ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਵਾਣੀ ਕਪੂਰ ਖ਼ਿਲਾਫ਼ ਸ਼ਿਕਾਇਤ ਦਰਜ

ਬੌਲੀਵੁਡ ਸਿਤਾਰੇ ਅਕਸਰ ਫ਼ੈਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਟਰੋਲ ਹੁੰਦੇ ਹਨ। ਅਜਿਹੇ ‘ਚ ਬਹੁਤ ਸਿਤਾਰੇ ਅਜਿਹੇ ਹਨ ਜੋ ਕੱਪੜਿਆਂ ਨੂੰ ਲੈ ਕੇ ਟਰੋਲਰਜ਼ ਦੇ ਨਿਸ਼ਾਨੇ ‘ਤੇ ਆ ਜਾਂਦੇ ਹਨ। ਹਾਲ ਹੀ ‘ਚ ਫ਼ਿਲਮ ਅਭਿਨੇਤਰੀ ਵਾਣੀ ਕਪੂਰ ਦੀ ਡਰੈੱਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਹੰਗਾਮਾ ਖੜ੍ਹਾ ਹੋ ਗਿਆ। ਅਸਲ ਵਿੱਚ ਵਾਣੀ ਕਪੂਰ ਨੇ ਆਪਣੇ ਇਨਸਟਾਗ੍ਰੈਮ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿੱਚ ਉਸ ਨੇ ਫ਼ਰੰਟ ਨੌਟ ਕਰੌਪ ਟੌਪ ਪਹਿਨਿਆ ਹੋਇਆ ਸੀ ਜਿਸ ‘ਤੇ ਹਰੇ ਰਾਮ ਲਿਖਿਆ ਹੋਇਆ ਸੀ। ਇਸ ਪਿਛੋਂ ਸੋਸ਼ਲ ਮੀਡੀਆ ‘ਤੇ ਉਸ ਦੀ ਕਾਫ਼ੀ ਆਲੋਚਨਾ ਹੋਈ।
ਹੁਣ ਵਾਣੀ ਵਿਰੁੱਧ ਸ਼ਿਕਾਇਤ ਐੱਨ. ਐੱਮ. ਜੋਸ਼ੀ ਮਾਰਗ ਪੁਲਸ ਥਾਣੇ ਵਿੱਚ ਦਰਜ ਹੋਈ ਹੈ। ਸ਼ਿਕਾਇਤਕਰਤਾ ਰਮਾ ਸਾਵੰਤ ਨੇ ਕਿਹਾ ਹੈ ਕਿ ਵਾਣੀ ਨੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਹੈ। ਉਸ ਨੂੰ ਸੱਦ ਕੇ ਉਸ ਦਾ ਬਿਆਨ ਲਿਆ ਜਾਵੇ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਵੇ।