ਰੱਬ ਨਾਮ ਹੈ ਡਰ ਦਾ!

Editorialਧਰਮ ਨੂੰ ਅਕਸਰ ਵਿਕਾਸਵਾਦ ਦੇ ਵਿਗਿਆਨਕ ਸਿਧਾਂਤ ਦੇ ਉਲਟ ਇੱਕ ਸੋਚ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ, ਪਰ ਇੱਕ ਹਾਲੀਆ ਖੋਜ ਅਨੁਸਾਰ ਇਹ ਦਰਅਸਲ ਮਨੁੱਖੀ ਵਿਕਾਸ ਦੀ ਬੁਨਿਆਦੀ ਕੁਦਰਤੀ ਪ੍ਰਕਿਰਿਆ ਦੀ ਉਪਜ ਹੋ ਸਕਦਾ ਹੈ। ਮਨੁੱਖੀ ਸਹਿਯੋਗ ਦੇ ਵਿਕਾਸ ਦੇ ਸਿਰਕੱਢ ਮਾਹਿਰ  ਡਾ. ਰਸਲ ਐਰਨਲਡ ਅਨੁਸਾਰ ਰੱਬ, ਜਾਂ ਬਹੁਤ ਸਾਰੇ ਰੱਬਾਂ, ਦੇ ਗੁੱਸੇ ਦੇ ਡਰ ਨੇ ਸਾਡੀ ਨਸਲ ਦੀ ਪ੍ਰਗਤੀ ਵਿੱਚ ਅਹਿਮ ਰੋਲ ਨਿਭਾਇਆ ਹੋਵੇਗਾ। ਉਸ ਦਾ ਤਰਕ ਹੈ ਕਿ ਕਿਸੇ ਅਜਿਹੇ ਪਰਮਾਤਮਾ ਵਿੱਚ ਵਿਸ਼ਵਾਸ, ਜਿਹੜਾ ਭੈੜੇ ਵਤੀਰੇ ਦੀ ਸਜ਼ਾ ਦੇਵੇਗਾ, ਨੇ ਹੀ ਸ਼ਾਇਦ ਮਨੁੱਖਾਂ ਨੂੰ ਇੱਕ ਦੂਸਰੇ ਨਾਲ ਉਸ ਤਰ੍ਹਾਂ ਦਾ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ ਹੋਵੇਗਾ ਜਿਹੜਾ ਸਾਨੂੰ ਜਾਨਵਰਾਂ ਦੇ ਸਮਾਜ ਵਿਚਲੇ ਆਪਣੇ ਰਿਸ਼ਤੇਦਾਰਾਂ ਵਿੱਚ ਦੇਖਣ ਨੂੰ ਵੀ ਨਹੀਂ ਮਿਲਦਾ। ਕਿਸੇ ਸਰਬਸ਼ਕਤੀਮਾਨ ਜਾਂ ਗ਼ੈਬੀ ਸ਼ਕਤੀ ਦੀ ਦੇਖ ਰੇਖ ਵਿੱਚ ਹੋਣ ਦੇ ਅਹਿਸਾਸ ਨੇ ਹੀ ਇਹ ਸੁਨਿਸ਼ਚਿਤ ਕੀਤਾ ਹੋਵੇਗਾ ਕਿ ਪੂਰਬ ਕਾਲ ਦੇ ਮਨੁੱਖੀ ਗੁੱਟ ਥੋੜ੍ਹੇ ਘੱਟ ਸਵਾਰਥੀਪੁਣੇ ਤੋਂ ਕੰਮ ਲੈਣ। ਆਪਸੀ ਮਿਲਣਵਰਤਣ ਦੇ ਇਸ ਵਧੇ ਹੋਏ ਪੱਧਰ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇਹੀ ਉਹ ਮਨੁੱਖੀ ਸੁਭਾਅ ਸੀ ਜਿਸ ਨੇ ਅੱਜ ਦੇ ਆਧੁਨਿਕ ਮਨੁੱਖਾਂ (Homo sapiens) ਨੂੰ ਅਜੋਕੀ ਹੱਦ ਤਕ ਸਫ਼ਲ ਬਣਾਇਆ।
ਹੜਾਂ, ਅਕਾਲਾਂ ਤੇ ਹੋਰ ਕੁਦਰਤੀ ਆਫ਼ਤਾਂ ਨੇ ਵਿਸ਼ਵ ਦੇ ਧਰਮਾਂ ਦੇ ਪਸਾਰ ਵਿੱਚ ਅਹਿਮ ਯੋਗਦਾਨ ਪਾਇਆ
