ਬੈਂਗਲੁਰੂ – ਬੈਂਗਲੁਰੂ ਪੁਲਸ ਨੇ ਪੱਛਮੀ ਬੰਗਾਲ ਦੇ ਇਕ 25 ਸਾਲਾ ਨੌਜਵਾਨ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ’ਚ ਸ਼ਾਮਲ ਹੋਣ ਤੇ ਸੰਗਠਨ ਦੇ ਇਕ ਮੈਂਬਰ ਨਾਲ ਮਿਲ ਕੇ ਪਾਕਿਸਤਾਨੀ ਫੌਜ ਤੇ ਭਾਰਤ ਵਿਰੁੱਧ ਹਮਲੇ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਅਸਫੁਲ ਮਲਿਕ ਨਾਮੀ ਉਕਤ ਨੌਜਵਾਨ ਕਥਿਤ ਤੌਰ ’ਤੇ ਪਾਕਿਸਤਾਨੀ ਫੌਜ ’ਤੇ ਹਮਲਾ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ, ਜਿਸ ਤੋਂ ਬਾਅਦ ਉਸ ਨੂੰ 11 ਅਗਸਤ ਨੂੰ ਬੋਮਾਸੰਦਰਾ ਇੰਡਸਟਰੀਅਲ ਏਰੀਆ ਤੋਂ ਹਿਰਾਸਤ ’ਚ ਲਿਆ ਗਿਆ।
ਜਿਗਾਨੀ ਦਾ ਰਹਿਣ ਵਾਲਾ ਮਲਿਕ ਇਕ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਉਹ ਫੇਸਬੁੱਕ ਰਾਹੀਂ ਅਫਗਾਨਿਸਤਾਨ ਦੇ ਇਕ ਟੀ. ਟੀ. ਪੀ. ਮੈਂਬਰ ਇਮਰਾਨ ਅਹਿੰਦਰ ਦੇ ਸੰਪਰਕ ’ਚ ਆਇਆ ਸੀ। ਉਹ ਪਾਕਿਸਤਾਨ ’ਚ ਮਸਜਿਦਾਂ ਤੇ ਲੋਕਾਂ ਵਿਰੁੱਧ ਪਾਕਿਸਤਾਨੀ ਫੌਜ ਦੇ ਕਥਿਤ ਅੱਤਿਆਚਾਰਾਂ ਤੇ ਇਜ਼ਰਾਈਲ-ਫਲਸਤੀਨ ਸੰਘਰਸ਼ ’ਚ ਇਜ਼ਰਾਈਲ ਲਈ ਉਸ ਦੀ ਕਥਿਤ ਹਮਾਇਤ ਤੋਂ ਨਾਰਾਜ਼ ਸੀ। ਉਕਤ ਸੰਗਠਨ ’ਚ ਸ਼ਾਮਲ ਹੋਣ ਤੇ ਪਾਕਿਸਤਾਨੀ ਫੌਜ ਤੋਂ ਬਦਲਾ ਲੈਣ ਦੇ ਇਰਾਦੇ ਨਾਲ ਉਸ ਨੇ ਇਮਰਾਨ ਅਹਿੰਦਰ ਦੀ ਮਦਦ ਲਈ, ਪਾਸਪੋਰਟ ਹਾਸਲ ਕੀਤਾ ਤੇ ਅਫਗਾਨਿਸਤਾਨ ਜਾਣ ਲਈ ਵੀਜ਼ੇ ਲਈ ਅਰਜ਼ੀ ਦਿੱਤੀ। ਹਾਲਾਂਕਿ, ਕੁਝ ਕਾਰਨਾਂ ਕਰ ਕੇ ਉਹ ਅਫਗਾਨਿਸਤਾਨ ਨਹੀਂ ਜਾ ਸਕਿਆ।
ISI ਲਈ ਜਾਸੂਸੀ ਕਰਨ ਦੇ ਦੋਸ਼ ਹੇਠ 3 ਗ੍ਰਿਫਤਾਰ
ਇਕ ਅਧਿਕਾਰੀ ਨੇ ਦੱਸਿਆ ਕਿ ਪੱਛਮੀ ਬੰਗਾਲ ਪੁਲਸ ਦੀ ਸਪੈਸ਼ਲ ਟਾਸਕ ਫੋਰਸ ਨੇ ਕੂਚ ਬਿਹਾਰ ਜ਼ਿਲ੍ਹੇ ਤੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਲਈ ਜਾਸੂਸੀ ਕਰਨ ’ਚ ਕਥਿਤ ਰੂਪ ’ਚ ਸ਼ਾਮਲ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਸ਼ੀਦੁਲ ਹੱਕ, ਨੂਰ ਨਸੀਰੂਦੀਨ ਅਲੀ ਅਤੇ ਸ਼ਫੀਕੁਲ ਇਸਲਾਮ ਵਜੋਂ ਹੋਈ ਹੈ। ਉਨ੍ਹਾਂ ਨੂੰ ਉੱਤਰੀ ਬੰਗਾਲ ਦੇ ਦਿਨਹਾਟਾ ਖੇਤਰ ਦੇ ਸਾਹਿਬਗੰਜ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।















