ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਦੀ ਨਵੀਂ ਫ਼ਿਲਮ ਬਿਊਟੀਫ਼ੁਲ ਬਿੱਲੋ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਜਿਸ ਦੀ ਜਾਣਕਾਰੀ ਉਸ ਨੇ ਆਪਣੇ ਇਨਸਟਾਗ੍ਰੈਮ ‘ਤੇ ਕੁੱਝ ਤਸਵੀਰਾਂ ਸ਼ੇਅਰ ਕਰ ਕੇ ਦਿੱਤੀ ਹੈ। ਰੌਸ਼ਨ ਪ੍ਰਿੰਸ ਨਾਲ ਇਸ ਫ਼ਿਲਮ ‘ਚ ਰੁਬੀਨਾ ਬਾਜਵਾ ਅਤੇ ਨੀਰੂ ਬਾਜਵਾ ਨਜ਼ਰ ਆਉਣਗੀਆਂ। ਇਹ ਫ਼ਿਲਮ ਨੀਰੂ ਬਾਜਵਾ ਐਨਟਰਟੇਨਮੈਂਟ, ਓਮ ਜੀ ਸਟਾਰ ਸਟੂਡੀਓਜ਼ ਅਤੇ ਸਰੀਨ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਬਣ ਰਹੀ ਹੈ। ਇਸ ਫ਼ਿਲਮ ਨੂੰ ਅਮਰਿਤ ਰਾਜ ਚੱਡਾ ਡਾਇਰੈਕਟ ਕਰ ਰਹੇ ਹਨ।
ਦੱਸ ਦਈਏ ਕਿ ਰੌਸ਼ਨ ਪ੍ਰਿੰਸ ਇਸ ਫ਼ਿਲਮ ਤੋਂ ਪਹਿਲਾਂ ਰੁਬੀਨਾ ਬਾਜਵਾ ਨਾਲ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੈ। ਇਸ ਜੋੜੀ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ। ਰੌਸ਼ਨ ਪ੍ਰਿੰਸ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝਿਆ ਹੋਇਆ ਹੈ। ਸਿਹਰ ਟਾਈਟਲ ਹੇਠ ਬਣ ਰਹੀ ਇਸ ਫ਼ਿਲਮ ਦੀ ਸ਼ੂਟਿੰਗ ਯੌਰਪੀਅਨ ਮੁਲਕ ਹੰਗਰੀ ‘ਚ ਚੱਲ ਰਹੀ ਹੈ। ਇਸ ਫ਼ਿਲਮ ‘ਚ ਰੌਸ਼ਨ ਪ੍ਰਿੰਸ ਨਾਲ ਸਾਵਨ ਰੂਪੋਵਾਲੀ, ਨਵ ਬਾਜਵਾ, ਧੀਰਜ ਕੁਮਾਰ, ਸਾਰਾ ਗੁਰਪਾਲ, ਜਸਵੰਤ ਰਾਠੌਰ ਤੇ ਨਿਰਮਲ ਰਿਸ਼ੀ ਸਮੇਤ ਹੋਰ ਕਈ ਵੱਡੇ ਅਦਾਕਾਰ ਦਿਖਾਈ ਦੇਣਗੇ। ਇਹ ਫ਼ਿਲਮ ਸਿਰਾਜੁਦੀਨ ਅਨਸਾਰੀ ਦੀ ਡਾਇਰੈਕਸ਼ਨ ‘ਚ ਬਣ ਰਹੀ ਹੈ।
ਦੱਸਣਯੋਗ ਹੈ ਕਿ ਇਸ ਫ਼ਿਲਮ ਤੋਂ ਇਲਾਵਾ ਰੌਸ਼ਨ ਪ੍ਰਿੰਸ ਗਿੱਪੀ ਗਰੇਵਾਲ ਦੀ ਫ਼ਿਲਮ ‘ਚ ਵੀ ਕੰਮ ਕਰ ਰਿਹਾ ਹੈ ਅਤੇ ਹੁਣ ਉਸ ਦੀ ਇਸ ਨਵੀਂ ਫ਼ਿਲਮ ਨੂੰ ਲੈ ਕੇ ਉਸ ਦੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ। ਉਹ ਇਹ ਜਾਣਨ ਲਈ ਉਤਾਵਲੇ ਹਨ ਕਿ ਇਸ ਫ਼ਿਲਮ ‘ਚ ਉਹ ਕਿਸ ਤਰ੍ਹਾਂ ਦਾ ਕਿਰਦਾਰ ਕਰ ਰਿਹਾ ਹੈ।