ਕੁਦਰਤੀ ਆਫ਼ਤਾਂ ਹਮੇਸ਼ਾ ਬਾਈਬਲ ਦੀਆਂ ਕਹਾਣੀਆਂ ਦਾ ਕੇਂਦਰੀ ਧੁਰਾ ਤਾਂ ਰਹੀਆਂ ਹੀ ਹਨ, ਪਰ ਲਗਦਾ ਇੰਝ ਹੈ ਕਿ ਹੜ, ਅਕਾਲ, ਪਲੇਗ, ਆਦਿ, ਵਰਗੀਆਂ ਕੁਦਰਤੀ ਕਰੋਪੀਆਂ ਨੇ ਸਭ ਤੋਂ ਪਹਿਲਾਂ ਕੁਝ ਰੱਬਾਂ ਵਿੱਚ ਵਿਸ਼ਵਾਸ ਦੀ ਨੀਂਹ ਰੱਖੀ ਹੋਵੇਗੀ। ਨੌਰਥ ਕੈਰੋਲਾਈਨਾ ਸਟੇਟ ਯੂਨੀਵਰਸਿਟੀ ਦੇ ਖੋਜਕਾਰਾਂ ਅਨੁਸਾਰ ਮਨੁੱਖੀ ਇਤਿਹਾਸ ਦੇ ਔਖੇ ਵੇਲਿਆਂ ਵਿੱਚ ਸਰਬਸ਼ਕਤੀਮਾਨ ਅਤੇ ਉਪਦੇਸ਼ਕ ਤੇ ਇਖ਼ਲਾਕੀ ਰੱਬਾਂ ਵਿੱਚ ਮਨੁੱਖਾਂ ਦਾ ਵਿਸ਼ਵਾਸ ਵਧੇਰੇ ਤਾਕਤਵਰ ਰੂਪ ਵਿੱਚ ਸਾਹਮਣੇ ਆਉਂਦਾ ਰਿਹਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਕਿਸੇ ਪਰਮਾਤਮਾ ਵਿੱਚ ਯਕੀਨ ਇਹ ਯਕੀਨੀ ਬਣਾਉਂਦਾ ਹੈ ਕਿ ਕਿਸੇ ਸਮਾਜ ਵਿਚਲੇ ਮਨੁੱਖ ਉਨ੍ਹਾਂ ਇਖ਼ਲਾਕੀ ਦਾਇਰਿਆਂ ਦਰਮਿਆਨ ਹੀ ਵਿਚਰਣ ਜਿਨ੍ਹਾਂ ਦੀ ਪਾਲਣਾ ਦੀ ਉਨ੍ਹਾਂ ਨੂੰ ਕਰੜੇ ਮੌਸਮਾਂ ਜਾਂ ਔਖੇ ਵਕਤਾਂ ਵਿੱਚ ਕਰਨੀ ਪੈਂਦੀ ਹੈ। ਇਨ੍ਹਾਂ ਖੋਜਕਾਰਾਂ ਨੇ ਵਿਸ਼ਵ ਭਰ ਦੀਆਂ 583 ਧਾਰਮਿਕ ਸੋਸਾਇਟੀਆਂ ਦਾ ਇਤਿਹਾਸ ਪੜ੍ਹਿਆ। ਉਨ੍ਹਾਂ ਨੇ ਫ਼ਿਰ ਇਨ੍ਹਾਂ ਧਰਮਾਂ ਦੇ ਇਤਿਹਾਸਾਂ ਦੀ ਤੁਲਨਾ ਉਨ੍ਹਾਂ ਮਜ਼੍ਹਬਾਂ ਦੀ ਜਨਮ ਭੂਮੀ ਦੇ ਵਾਤਾਵਰਣ, ਮੀਂਹ ਸਤੇ ਬਨਸਪਤੀ ਦੀ ਉਪਜ ਨਾਲ ਕੀਤੀ ਤਾਂ ਕਿ ਇਸ ਦਾ ਇੱਕ ਕਾਲਪਨਿਕ ਇਤਿਹਾਸਕ ਖ਼ਾਕਾ ਖਿੱਚਿਆ ਜਾ ਸਕੇ ਕਿ ਉਸ ਵੇਲੇ ਦੇ ਸਮਾਜ ਕਿਹੋ ਜਿਹੀ ਹਾਲਤ ਵਿੱਚ ਰਹਿੰਦੇ ਹੋਣਗੇ। ਇਹ ਖੋਜਾਂ ਸ਼ਾਇਦ ਇਸ ਗੱਲ ‘ਤੇ ਵੀ ਚਾਨਣਾ ਪਾ ਸਕਣ ਕਿ ਇਸਾਈ, ਯਹੂਦੀ, ਹਿੰਦੂ, ਇਸਲਾਮ, ਆਦਿ, ਧਰਮ ਇਸ ਧਰਤੀ ‘ਤੇ ਸਭ ਤੋਂ ਪਹਿਲਾਂ ਕਦੋਂ ਤੇ ਕਿਵੇਂ ਉਤਪੰਨ ਹੋਏ, ਅਤੇ ਇਨ੍ਹਾਂ ਸਾਰੇ ਧਰਮਾਂ ਦੀਆਂ ਕਹਾਣੀਆਂ ਵਿੱਚ ਮੁਸ਼ਕਿਲਾਂ ਹੀ ਕੇਂਦਰੀ ਰੋਲ ਕਿਉਂ ਅਦਾ ਕਰਦੀਆਂ ਹਨ। ਯੂਨੀਵਰਸਿਟੀ ਔਫ਼ ਔਕਸਫ਼ਰਡ ਦੇ ਜੀਵ ਵਿਕਾਸ ਵਿਗਿਆਨ ਅਤੇ ਅੰਤਰਰਾਸ਼ਟਰੀ ਸਬੰਧਾਂ ਦੇ ਮਾਹਿਰ ਪ੍ਰੋ. ਡੌਮੀਨਿਕ ਜੌਹਨਸਨ ਦਾ ਮੰਨਣਾ ਹੈ ਕਿ ਇਹੋ ਕਾਰਨ ਹੋਵੇਗਾ ਕਿ ਰੱਬ ਜਾਂ ਰੱਬਾਂ ਦਾ ਡਰ ਵਿਸ਼ਵ ਦੇ ਧਰਮਾਂ ਦੀ ਪ੍ਰਮੁੱਖ ਵਿਸ਼ੇਸ਼ਤਾ ਬਣਿਆ ਰਿਹਾ ਹੈ।
