ਰੱਖੜੀ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਵੱਡਾ ਐਲਾਨ! ਇਨ੍ਹਾਂ ਨੂੰ ਮਿਲਣਗੇ 40-40 ਹਜ਼ਾਰ ਰੁਪਏ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਰੱਖੜੀ ਤੋਂ ਪਹਿਲਾਂ ਵੱਡਾ ਐਲਾਨ ਕੀਤਾ ਹੈ। ਸਰਕਾਰ ਵੱਲੋਂ ਸਰਹੱਦੀ ਜ਼ਿਲ੍ਹਿਆਂ ‘ਚ ਤਾਇਨਾਤ ਸਪੈਸ਼ਲਿਸਟ ਡਾਕਟਰਾਂ ਨੂੰ ਤਨਖ਼ਾਹ ਤੋਂ ਇਲਾਵਾ ਹਰ ਮਹੀਨੇ 40 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ ਡਾਕਟਰ ਆਪਣੀ ਮਰਜ਼ੀ ਨਾਲ ਸਰਹੱਦੀ ਜ਼ਿਲ੍ਹਿਆਂ ਵਿਚ ਪੋਸਟਿੰਗ ਵੀ ਲੈ ਸਕਣਗੇ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਮੁਤਾਬਕ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਸਪੈਸ਼ਲਿਸਟ ਡਾਕਟਰਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ ਕਿ ਹੁਣ ਸਰਹੱਦੀ ਇਲਾਕਿਆਂ ਵਿਚ ਤਾਇਨਾਤ ਸਪੈਸ਼ਲਿਸਟ ਡਾਕਟਰਾਂ ਨੂੰ ਤਨਖ਼ਾਹ ਤੋਂ ਇਲਾਵਾ 40 ਹਜ਼ਾਰ ਰੁਪਏ ਵਾਧੂ ਦਿੱਤੇ ਜਾਣਗੇ।
ਦਰਅਸਲ, ਸਰਹੱਦੀ ਇਲਾਕਿਆਂ ਵਿਚ ਪੋਸਟਿੰਗ ਮਿਲਣ ‘ਤੇ ਡਾਕਟਰਾਂ ਵੱਲੋਂ ਸਹੂਲਤਾਂ ਦੀ ਘਾਟ ਦਾ ਹਵਾਲਾ ਦਿੱਤਾ ਜਾਂਦਾ ਹੈ। ਇਹ ਵਜ੍ਹਾ ਦੇ ਕੇ ਡਾਕਟਰ ਉੱਥੋਂ ਛੇਤੀ ਟਰਾਂਸਫ਼ਰ ਲੈ ਲੈਂਦੇ ਹਨ, ਜਿਸ ਕਾਰਨ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਤਕ ਚੰਗੀਆਂ ਸਿਹਤ ਸਹੂਲਤਾਂ ਪਹੁੰਚਾਉਣ ‘ਚ ਸਮੱਸਿਆ ਆਉਂਦੀ ਹੈ। ਇਸ ਲਈ ਸਰਕਾਰ ਨੇ ਸਰਹੱਦੀ ਜ਼ਿਲ੍ਹਿਆਂ ਵਿਚ ਤਾਇਨਾਤ ਡਾਕਟਰਾਂ ਨੂੰ ਹਰ ਮਹੀਨੇ 40 ਹਜ਼ਾਰ ਰੁਪਏ ਵਾਧੂ ਦੇਣ ਦਾ ਫ਼ੈਸਲਾ ਲਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਪੈਸ਼ਲਿਸਟ ਡਾਕਟਰਜ਼ ਐਸੋਸੀਏਸ਼ਨ ਸਰਕਾਰ ਅੱਗੇ ਇਹ ਮੰਗ ਰੱਖ ਚੁੱਕੀ ਹੈ ਕਿ ਜੇ ਸਰਕਾਰ 40 ਹਜ਼ਾਰ ਰੁਪਏ ਵਾਧੂ ਦੇਵੇ ਤਾਂ ਉਹ ਸਰਹੱਦੀ ਜ਼ਿਲ੍ਹਿਆਂ ਤੋਂ ਟਰਾਂਸਫਰ ਨਹੀਂ ਲੈਣਗੇ। ਹੁਣ ਸਰਕਾਰ ਨੇ ਲੋਕਾਂ ਦੀ ਸਹੂਲਤ ਤੇ ਡਾਕਟਰਾਂ ਦੀ ਮੰਗ ਨੂੰ ਵੇਖਦਿਆਂ ਇਹ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਨਾਲ ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ, ਤਰਨਤਾਰਨ, ਪਠਾਨਕੋਟ, ਫਾਜ਼ਿਲਕਾ, ਜਲਾਲਾਬਾਦ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿਚ ਤਾਇਨਾਤ ਡਾਕਟਰਾਂ ਨੂੰ ਲਾਭ ਮਿਲੇਗਾ।