ਭਗਵੰਤ ਮਾਨ ਤੇ ਅਮਨ ਅਰੋੜਾ ਨੇ ਕੈਪਟਨ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਤੋਂ ਵੀ ਮੰਗਿਆ ਜਵਾਬ
ਚੰਡੀਗੜ੍ਹ : ਪੰਜਾਬ ਦੀਆਂ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਦੌਰਾਨ ਹੋਈ ਹਿੰਸਾ ਅਤੇ ਧੱਕੇਸ਼ਾਹੀ ਬਾਰੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਲੋਕਤੰਤਰ ਦੀ ਸ਼ਰੇਆਮ ਹੱਤਿਆ ਕੀਤੀ ਹੈ ਅਤੇ ਨਜ਼ਰ ਆ ਰਹੀ ਨਮੋਸ਼ੀ ਭਰੀ ਹਾਰ ਤੋਂ ਡਰਦਿਆਂ ਇਹ ਚੋਣ ਪੂਰੀ ਤਰ੍ਹਾਂ ਹਾਈਜੈਕ ਕਰ ਲਈ ਹੈ।
‘ਆਪ’ ਵੱਲੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਸੂਬਾ ਸਹਿ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸੱਤਾ ਦੇ ਸਿਰ ‘ਤੇ ਸਿਆਸੀ ਗੁੰਡਾਗਰਦੀ ਕਰਨ ‘ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪਿਛਲੀ ਬਾਦਲ ਸਰਕਾਰ ਦੀ 10 ਸਾਲਾਂ ਦੀ ਗੁੰਡਾਗਰਦੀ ਨੂੰ ਮਾਤ ਦੇ ਦਿੱਤੀ ਹੈ। ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਸਮੇਤ ਵੱਖ-ਵੱਖ ਥਾਵਾਂ ‘ਤੇ ਕੀਤੀ ਗਈ ਧੱਕੇਸ਼ਾਹੀ ਨੇ ਬੂਥ ਲੁੱਟਣ ਵਾਲੇ ਪੁਰਾਣੇ ਬਿਹਾਰ ਦੀ ਯਾਦ ਤਾਜ਼ਾ ਕਰ ਦਿੱਤੀ ਹੈ।
ਭਗਵੰਤ ਮਾਨ ਅਤੇ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਕਿ ਜੇਕਰ ਹਾਰ ਦੇ ਡਰੋਂ ਵਿਰੋਧੀ ਧਿਰਾਂ ਦੇ ਕਾਗ਼ਜ਼ ਰੱਦ ਕਰਨੇ ਸਨ ਅਤੇ ਮਤਦਾਨ ਮੌਕੇ ਚੋਣਾਂ ਲੁੱਟਣੀਆਂ ਹੀ ਸਨ ਤਾਂ ਚੋਣਾਂ ਦਾ ਡਰਾਮਾਂ ਰਚਣ ਦੀ ਕੀ ਜ਼ਰੂਰਤ ਸੀ? ਇੱਕ ਤਾਨਾਸ਼ਾਹੀ ਫ਼ਰਮਾਨ ਨਾਲ ਆਪਣੇ ਮਨਭਾਉਂਦੇ ਕਾਂਗਰਸੀਆਂ ਨੂੰ ਸਿੱਧਾ ਹੀ ਨਾਮਜ਼ਦ ਕਰ ਲੈਣਾ ਸੀ। ‘ਆਪ’ ਆਗੂਆਂ ਨੇ ਕਿਹਾ ਕਿ ਬਾਦਲਾਂ ਦੀਆਂ ਧੱਕੇਸ਼ਾਹੀਆਂ ਅਤੇ ਮਾਫ਼ੀਆ ਰਾਜ ਤੋਂ ਅੱਕੇ ਪੰਜਾਬ ਦੇ ਲੋਕਾਂ ਨੇ ਕੈਪਟਨ ਸਰਕਾਰ ਲਿਆਂਦੀ ਸੀ ਪਰ ਗੁੰਡਾਗਰਦੀ ‘ਚ ਕਾਂਗਰਸੀ ਪਹਿਲੇ ਸਾਲ ਹੀ ਬਾਦਲਾਂ ਨੂੰ ਪਿੱਛੇ ਛੱਡਣ ਲੱਗੇ ਹਨ।
ਭਗਵੰਤ ਮਾਨ ਅਤੇ ਅਮਨ ਅਰੋੜਾ ਨੇ ਕਿਹਾ ਕਿ ਹੁਣ ਹਾਈਵੇ ਸੜਕਾਂ ਰੋਕ ਕੇ ਲੋਕਤੰਤਰ ਦੀ ਦੁਹਾਈ ਦੇ ਰਹੇ ਬਾਦਲ ਇਹ ਭੁੱਲ ਗਏ ਹਨ ਕਿ ਸਰਕਾਰੀ ਗੁੰਡਾਗਰਦੀ ਦੇ ਜੋ ਕੰਡੇ ਉਨ੍ਹਾਂ ਬੀਜੇ ਸਨ ਉਸ ਦਾ ਅਸਲ ਖ਼ਮਿਆਜ਼ਾ ਅਕਾਲੀ ਦਲ ਬਾਦਲ ਤੇ ਭਾਜਪਾ ਨਾਲੋਂ ਸੂਬੇ ਦੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ‘ਆਪ’ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਹੁਣ ਮੌਕਾ ਆਉਣ ‘ਤੇ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਤੋਂ ਖਹਿੜਾ ਛੁਡਾ ਕੇ ‘ਆਪ’ ਨੂੰ ਮੌਕਾ ਦੇਣ।
ਇਸਦੇ ਨਾਲ ਹੀ ਭਗਵੰਤ ਮਾਨ ਅਤੇ ਅਮਨ ਅਰੋੜਾ ਨੇ ਪਟਿਆਲਾ ਵਿਖੇ ਸਰਕਾਰੀ ਧੱਕੇਸ਼ਾਹੀ ਦੇ ਖ਼ਿਲਾਫ਼ ਧਰਨਾ ਦੇ ਰਹੇ ‘ਆਪ’ ਆਗੂਆਂ ਡਾ. ਬਲਵੀਰ ਸਿੰਘ, ਕਰਨਵੀਰ ਸਿੰਘ ਟਿਵਾਣਾ, ਪਟਿਆਲਾ ਕਾਰਪੋਰੇਸ਼ਨ ਦੇ ਪ੍ਰਧਾਨ ਤੇਜਿੰਦਰ ਮਹਿਤਾ, ਪਟਿਆਲਾ ਦੇਹਾਤੀ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੁੰਗੋ ਸਮੇਤ ਹੋਰ ‘ਆਪ’ ਆਗੂਆਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਸਖ਼ਤ ਨਿੰਦਾ ਕੀਤਾ















