ਲਖਨਊ— ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਐਤਵਾਰ ਨੂੰ ਸ਼ਰਾਬਬੰਦੀ ਨਾਲ ਜੁੜੇ ਇਕ ਪ੍ਰੋਗਰਾਮ ‘ਚ ਸ਼ਿਰਕਤ ਕਰਨ ਲਖਨਊ ਪਹੁੰਚੇ। ਉਹ ਬਿਹਾਰ ਤੋਂ ਬਾਅਦ ਯੂ. ਪੀ. ‘ਚ ਇਥੇ ਸ਼ਰਾਬ ‘ਤੇ ਰੋਕ ਦਾ ਸੰਦੇਸ਼ ਦੇਣ ਆਏ ਪਰ ਰਾਜਧਾਨੀ ‘ਚ ਸ਼ਰਾਬ ਦੇ ਵਰਕਰਾਂ ਨੇ ਇਸ ਦੌਰਾਨ ਨਾ ਸਿਰਫ ਉਨ੍ਹਾਂ ਦਾ ਸਖਤੀ ਨਾਲ ਵਿਰੋਧ ਕੀਤਾ ਸਗੋਂ ਉਨ੍ਹਾਂ ਨੂੰ ਕਾਲੇ ਝੰਡੇ ਵੀ ਦਿਖਾਏ। ਨਿਤੀਸ਼ ਖਿਲਾਫ ਸ਼ਰਾਬ ਐਸੋਸੀਏਸ਼ਨ ਦੇ ਵਰਕਰਾਂ ਨੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਐਸੋਸੀਏਸ਼ਨ ਦੇ ਵਰਕਰ ਆਲਮਬਾਗ ‘ਚ ਹੱਥਾਂ ਵਿੱਚ ਕਾਲੇ ਝੰਡੇ ਲੈ ਕੇ ਵਿਰੋਧ ਪ੍ਰਦਰਸ਼ਨ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ‘ਨਿਤੀਸ਼ ਗੋ ਬੈਕ’ ਦੇ ਨਾਅਰੇ ਵੀ ਲਗਾਏ।
ਜ਼ਿਕਰਯੋਗ ਹੈ ਕਿ ਏਅਰਪੋਰਟ ਤੋਂ ਉਹ ਰਵਿੰਦਰਾਲਿਯ ‘ਚ ਕਿਸਾਨ ਮੰਚ ਦੇ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਰਵਾਨਾ ਹੋਏ ਸਨ। ਉਦੋਂ ਹੀ ਲਖਨਊ ਸ਼ਰਾਬ ਐਸੋਸੀਏਸ਼ਨ ਦੇ ਮਹਾ ਮੰਤਰੀ ਕਨ੍ਹਈਆ ਲਾਲ ਮੌਰਿਆ ਨੇ ਵਰਕਰਾਂ ਦੇ ਨਾਲ ਕਾਨਪੁਰ ਰੋਡ ਸਥਿਤ ਗਿਆਨਜੀ ਢਾਬੇ ਦੇ ਕੋਲ ਨਿਤੀਸ਼ ਕੁਮਾਰ ਨੂੰ ਕਾਲੇ ਝੰਡੇ ਦਿਖਾਏ ਅਤੇ ਨਾਅਰੇਬਾਜ਼ੀ ਕੀਤੀ। ਸ਼ਰਾਬ ਵਪਾਰੀ ਸ਼ਰਾਬਬੰਦੀ ਮੁਹਿੰਮ ਖਿਲਾਫ ਵਿਰੋਧ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਨਿਤੀਸ਼ ਕੁਮਾਰ ਬਿਹਾਰ ‘ਚ ਪੂਰਨ ਰੂਪ ਨਾਲ ਸ਼ਰਾਬਬੰਦੀ ਦੀ ਸਫਲਤਾ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ।















