ਨਵੀਂ ਦਿੱਲੀ- ਓਮ ਬਿਰਲਾ ਦੇ ਖ਼ਿਲਾਫ਼ ਲਿਆਂਦੇ ਗਏ ਪ੍ਰਸਤਾਵ ’ਤੇ ਚਰਚਾ ਦੌਰਾਨ ਉਹ ਸਦਨ ਦੀ ਕਾਰਵਾਈ ਦੀ ਪ੍ਰਧਾਨਗੀ ਨਹੀਂ ਕਰਨਗੇ, ਸਗੋਂ ਲੋਕ ਸਭਾ ’ਚ ਮੈਂਬਰਾਂ ਵਿਚ ਬੈਠਣਗੇ। ਬਜਟ ਸੈਸ਼ਨ ਦੇ ਦੂਜੇ ਪੜਾਅ ਦੀ ਸ਼ੁਰੂਆਤ 9 ਮਾਰਚ ਤੋਂ ਹੋਵੇਗੀ ਅਤੇ ਉਸੇ ਦਿਨ ਇਸ ਪ੍ਰਸਤਾਵ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਵਿਰੋਧੀ ਪਾਰਟੀਆਂ ਨੇ ਲੋਕ ਸਭਾ ਸਪੀਕਰ ਬਿਰਲਾ ਨੂੰ ਅਹੁਦੇ ਤੋਂ ਹਟਾਉਣ ਲਈ ਨੋਟਿਸ ਦਿੱਤਾ ਹੈ। ਪ੍ਰਸਤਾਵ ’ਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਸਦਨ ਦੀ ਕਾਰਵਾਈ ਦੌਰਾਨ ਵਿਰੋਧੀਆਂ ਨਾਲ ਭੇਦਭਾਵ ਕੀਤਾ।
ਸੰਵਿਧਾਨਕ ਵਿਵਸਥਾਵਾਂ ਅਨੁਸਾਰ, ਜਦੋਂ ਲੋਕ ਸਭਾ ’ਚ ਸਪੀਕਰ ਨੂੰ ਹਟਾਉਣ ਦੇ ਪ੍ਰਸਤਾਵ ’ਤੇ ਚਰਚਾ ਹੋਣੀ ਹੁੰਦੀ ਹੈ, ਤਾਂ ਸਪੀਕਰ ਉਸ ਸਮੇਂ ਸਦਨ ਦੀ ਪ੍ਰਧਾਨਗੀ ਨਹੀਂ ਕਰ ਸਕਦੇ। ਹਾਲਾਂਕਿ ਉਨ੍ਹਾਂ ਨੂੰ ਸਦਨ ’ਚ ਹਾਜ਼ਰ ਰਹਿ ਕੇ ਆਪਣਾ ਪੱਖ ਰੱਖਣ ਅਤੇ ਪ੍ਰਸਤਾਵ ਦੇ ਖ਼ਿਲਾਫ਼ ਵੋਟ ਕਰਨ ਦਾ ਅਧਿਕਾਰ ਹੁੰਦਾ ਹੈ। ਸੰਵਿਧਾਨ ਮਾਹਿਰ ਪੀ. ਡੀ. ਟੀ. ਆਚਾਰੀ ਅਨੁਸਾਰ, ਇਸ ਦੌਰਾਨ ਬਿਰਲਾ ਸੱਤਾ ਧਿਰ ਦੀ ਮੂਹਰਲੀ ਕਤਾਰ ’ਚ ਬੈਠ ਸਕਦੇ ਹਨ। ਵੋਟਿੰਗ ਦੇ ਸਮੇਂ ਉਹ ਆਟੋਮੈਟਿਕ ਪ੍ਰਣਾਲੀ ਦੀ ਬਜਾਏ ਪਰਚੀ ਰਾਹੀਂ ਆਪਣੀ ਵੋਟ ਪਾਉਣਗੇ। ਵਿਰੋਧੀਆਂ ਦੇ ਲੱਗਭਗ 118 ਮੈਂਬਰਾਂ ਨੇ ਬਿਰਲਾ ਨੂੰ ਹਟਾਉਣ ਦੇ ਪ੍ਰਸਤਾਵ ’ਤੇ ਦਸਤਖ਼ਤ ਕੀਤੇ ਹਨ। ਇਹ ਨੋਟਿਸ ਕੇ. ਸੁਰੇਸ਼ ਨੇ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਦ੍ਰਵਿੜ ਮੁਨੇਤਰ ਕਸ਼ਗਮ ਸਮੇਤ ਕਈ ਵਿਰੋਧੀ ਪਾਰਟੀਆਂ ਵੱਲੋਂ ਲੋਕ ਸਭਾ ਸਕੱਤਰੇਤ ਨੂੰ ਸੌਂਪਿਆ ਗਿਆ ਹੈ। ਹਾਲਾਂਕਿ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਇਸ ਨੋਟਿਸ ’ਤੇ ਦਸਤਖ਼ਤ ਨਹੀਂ ਕੀਤੇ।















