ਲੁਧਿਆਣਾ ‘ਚ ਟ੍ਰੇਨ ‘ਚ ਵੱਜੀ ਬੋਲੈਰੋ, ਲੱਗੀ ਅੱਗ; ਮੌਕ ਡ੍ਰਿਲ ਦੌਰਾਨ ਕੱਢੇ ਫਸੇ ਯਾਤਰੀ

ਲੁਧਿਆਣਾ: ਲੁਧਿਆਣਾ ਵਿਚ ਸ਼ੁੱਕਰਵਾਰ ਸਵੇਰੇ ਮੌਕ ਡਰਿੱਲ ਕਰਵਾਈ ਗਈ। ਇਸ ਤਹਿਤ ਰੇਲਵੇ ਵਿਭਾਗ ਦੇ ਕੰਟਰੋਲ ਰੂਮ ‘ਤੇ ਸੂਚਨਾ ਮਿਲੀ ਕਿ ਯਾਰਡ ਵਿਚ ਸ਼ਟਿੰਗ ਦੇ ਦੌਰਾਨ ਪੈਸੇਂਜਰ ਟ੍ਰੇਨ ਦੀ ਬਲੈਰੋ ਦੇ ਨਾਲ ਟੱਕਰ ਹੋ ਗਈ ਹੈ, ਜਿਸ ਕਾਰਨ ਇਕ ਕੋਚ ਡਿਰੇਲ ਹੋ ਗਿਆ ਹੈ ਤੇ ਕੋਚ ਦੇ ਪਿਛਲੇ ਚੱਕੇ ਲੀਹੋਂ ਲੱਥ ਗਏ ਹਨ ਤੇ ਕੋਚ ਵਿਚ ਅੱਗ ਲੱਗ ਗਈ ਹੈ। ਕੋਚ ਵਿਚ ਦਰਜਨ ਦੇ ਕਰੀਬ ਯਾਤਰੀ ਫਸੇ ਹੋਏ ਹਨ।
ਕੰਟਰੋਲ ਰੂਮ ਤੋਂ ਸੂਚਨਾ ਮਿਲਦਿਆਂ ਹੀ ਐਕਸੀਡੈਂਟ ਰਿਲੀਫ਼ ਟ੍ਰੇਨ, ਐੱਨ. ਡੀ. ਆਰ. ਐੱਫ. ਟੀਮਾਂ, ਸਥਾਨਕ ਪੁਲਸ, ਜੀ. ਆਰ. ਪੀ., ਆਰ. ਪੀ. ਐੱਫ. ਦੀਆਂ ਟੀਮਾਂ, ਐਂਬੂਲੈਂਸ, ਸਿਵਲ ਡਿਫੈਂਸ ਟੀਮ ਤੇ ਹੋਰ ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਟੀਮਾਂ ਨੇ ਮੌਕੇ ‘ਤੇ ਪਹੁੰਚਦਿਆਂ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਤੇ ਫਸੇ ਹੋਏ ਯਾਤਰੀਆਂ ਨੂੰ ਕਢਣਾ ਸ਼ੁਰੂ ਕਰ ਦਿੱਤਾ। ਜ਼ਖ਼ਮੀਆਂ ਨੂੰ ਤੁਰੰਤ ਬਾਹਰ ਕੱਢਿਆ ਗਿਆ।
ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਵਿਭਾਗ ਦੇ ਕਰਮਚਾਰੀਆਂ ਨੂੰ ਚੌਕੰਨੇ ਕਰਨ ਅਤੇ ਪ੍ਰੈਕਟਿਸ ਦੇ ਲਈ ਮੌਕ ਡਰਿੱਲ ਕਰਵਾਈ ਗਈ ਸੀ, ਜੋ ਕਿ ਸਥਾਨਕ ਪ੍ਰਸ਼ਾਸਨ ਨਾਲ ਰਲ਼ ਕੇ ਕੀਤੀ ਗਈ ਸੀ। ਇਸ ਦੌਰਾਨ ਸਾਰੀਆਂ ਟੀਮਾਂ ਦਾ ਰਿਸਪਾਂਸ ਟਾਈਮ ਚੈੱਕ ਕੀਤਾ ਗਿਆ ਤੇ ਵੇਖਿਆ ਗਿਆ ਕਿ ਕਿਸੇ ਤਰ੍ਹਾਂ ਦੀ ਐਮਰਜੈਂਸੀ ਵਿਚ ਫਸੇ ਯਾਤਰੀਆਂ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ। ਪ੍ਰੈਕਟਿਸ ਦੌਰਾਨ ਕੋਚ ਵਿਚ ਫਸੇ ਯਾਤਰੀਆਂ ਨੂੰ ਬਾਹਰ ਕੱਢਣ ਲਈ ਕੋਚ ਨੂੰ ਕੱਟਿਆ ਗਿਆ ਤੇ ਉਨ੍ਹਾਂ ਨੂੰ ਰੈਸਕਿਊ ਕੀਤਾ ਗਿਆ। ਅਫ਼ਸਰਾਂ ਨੇ ਦੱਸਿਆ ਕਿ ਸੂਚਨਾ ਮਿਲਣ ਮਗਰੋਂ 15 ਮਿਨਟਾਂ ਵਿਚ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਸੀ।