ਨੇ ਦੱਖਣੀ ਅਫ਼ਰੀਕਾ ਦੀ ਵੀ ਯਾਤਰਾ ਕੀਤੀ ਸੀ। ਉੱਥੇ ਹੀ ਇਸ ਦੇ ਨਾਲ ਹੁਣ ਤੱਕ ਦੇਸ਼ ’ਚ ਕੁੱਲ 33 ‘ਓਮੀਕ੍ਰੋਨ’ ਦੇ ਮਾਮਲੇ ਸਾਹਮਣੇ ਆ ਚੁਕੇ ਹਨ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮਹਾਰਾਸ਼ਟਰ ’ਚ ਓਮੀਕ੍ਰੋਨ ਦੇ 7 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 3 ਮੁੰਬਈ ਅਤੇ 4 ਪਿੰਪਰੀ ਚਿੰਚਵਡ ਮਹਾਨਗਰਪਾਲਿਕਾ ’ਚ ਮਿਲੇ ਹਨ। ਮੁੰਬਈ ’ਚ ਮਿਲੇ ਸੰਕ੍ਰਮਿਤ ਮਰੀਜ਼ਾਂ ਦੀ ਉਮਰ 48, 25 ਅਤੇ 37 ਸਾਲ ਹੈ। ਇਹ ਤਿੰਨੋਂ ਨਾਗਰਿਕ ਤੰਜਾਨੀਆ, ਯੂ.ਕੇ. ਅਤੇ ਦੱਖਣੀ ਅਫ਼ਰੀਕੀ ਦੇਸ਼ਾਂ ਤੋਂ ਆਏ ਹਨ, ਜਦੋਂ ਕਿ ਪਿੰਪਰੀ ਚਿੰਚਵਡ ’ਚ ਮਿਲੇ ਚਾਰੇ ਮਾਮਲੇ ਨਾਈਜ਼ੀਰੀਅਨ ਔਰਤ ਦੇ ਨਾਲ ਸੰਪਰਕ ’ਚ ਆਏ ਸਨ। ਦੱਸਣਯੋਗ ਹੈ ਕਿ ਮਹਾਰਾਸ਼ਟਰ ’ਚ ਹੁਣ ਤੱਕ ਓਮੀਕ੍ਰੋਨ ਦੇ 17 ਮਾਮਲੇ ਸਾਹਮਣੇ ਆ ਚੁਕੇ ਹਨ, ਜਦੋਂ ਕਿ ਭਾਰਤ ਦੀ ਗੱਲ ਕਰੀਏ ਤਾਂ 33 ਮਾਮਲੇ ਨਵੇਂ ਵੇਰੀਐਂਟ ਦੇ ਮਿਲ ਚੁਕੇ ਹਨ। ਸਭ ਤੋਂ ਵੱਧ ਮਹਾਰਾਸ਼ਟਰ ’ਚ 17, ਰਾਜਸਥਾਨ ’ਚ 9, ਗੁਜਰਾਤ ’ਚ 3, ਦਿੱਲੀ ’ਚ 2 ਅਤੇ ਕਰਨਾਟਕ ’ਚ 2 ਮਾਮਲੇ ਮਿਲੇ ਹਨ। ਰਾਹਤ ਦੀ ਗੱਲ ਇਹ ਹੈ ਕਿ ਰਾਜਸਥਾਨ ’ਚ ਸਾਰੇ 9 ਲੋਕਾਂ ਦੀ ਰਿਪੋਰਟ ਨੈਗੇਟਿਵ ਆ ਚੁਕੀ ਹੈ।