ਅੰਮ੍ਰਿਤਸਰ – ਇਕ ਪਾਸੇ ਜਿੱਥੇ ਜ਼ਿਲਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਦੇ ਉਦੇਸ਼ ਨਾਲ ਜਾਗਰੂਕਤਾ ਵੈਨਾਂ ਚਲਾਈਆਂ ਜਾ ਰਹੀਆਂ ਹਨ, ਜੋ ਜ਼ਿਲੇ ਭਰ ਦੇ ਸੰਵੇਦਨਸ਼ੀਲ ਇਲਾਕਿਆਂ ’ਚ ਜਾ ਕੇ ਕਿਸਾਨਾਂ ਨੂੰ ਅਪੀਲ ਕਰ ਰਹੀਆਂ ਹਨ ਕਿ ਪਰਾਲੀ ਨੂੰ ਨਾ ਸਾੜਿਆ ਜਾਵੇ ਅਤੇ ਇਸ ਨੂੰ ਖੇਤਾਂ ’ਚ ਮਿਲਾ ਕੇ ਨਾ ਸਿਰਫ਼ ਪ੍ਰਦੂਸ਼ਣ ਫੈਲਣ ਤੋਂ ਰੋਕਿਆ ਜਾਵੇ ਸਗੋਂ ਖੇਤਾਂ ਦੀ ਉਪਜਾਊ ਮਿੱਟੀ ਦੀ ਗੁਣਵੱਤਾ ਨੂੰ ਵੀ ਬਰਕਰਾਰ ਰੱਖਿਆ ਜਾਵੇ। ਉਥੇ ਹੀ ਦੂਜੇ ਪਾਸੇ ਝੋਨੇ ਦੀ ਕਟਾਈ ਦੇ ਪਹਿਲੇ ਹਫ਼ਤੇ ’ਚ ਹੀ ਅੰਮ੍ਰਿਤਸਰ ਜ਼ਿਲਾ ਪਰਾਲੀ ਸਾੜਨ ਦੇ ਮਾਮਲੇ ’ਚ ਪੂਰੇ ਪੰਜਾਬ ’ਚ ਨੰਬਰ ਵਨ ’ਤੇ ਆ ਗਿਆ ਹੈ।
ਪਿਛਲੇ 2 ਹਫ਼ਤਿਆਂ ਦੌਰਾਨ ਜ਼ਿਲੇ ’ਚ ਪਰਾਲੀ ਸਾੜਨ ਦੇ 59 ਮਾਮਲਿਆਂ ਨੇ ਰਿਕਾਰਡ ਤੋੜ ਦਿੱਤਾ ਹੈ ਪਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਮਾਮਲਿਆਂ ’ਚ ਇਕ ਵੀ ਐੱਫ. ਆਈ. ਆਰ. ਦਰਜ ਨਹੀਂ ਕਰਵਾਈ ਗਈ ਹੈ। ਇਕ ਲੱਖ ਰੁਪਏ ਜੁਰਮਾਨਾ ਅਤੇ ਨੋਟਿਸ ਜ਼ਰੂਰ ਕੱਢੇ ਗਏ ਹਨ, ਇਸ ਦੀ ਤੁਲਨਾ ’ਚ ਪਿਛਲੇ ਸਾਲ ਦੌਰਾਨ ਪ੍ਰਸ਼ਾਸਨ ਵਲੋਂ ਉਨ੍ਹਾਂ ਕਿਸਾਨਾਂ ਖ਼ਿਲਾਫ਼ ਦਰਜਨਾਂ ਐੱਫ. ਆਈ. ਆਰ. ਦਰਜ ਕਰਵਾਈਆਂ ਗਈਆਂ ਸਨ ਜੋ ਪਰਾਲੀ ਸਾੜ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਚੋਣਾਂ ਦਾ ਸੀਜ਼ਨ ਹੋਣ ਕਰਕੇ ਪ੍ਰਸ਼ਾਸਨ ਇਸ ਵਾਰ ਸਖ਼ਤੀ ਕਰਨ ਦੇ ਮੂਡ ’ਚ ਨਹੀਂ ਹੈ।
ਕੇਂਦਰ ਸਰਕਾਰ ਨੇ ਬਣਾਇਆ ਫਲਾਇੰਗ ਸਕੁਐਡ, ਰੋਜ਼ਾਨਾ ਦੇਣੀ ਪਵੇਗੀ ਰਿਪੋਰਟ
ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਸਰਕਾਰ ਦੇ ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ ਫਲਾਇੰਗ ਸਕੁਐਡ ਦਾ ਗਠਨ ਕੀਤਾ ਗਿਆ ਹੈ, ਜਿੱਥੇ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ-ਆਪਣੇ ਜ਼ਿਲੇ ’ਚ ਪਰਾਲੀ ਸਾੜਨ ਸਬੰਧੀ ਰੋਜ਼ਾਨਾ ਰਿਪੋਰਟ ਦੇਣੀ ਪਵੇਗੀ।
ਐੱਸ. ਆਈ. ਆਰ. ਤੇ ਹੋਰ ਡਿਊਟੀਆਂ ’ਚ ਮਸਰੂਫ਼ ਹੋਣ ਕਰਕੇ ਵਿਗੜੇ ਹਾਲਾਤ
ਇਨ੍ਹਾਂ ਦਿਨਾਂ ’ਚ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਐੱਸ. ਆਈ. ਆਰ. ਤੇ ਹੋਰ ਡਿਊਟੀਆਂ ’ਚ ਤਾਇਨਾਤ ਕੀਤਾ ਗਿਆ ਹੈ। ਅਜੇ ਇਹ ਕੰਮ ਖ਼ਤਮ ਵੀ ਨਹੀਂ ਹੋਇਆ ਸੀ ਕਿ ਜਨਗਣਨਾ ਦਾ ਕੰਮ ਵੀ ਸ਼ੁਰੂ ਹੋਣ ਵਾਲਾ ਹੈ। ਅਜਿਹੇ ’ਚ ਪ੍ਰਸ਼ਾਸਨਿਕ ਅਧਿਕਾਰੀ ਵੀ ਪਰਾਲੀ ਸਾੜਨ ਦੇ ਮਾਮਲੇ ’ਚ ਓਨਾ ਫੋਕਸ ਨਹੀਂ ਕਰ ਪਾ ਰਹੇ ਹਨ ਜਿੰਨਾ ਫੋਕਸ ਹੋਣਾ ਚਾਹੀਦਾ ਹੈ।
ਪਿਛਲੇ ਸਾਲ ਵੀ ਨੰਬਰ ਵਨ ਸੀ ਅੰਮ੍ਰਿਤਸਰ ਜ਼ਿਲਾ
ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਵੀ ਜ਼ਿਲਾ ਅੰਮ੍ਰਿਤਸਰ ਪਰਾਲੀ ਸਾੜਨ ਦੇ ਮਾਮਲੇ ’ਚ ਨੰਬਰ ਵਨ ’ਤੇ ਹੀ ਸੀ। ਪ੍ਰਸ਼ਾਸਨ ਦੀਆਂ ਲੱਖਾਂ ਅਪੀਲਾਂ ਤੇ ਦਲੀਲਾਂ ਦੇ ਬਾਵਜੂਦ ਕਿਸਾਨਾਂ ਵੱਲੋਂ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਾਈ ਗਈ।
28 ਮਾਮਲਿਆਂ ਨਾਲ ਤਰਨਤਾਰਨ ਜ਼ਿਲਾ ਦੂਜੇ ਨੰਬਰ ’ਤੇ
ਜਿੱਥੇ ਅੰਮ੍ਰਿਤਸਰ ’ਚ ਇਸ ਸਮੇਂ 59 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆ ਚੁੱਕੇ ਹਨ, ਤਾਂ ਉਥੇ ਹੀ ਤਰਨਤਾਰਨ ਜ਼ਿਲੇ ’ਚ 28 ਮਾਮਲੇ ਸਾਹਮਣੇ ਆਉਣ ਕਾਰਨ ਤਰਨਤਾਰਨ ਜ਼ਿਲਾ ਦੂਜੇ ਨੰਬਰ ’ਤੇ ਹੈ। ਇਸ ਦੀ ਤੁਲਨਾ ’ਚ ਫ਼ਿਰੋਜ਼ਪੁਰ ਜ਼ਿਲੇ ’ਚ 5 ਕੇਸ ਸਾਹਮਣੇ ਆਉਣ ਕਰਕੇ ਇਹ ਜ਼ਿਲਾ ਤੀਜੇ ਨੰਬਰ ’ਤੇ ਹੈ ਅਤੇ ਗੁਰਦਾਸਪੁਰ ਜ਼ਿਲਾ 4 ਕੇਸਾਂ ਕਰਕੇ ਚੌਥੇ ਨੰਬਰ ’ਤੇ ਚੱਲ ਰਿਹਾ ਹੈ। ਉਥੇ ਹੀ ਮੋਗਾ, ਪਟਿਆਲਾ ਤੇ ਸੰਗਰੂਰ ’ਚ ਅਜੇ ਤੱਕ ਦੋ-ਦੋ ਕੇਸ ਹੀ ਸਾਹਮਣੇ ਆਏ ਹਨ, ਜਿਨ੍ਹਾਂ ਦੇ ਆਉਣ ਵਾਲੇ ਦਿਨਾਂ ’ਚ ਵਧਣ ਦੀ ਪੂਰੀ ਸੰਭਾਵਨਾ ਹੈ।
ਏ. ਕਿਊ. ਆਈ. ਖ਼ਤਰਨਾਕ ਪੱਧਰ ’ਤੇ
ਪਰਾਲੀ ਸਾੜਨ ਨਾਲ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਕਰਕੇ ਜ਼ਿਲੇ ’ਚ ਏ. ਕਿਊ. ਆਈ. ਵੀ ਖ਼ਤਰਨਾਕ ਪੱਧਰ ’ਤੇ ਪਹੁੰਚ ਚੁੱਕਾ ਹੈ। ਜ਼ਿਲੇ ’ਚ ਵੱਖ-ਵੱਖ ਇਲਾਕਿਆਂ ’ਚ ਔਸਤਨ ਏ. ਕਿਊ. ਆਈ. ਇਸ ਸਮੇਂ 155 ਤੋਂ ਲੈ ਕੇ 208 ਦੇ ਵਿਚਕਾਰ ਹੈ, ਜੋ ਕਿ ਖ਼ਤਰਨਾਕ ਹੈ। ਆਮ ਦਿਨਾਂ ’ਚ ਏ. ਕਿਊ. ਆਈ. 50 ਤੋਂ ਹੇਠਾਂ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਨਾਲ ਪਰਾਲੀ ਸਾੜਨ ਦੇ ਮਾਮਲੇ ਆ ਰਹੇ ਹਨ, ਉਸ ਨੂੰ ਦੇਖਦਿਆਂ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਏ. ਕਿਊ. ਆਈ. ਹੋਰ ਜ਼ਿਆਦਾ ਖ਼ਤਰਨਾਕ ਹੋਵੇਗਾ ਕਿਉਂਕਿ ਅਜੇ ਤਾਂ ਪਰਾਲੀ ਸਾੜਨ ਦੀ ਸ਼ੁਰੂਆਤ ਹੀ ਹੋਈ ਹੈ।