ਪ੍ਰੋ. ਜੌਹਨਸਨ ਆਪਣੀ ਨਵੀਂ ਕਿਤਾਬ ‘ਗੌਡ ਇਜ਼ ਵਾਚਿੰਗ ਯੂ’ ਵਿੱਚ ਕਹਿੰਦਾ ਹੈ ਕਿ ਰੱਬੀ ਸਜ਼ਾ ਵਿੱਚ ਯਕੀਨ ਦਰਅਸਲ ਸਾਡੇ ਅੰਦਰ ਵਿਕਾਸਵਾਦ ਦੇ ਸਿਧਾਂਤ ਕਾਰਨ ਜਮਾਂਦਰੂ ਹੀ ਹੁੰਦਾ ਹੈ ਅਤੇ ਇਸੇ ਨੇ ਵਿਸ਼ਵ ਦੇ ਸਾਰੇ ਧਰਮਾਂ ਨੂੰ ਜਨਮ ਦਿੱਤਾ। ਉਸ ਦਾ ਕਹਿਣਾ ਹੈ ਕਿ ਚਾਰਲਸ ਡਾਰਵਿਨ ਦੇ ਵਿਕਾਸਵਾਦ ਦੇ ਸਿਧਾਂਤ ਦੇ ਉਲਟ ਹੋਣ ਦੀ ਬਜਾਏ, ਧਰਮ ਅਸਲ ਵਿੱਚ ਉਸ ਵਿਚਾਰ ਦੀ ਉਪਜ ਹੀ ਹੈ। ਜ਼ਰੂਰੀ ਹੈ ਕਿ ਮੈਂ ਇੱਥੇ ਡਾਰਵਿਨ ਦਾ ਵਿਕਾਸਵਾਦ ਦਾ ਸਿਧਾਂਤ ਇੱਕ ਵਾਰ ਛੇਤੀ ਨਾਲ ਪਾਠਕਾਂ ਨੂੰ ਚੇਤੇ ਕਰਵਾਉਂਦਾ ਜਾਵਾਂ। ਉਸ ਅਨੁਸਾਰ ਕੁਦਰਤ ਦਾ ਇਹ ਨਿਯਮ ਹੈ ਕਿ ਜਿਹੜੀਆਂ ਜਨਜਾਤੀਆਂ (ਜਿਹੜੇ ਜੀਵ) ਆਪਣੇ ਵਾਤਾਵਰਣ ਨਾਲ ਇਕਮਿਕ ਹੋ ਜਾਂਦੀਆਂ ਹਨ ਉਹੀ ਇਸ ਸੰਸਾਰ ਵਿੱਚ ਲੰਬੇ ਸਮੇਂ ਤਕ ਜਿਊਂਦੀਆਂ ਬਚੀਆਂ ਰਹਿ ਸਕਦੀਆਂ ਹਨ ਅਤੇ ਆਪਣੀਆਂ ਜਿਣਸੀ ਖ਼ਸਲਤਾਂ ਨੂੰ ਆਪਣੇ ਜੀਨਜ਼ (ਵੰਸ਼ਾਣੂਆਂ) ਰਾਹੀਂ ਆਪਣੇ ਵੰਸ਼ਾਂ ਨੂੰ ਵੱਡੇ ਪੱਧਰ ‘ਤੇ ਅੱਗੇ ਦੇ ਸਕਦੀਆਂ ਹਨ ਜਦੋਂ ਕਿ ਜਿਹੜੇ ਜੀਵ ਆਪਣੇ ਆਲੇ ਦੁਆਲੇ ਦੇ ਅਨੁਕੂਲ ਬਣ ਕੇ ਵਿੱਚਰਣ ਦੇ ਅਸਮਰਥ ਰਹਿੰਦੇ ਹਨ, ਉਹ ਛੇਤੀ ਹੀ ਖ਼ਤਮ ਹੋ ਜਾਂਦੇ ਹਨ। ਪ੍ਰੋ. ਜੌਹਨਸਨ ਕਹਿੰਦੇ ਹਨ, ”ਕਿਸੇ ਦੇ ਵਿਹਾਰ ਦੇ ਆਧਾਰ ‘ਤੇ ਸਜ਼ਾ ਜਾਂ ਇਨਾਮ ਦਾ ਅੰਦਾਜ਼ਾ ਲਗਾ ਲੈਣ ਦੀ ਕਾਬਲੀਅਤ ਨਿਸ਼ਚਿਤ ਰੂਪ ਵਿੱਚ ਡਾਰਵਿਨ ਦੇ ਕੁਦਰਤੀ ਚੋਣ ਦੇ ਸਿਧਾਂਤ ਦੇ ਕਾਰਨ ਹੀ ਮਨੁੱਖਾਂ ਵਿੱਚ ਪਾਈ ਜਾਂਦੀ ਹੈ ਕਿਉਂਕਿ ਉਸ ਦਾ ਸਿਧਾਂਤ ਜਿਊਂਦੇ ਰਹਿਣ ਅਤੇ ਉਤਪਤੀ ਦੀ ਗੱਲ ਕਰਦਾ ਹੈ। ਮੈਂ ਤਾਂ ਕਹਿੰਦਾ ਹਾਂ ਕਿ ਮਨੁੱਖ ਦੇ ਜੀਵਿਤ ਰਹਿਣ ਦੀ ਕੁਦਰਤੀ ਸੋਚ ਕਿ ‘ਜੇ ਆਪਣੇ ਆਲੇ ਦੁਆਲੇ ਨਾਲ ਬਣਾ ਕੇ ਰੱਖੋਗੇ ਤਾਂ ਹੀ ਜਿਊਂਦੇ ਬਚੋਗੇ ਅਤੇ ਬੱਚੇ ਪੈਦਾ ਕਰ ਸਕੋਗੇ’ ਨੇ ਹੀ ਅਲੌਕਿਕ ਇਨਾਮ ਅਤੇ ਸਜ਼ਾ ਦੇ ਸਿਧਾਂਤ ਨੂੰ ਜਨਮ ਦਿੱਤਾ ਹੋਵੇਗਾ। ਰੱਬ ਤੋਂ ਡਰ ਕੇ ਰਹਿਣ ਵਾਲੇ ਲੋਕ ਆਪਣੇ ਸਹਿ-ਮਨੁੱਖਾਂ ਦੇ ਗੱਸੇ ਤੋਂ ਬਚੇ ਰਹਿਣ ਦੇ ਵਧੇਰੇ ਕਾਬਿਲ ਸਨ ਜਿਸ ਨਾਲ ਇੱਕ ਦੂਸਰੇ ‘ਤੇ ਸੰਸਾਰਕ ਪਾਬੰਦੀਆਂ ਲਗਾਉਣ ਦਾ ਖ਼ਰਚਾ ਬੱਚ ਜਾਂਦਾ ਹੋਵੇਗਾ ਅਤੇ ਆਪਸੀ ਮਿਲਵਰਤਣ ਦੇ ਫ਼ਾਇਦੇ ਜਾਂ ਇਨਾਮ ਵੱਧ ਜਾਂਦੇ ਹੋਣਗੇ। ਇਹ ਸੋਚ ਉਸ ਪੁਰਾਣੀ ਵਿਗਿਆਨ ਬਨਾਮ ਧਰਮ ਦੀ ਬਹਿਸ ਵਿੱਚ ਇੱਕ ਅਸਧਾਰਣ ਫ਼ੇਰ ਲਿਆਉਂਦੀ ਹੈ – ਧਰਮ, ਵਿਕਾਸ ਦੇ ਸਿਧਾਂਤ ਦਾ ਬਦਲ ਨਹੀਂ ਸਗੋਂ ਉਸ ਦੀ ਉਪਜ ਹੈ।” ਪ੍ਰੋ. ਜੌਹਨਸਨ ਅੱਗੇ ਦਸਦੇ ਹਨ ਕਿ ਜੀਵਨ ਦੇ ਦੂਸਰੇ ਪੱਖਾਂ ਦੇ ਮੁਕਾਬਲੇ, ਜਿਵੇਂ ਕਿ ਪ੍ਰੇਮ ਅਤੇ ਪਰਉਪਕਾਰ ਜਿਨ੍ਹਾਂ ਦਾ ਪ੍ਰਚਾਰ ਵੀ ਵਿਸ਼ਵ ਦੇ ਸਾਰੇ ਪ੍ਰਮੁੱਖ ਧਰਮ ਖ਼ੂਬ ਕਰਦੇ ਹਨ, ਸਜ਼ਾ ਦਾ ਡਰ ਹੀ ਧਰਮ ਵਿੱਚ ਇੰਨੀ ਵੱਡੀ ਤਾਕਤ ਬਣ ਕੇ ਕਿਉਂ ਉਭਰਿਆ। ”ਪ੍ਰਮੁੱਖ ਤੌਰ ‘ਤੇ ਇਸ ਲਈ ਕਿ ਮਨੁੱਖੀ ਦਿਮਾਗ਼ਾਂ ਦੀ ਕੁਦਰਤੀ ਬਣਤਰ ਹੀ ਕੁਝ ਇਸ ਤਰ੍ਹਾਂ ਦੀ ਹੈ ਕਿ ਉਹ ਡਰ ਦੀ ਭਾਸ਼ਾ ਖ਼ੂਬ ਸਮਝਦੇ ਹਨ।”
ਧਾਰਮਿਕ ਜੰਗਾਂ ਲਗਭਗ 3 ਹਜ਼ਾਰ ਸਾਲਾਂ ਤੋਂ ਚਾਲੂ ਹਨ
ਸਦੀਆਂ ਤੋਂ ਵੱਖੋ ਵੱਖਰੇ ਧਰਮਾਂ ਦੇ ਨਾਮ ‘ਤੇ ਬੇਅੰਤ ਜੰਗਾਂ ਲੜੀਆਂ ਜਾਂਦੀਆਂ ਰਹੀਆਂ ਹਨ। ਹੁਣ ਇਸ ਹਾਲੀਆ ਖੋਜ ਵਿੱਚ ਇਹ ਇੰਕਸ਼ਾਫ਼ ਵੀ ਹੋਇਆ ਹੈ ਕਿ ਵੱਖੋ ਵੱਖਰੇ ਧਾਰਮਿਕ ਵਿਸ਼ਵਾਸਾਂ ਨੂੰ ਲੈ ਕੇ ਇਖ਼ਤਲਾਫ਼ਾਂ ਜਾਂ ਵਿਵਾਦਾਂ ਦੀ ਦਾਸਤਾਨ 700 ਬੀ.ਸੀ. ਤਕ ਪਿੱਛੇ ਜਾਂਦੀ ਹੈ। ਇਸ ਖੋਜ ਅਨੁਸਾਰ ‘ਮੈਸੋਅਮੈਰੀਕਾ’ ਦੇ ਖਿੱਤੇ ਵਿੱਚ ਧਾਰਮਿਕ ਵਿਸ਼ਾਵਾਸਾਂ ਦੇ ਉਭਾਰ ਨੇ ਸਿਆਸੀ ਅਤੇ ਸਮਾਜਕ ਵਿਵਾਦਾਂ ਨੂੰ ਜਨਮ ਦਿੱਤਾ। ਕੁਝ ਇਲਾਕਿਆਂ ਵਿੱਚ ਇਸ ਦਾ ਨਤੀਜਾ ਸਥਾਨਕ ਧਾਰਮਿਕ ਨੇਤਾਵਾਂ ਦੇ ਰੂਪ ਵਿੱਚ ਸਾਹਮਣੇ ਆਇਆ ਜਦੋਂ ਕਿ ਕੁਝ ਇਲਾਕਿਆਂ ਵਿੱਚ ਇਸ ਨੇ ਕੇਂਦਰੀ ਧਾਰਮਿਕ ਰਾਸ਼ਟਰਾਂ ਨੂੰ ਵੀ ਜਨਮ ਦਿੱਤਾ। ਖੋਜ ਨੇ ਇਹ ਇੰਕਸ਼ਾਫ਼ ਵੀ ਕੀਤਾ ਹੈ ਕਿ ਉਪਰੋਕਤ ਦੋਹਾਂ ਸੂਰਤਾਂ ਵਿੱਚ, ਬੇਸ਼ੱਕ ਦੋਹੇਂ ਇੱਕ ਦੂਜੇ ਤੋਂ ਬਿਲਕੁਲ ਭਿੰਨ ਸਨ, ਧਾਰਮਿਕ ਵਿਸ਼ਵਾਸਾਂ ਦੀ ਮਹੱਤਤਾ ਬਰਾਬਰ ਦੀ ਸੀ। ਇਸ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਧਰਮ ਸਦੀਆਂ ਤੋਂ ਸਿਆਸਤ ਨੂੰ ਪ੍ਰਭਾਵਿਤ ਕਰਦਾ ਆਇਆ ਹੈ। ਅੱਜ ਤੋਂ ਤਕਰੀਬਨ 2,700 ਵਰ੍ਹੇ ਪਹਿਲਾਂ ਕੇਂਦਰੀ ਅਮਰੀਕੀ ਇਲਾਕਿਆਂ ਵਿੱਚ ਸ਼ਕਤੀਸ਼ਾਲੀ ਰਾਸ਼ਟਰਾਂ, ਜਿਵੇਂ ਕਿ ਅਜੋਕੇ ਸੈਂਟਰਲ ਅਮੈਰੀਕਾ, ਬੈਲੀਜ਼, ਗਆਟੇਮਾਲਾ, ਐੱਲ ਸੈਲਵਾਡੋਰ, ਹੰਡੂਰਾਜ਼, ਨਿਕਰਾਗੁਆ, ਆਦਿ, ਦਾ ਉਭਾਰ ਹੋਇਆ ਅਤੇ ਇਨ੍ਹਾਂ ਨੂੰ ਸਾਂਝੇ ਤੌਰ ‘ਤੇ ਮੈਸੋਅਮੈਰੀਕਾ ਸੱਦਿਆ ਗਿਆ। ਇਸ ਖਿੱਤੇ ਨੇ ਆਪਣੇ ਇਤਿਹਾਸ ਦੌਰਾਨ ਕਈ ਅਗਾਂਹਵਧੂ ਪ੍ਰਾਚੀਨ ਸਭਿਆਚਾਰਾਂ ਨੂੰ ਜਨਮ ਦਿੱਤਾ।
ਇਨ੍ਹਾਂ ਵਿੱਚ ਪ੍ਰਾਚੀਨ ਔਲਮੈਕ (Olmec) ਤੋਂ ਲੈ ਕੇ ਸ਼ਕਤੀਸ਼ਾਲੀ ‘ਮਾਇਅ’ (Maya) ਸਭਿਅਤਾ ਤਕ ਦਾ ਉਭਾਰ ਅਤੇ ਫ਼ਿਰ ਮੈਕਸੀਕੋ ਦੀ ਪ੍ਰਫ਼ੁਲਿਤ ਐਜ਼ਟੈੱਕ ਸਭਿਅਤਾ ਦਾ ਵਿਸ਼ਵ ਸੀਨ ‘ਤੇ ਆਉਣਾ ਸ਼ਾਮਿਲ ਸੀ। ਇਨ੍ਹਾਂ ਵਿੱਚੋਂ ਹਰ ਇੱਕ ਸਭਿਅਤਾ ਦੇ ਆਪੋ ਆਪਣੇ ਸਿਆਸੀ ਢਾਂਚੇ ਅਤੇ ਧਾਰਮਿਕ ਵਿਸ਼ਵਾਸ ਸਨ। ਖੋਜਕਾਰਾਂ ਦੀ ਟੀਮ ਨੂੰ ਇਹ ਵੀ ਪਤਾ ਚੱਲਿਆ ਕਿ ਰੀਓ ਵੈਰਦ, ਐਰੀਜ਼ੋਨਾ ਦੇ ਇਲਾਕੇ ਵਿੱਚ ਲੋਕਾਂ ਦੇ ਧਾਰਮਿਕ ਵਿਸ਼ਵਾਸ ਉਨ੍ਹਾਂ ਨੂੰ ਵਧੇਰੇ ਕੇਂਦ੍ਰਿਤ ਸਿਆਸੀ ਢਾਂਚੇ ਦੇ ਨਿਰਮਾਣ ਤੋਂ ਵਰਜਦੇ ਸਨ। ਉਦਾਹਰਣ ਦੇ ਤੌਰ ‘ਤੇ, ਲੋਅਰ ਵੈਰਦ ਇਲਾਕੇ ਦੇ ਲੋਕਾਂ ਦੇ ਧਾਰਮਿਕ ਕਰਮਕਾਂਡਾਂ ਵਿੱਚ ਚੜ੍ਹਾਵਾ ਚੜ੍ਹਾਉਣ ਅਤੇ ਮ੍ਰਿਤ ਲੋਕਾਂ ਨੂੰ ਆਪਣੀ ਹੀ ਬਰਾਦਰੀ ਦੇ ਕਬਰਸਤਾਨਾਂ ਵਿੱਚ ਦਫ਼ਨਾਉਣ ਦੀ ਪ੍ਰਥਾ ਨੇ ਸਥਾਨਕ ਭਾਈਚਾਰੇ ਵਿੱਚ ਸਹਿਯੋਗ ਦੀਆਂ ਆਪਸੀ ਤੰਦਾਂ ਹੋਰ ਪੀਡੀਆਂ ਕੀਤੀਆਂ ਅਤੇ ਸਰਕਾਰੀ ਅਦਾਰਿਆਂ ਦੀ ਸਥਾਪਨਾ ਨੂੰ ਰੋਕਿਆ। ਮਨੋਵਿਗਿਆਨਕ ਖੋਜਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਾਕਾਰਾਤਮਕ ਘਟਨਾਵਾਂ ਦੇ ਮੁਕਾਬਲੇ ਨਾਕਾਰਾਤਮਕ ਘਟਨਾਵਾਂ ਦਾ ਮਨੁੱਖੀ ਸੋਚ ‘ਤੇ ਵਧੇਰੇ ਪ੍ਰਭਾਵ ਪੈਂਦਾ ਹੈ। ਇਸ ਦਾ ਕਾਰਨ ਸ਼ਾਇਦ ਸਾਡੇ ਪੂਰਵਜਾਂ ਦਾ ਉਹ ਜਮਾਂਦਰੂ ਸੁਭਾਅ ਹੀ ਸੀ ਜਿਹੜਾ ਉਨ੍ਹਾਂ ਨੂੰ ਹਰ ਉਸ ਖ਼ਤਰਨਾਕ ਤੇ ਨਾਕਾਰਾਤਕ ਸਥਿਤੀ ਤੋਂ ਬੱਚ ਕੇ ਰਹਿਣ ਲਈ ਪ੍ਰੇਰਦਾ ਸੀ ਜਿਹੜੀ ਉਨ੍ਹਾਂ ਦੇ ਜੀਵਨ ਨੂੰ ਖ਼ਤਰੇ ਵਿੱਚ ਪਾ ਸਕਦੀ ਹੋਵੇ ਤਾਂ ਕਿ ਉਹ ਆਪਣੇ ਵੰਸ਼ਾਣੂ ਆਪਣੀ ਔਲਾਦ ਨੂੰ ਵਿਰਸੇ ਵਿੱਚ ਦੇ ਸਕਣ। ਜਿਵੇਂ ਜਿਵੇਂ ਮਨੁੱਖ ਪਹਿਲਾਂ ਨਾਲੋਂ ਵੱਡੇ ਅਤੇ ਵਧੇਰੇ ਸਮਾਜਕ ਗੁੱਟਾਂ ਵਿੱਚ ਵਿਚਰਣ ਲੱਗੇ ਤਿਉਂ ਤਿਉਂ ਉਨ੍ਹਾਂ ਵਿੱਚ ਇੱਕ ਦੂਸਰੇ ਦੀ ਮਨਸ਼ਾ ਨੂੰ ਸਮਝਣ ਦੀ ਕਾਬਲੀਅਤ ਵੀ ਵਧਣ ਲੱਗੀ।
ਪ੍ਰੋ. ਜੌਹਨਸਨ ਕਹਿੰਦੇ ਹਨ: ”ਜਦੋਂ ਮਨੁੱਖਾਂ ਨੇ ਪੇਚੀਦਾ ਭਾਸ਼ਾਵਾਂ ਅਤੇ theory of mind  ਜਾਂ ਮਨ ਦੀ ਵਿਧਾ (ਇਹ ਜਾਣਨ ਦੀ ਕਾਬਲੀਅਤ ਕਿ ਦੂਸਰੇ ਕਿਵੇਂ ਮਹਿਸੂਸ ਕਰਦੇ ਹਨ ਜਾਂ ਕੀ ਜਾਣਦੇ ਹਨ) ਦਾ ਵਿਕਾਸ ਕਰ ਲਿਆ ਤਾਂ ਮਨੁੱਖੀ ਵਿਹਾਰ ਬਹੁਤ ਜ਼ਿਆਦਾ ਪਾਰਦਰਸ਼ੀ ਬਣ ਗਿਆ ਅਤੇ ਸਵਾਰਥੀਪੁਣੇ ਤੇ ਸਮਾਜਕ ਉਲੰਘਣਾਵਾਂ ਦਾ ਅਰਥ ਸੀ ਇੰਤਕਾਮ ਦੇ ਰੂਪ ਵਿੱਚ ਵਧੇਰੇ ਖ਼ਰਚਾ ਜਾਂ ਫ਼ਿਰ ਨਿੱਜੀ ਜਾਂ ਪਰਿਵਾਰਕ ਸਾਖ ਨੂੰ ਧੱਬਾ। ”ਅਜਿਹੇ ਖ਼ਰਚਿਆਂ ਤੋਂ ਬਚਣ ਦੀ ਕੋਸ਼ਿਸ਼ਾਂ ਨੇ ਮਨੁੱਖੀ ਇਤਿਹਾਸ ਦਾ ਪ੍ਰਵੇਸ਼ ਇੱਕ ਅਜਿਹੇ ਨਵੇਂ ਯੁੱਗ ਵਿੱਚ ਕਰਵਾਇਆ ਜਿਸ ਵਿੱਚ ਸਵਾਰਥੀਪੁਣੇ ਨੂੰ ਦਬਾ ਕੇ ਰੱਖਣਾ ਮਨੁੱਖ ਦੀ ਵਿਕਾਸਕਾਰੀ ਸਫ਼ਲਤਾ ਲਈ ਇੱਕ ਮਹੱਤਵਪੂਰਣ ਸਾਮੱਗਰੀ ਬਣ ਗਿਆ। ਇਹ ਸੋਚ ਕਿ ‘ਬੰਦੇ ਦੇ ਚੰਗੇ ਅਤੇ ਮੰਦੇ ਕਰਮ ਪਰਮਾਤਮਾ ਜਾਂ ਕਿਸੇ ਹੋਰ ਅਲੌਕਿਕ ਏਜੰਟ ਵਲੋਂ ਪਹਿਲਾਂ ਵਾਚੇ ਤੇ ਜਾਂਚੇ ਅਤੇ ਫ਼ਿਰ ਉਸੇ ਦੇ ਇਲਾਹੀ ਹੁਕਮ ਅਨੁਸਾਰ ਨਿਵਾਜ਼ੇ ਜਾਂ ਦੁਰਕਾਰੇ ਜਾਣਗੇ’ ਵਿਸ਼ਵ ਦੇ ਸਾਰੇ ਅਜੋਕੇ ਅਤੇ ਪ੍ਰਾਚੀਨ ਧਰਮਾਂ ਦਾ ਇੱਕ ਸਾਂਝਾ ਲੱਛਣ ਰਹੀ ਹੈ। ”ਰੱਬੀ ਸਜ਼ਾ ਦੇ ਖ਼ਤਰੇ ਦੀ ਲਟਕਦੀ ਤਲਵਾਰ ਸਵਾਰਥੀ ਰਵੱਈਏ ਨੂੰ ਨੱਥ ਪਾ ਕੇ ਰੱਖਦੀ ਸੀ ਅਤੇ ਆਪਸੀ ਮਿਲਵਰਤਣ ਨੂੰ ਪ੍ਰੇਰਿਤ ਕਰਦੀ ਸੀ ਜੋ ਕਿ ਲੋਕਾਂ ਤੇ ਸਮਾਜ ਦੋਹਾਂ ਲਈ ਇੱਕ ਚੰਗੀ ਚੀਜ਼ ਸੀ।” ਉਸ ਨੇ ਅੱਗੇ ਕਿਹਾ ਕਿ ਵਿਸ਼ਵ ਦੇ ਪ੍ਰਮੁੱਖ ਧਰਮ ਇਖ਼ਲਾਕੀ ਕਿਰਦਾਰ ਕਾਇਮ ਰੱਖਣ ਦੀ ਲੋੜ ‘ਤੇ ਇਸ ਲਈ ਜ਼ੋਰ ਦਿੰਦੇ ਹਨ ਤਾਂ ਕਿ ਰੱਬ ਦੀ ਅਪ੍ਰਸੰਨਤਾ ਜਾਂ ਗੁੱਸੇ ਤੋਂ ਬੱਚਿਆ ਜਾ ਸਕੇ।
ਇਸਾਈ ਮਤ ਵਿੱਚ, ਜਿਹੜੇ ਵਫ਼ਾਦਾਰ ਹਨ ਅਤੇ ਰੱਬ ਤੋਂ ਖਿਮਾ ਲੋਚਦੇ ਹਨ ਨੂੰ ਸਵੱਰਗ ਲੋਕ ਵਿੱਚ ਸਥਾਨ ਮਿਲੇਗਾ ਜਦੋਂ ਕਿ ਜਿਹੜੇ ਉਸ ਪਰਵਰਦਿਗ਼ਾਰ ਤੋਂ ਮੁਆਫ਼ੀ ਮੰਗਣ ਤੋਂ ਗ਼ੁਰੇਜ਼ ਕਰਨਗੇ ਉਹ ਸਿੱਧੇ ਜਹੱਨੁਮ ਨੂੰ ਰਸੀਦ ਕੀਤੇ ਜਾਣਗੇ। ਓਲਡ ਟੈਸਟਾਮੈਂਟ ਅਤੇ ਹੀਬਰੂ ਬਾਈਬਲ ਇੱਕ ਬਹੁਤ ਹੀ ਖੁੰਦਕੀ ਰੱਬ ਦੀ ਗੱਲ ਕਰਦੇ ਹਨ ਜਿਹੜਾ ਬਹੁਤ ਸਰਗਰਮੀ ਨਾਲ ਮਨੁੱਖੀ ਉਲੰਘਣਾਵਾਂ ਦੀ ਸਜ਼ਾ ਦਿੰਦਾ ਹੈ। ਹਿੰਦੂਆਂ ਦਾ ਵਿਸ਼ਵਾਸ ਹੈ ਕਿ ਜੇਕਰ ਉਹ ਆਪਣੇ ਜੀਵਨ ਦੌਰਾਨ ਪਾਪ ਕਮਾਉਣਗੇ ਤਾਂ ਆਪਣੇ ਅਗਲੇ ਜਨਮ ਵਿੱਚ ਉਹ ਕਿਸੇ ਅਣਚਾਹੇ ਜਾਨਵਰ ਦੇ ਰੂਪ ਵਿੱਚ ਇਸ ਧਰਤੀ ‘ਤੇ ਜਨਮ ਲੈਣਗੇ। ਰੋਮਨ ਅਤੇ ਪ੍ਰਾਚੀਨ ਕਾਲ ਦੇ ਯੂਨਾਨੀ (ਗਰੀਕ) ਲੋਕ ਵੀ ਬਹੁਤ ਸਾਰੇ ਅਜਿਹੇ ਰੱਬਾਂ ਵਿੱਚ ਵਿਸ਼ਵਾਸ ਰੱਖਦੇ ਸਨ ਜਿਹੜੇ ਕੁਦਰਤੀ ਕਰੋਪੀਆਂ ਲਈ ਜ਼ਿੰਮੇਵਾਰ ਸਮਝੇ ਜਾਂਦੇ ਸਨ ਅਤੇ ਜਿਨ੍ਹਾਂ ਨੂੰ ਵਕਤਨ ਬਾਵਕਤਨ ਖ਼ੁਸ਼ ਕਰਨ ਦੀ ਲੋੜ ਪੈਂਦੀ ਰਹਿੰਦੀ ਸੀ। ਪ੍ਰੋ. ਜੌਹਨਸਨ ਦਾ ਦਾਅਵਾ ਹੈ ਕਿ ਪਗਾਨ (ਮੂਰਤੀਪੂਜਕ ਜਾਂ ਆਤਮਾਵਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਗ਼ੈਰ-ਇਸਾਈ, ਗ਼ੈਰ-ਮੁਸਲਿਮ ਜਾਂ ਗ਼ੈਰ-ਯਹੂਦੀ ਧਰਮ) ਵਿਸ਼ਵਾਸ ਪ੍ਰਣਾਲੀ ਵਿੱਚ ਅਕਸਰ ਬਦਲਾਲਊ ਤਾਕਤਾਂ ਰੱਖਣ ਵਾਲੀਆਂ ਆਤਮਾਵਾਂ ਦਾ ਜ਼ਿਕਰ ਆਉਂਦਾ ਹੈ। ਉਹ ਅੱਗੇ ਕਹਿੰਦਾ ਹੈ: ”ਜਦੋਂ ਅਸੀਂ ਕੁਝ ਸਵਾਰਥੀ ਜਾਂ ਗ਼ਲਤ ਕਰਦੇ ਹਾਂ, ਭਾਵੇਂ ਅਜਿਹਾ ਕਰਨ ਵੇਲੇ ਅਸੀਂ ਬਿਲਕੁਲ ਇਕੱਲੇ ਹੀ ਕਿਉਂ ਨਾ ਹੋਈਏ ਅਤੇ ਸਾਡੇ ਕਦੇ ਵੀ ਫ਼ੜੇ ਜਾਣ ਦੀ ਕੋਈ ਸੰਭਾਵਨਾ ਨਾ ਹੋਵੇ, ਅਸੀਂ ਆਪਣੇ ਆਪ ਨੂੰ ਇਸ ਅਹਿਸਾਸ ਤੋਂ ਸੁਰਖ਼ਰੂ ਨਹੀਂ ਕਰਾ ਸਕਦੇ ਕਿ ਕੋਈ ਸ਼ਕਤੀ ਜਾਂ ਚੀਜ਼ ਸਾਨੂੰ ਲਗਾਤਾਰ ਵਾਚ ਰਹੀ ਹੈ। ਇਹ ਤਰਕਸੰਗਤ ਨਹੀਂ। ਇਹ ਵਿਵੇਕਪੂਰਨ ਨਹੀਂ। ਪਰ ਹਕੀਕਤ ਇਹੀ ਹੈ ਕਿ ਇਹ ਵਿਸ਼ਵਾਸ ਧਰਮੀਆਂ ਤੇ ਅਧਰਮੀਆਂ ਦਰਮਿਆਨ ਬਰਾਬਰ ਦੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਦਰਅਸਲ, ਇਹ ਵਿਸ਼ਵਾਸ ਜਾਂ ਸੋਚ ਸਾਰੇ ਮਨੁੱਖੀ ਇਤਿਹਾਸ ਤੋਂ ਲੈ ਕੇ ਸਭਿਆਚਾਰਾਂ ਤਕ ਵਿੱਚ ਸਰਵਵਿਆਪੀ ਹੈ … ਇਹ ਮਨੁੱਖੀ ਫ਼ਿਤਰਤ ਦਾ ਇੱਕ ਅਨਿੱਖੜਵਾਂ ਹਿੱਸਾ ਹੈ।”