ਕਰਨ ਤੇ ਸ਼ਾਹਰੁਖ਼ ‘ਚ ਆਈ ਦੂਰੀ

ਇੱਕ ਸਮਾਂ ਸੀ ਜਦੋਂ ਕਰਨ ਜੌਹਰ ਨੇ ਕਿਹਾ ਸੀ ਕਿ ਸ਼ਾਹਰੁਖ਼ ਨੂੰ ਲਏ ਬਿਨਾਂ ਉਹ ਫ਼ਿਲਮ ਬਣਾਉਣ ਬਾਰੇ ਸੋਚ ਹੀ ਨਹੀਂ ਸਕਦਾ ਜਦਕਿ ਹੁਣ ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਕੋਈ ਵੀ ਫ਼ਿਲਮ ਇਕੱਠਿਆਂ ਨਹੀਂ ਕੀਤੀ …
ਕਰਨ ਜੌਹਰ ਇਸ ਸਮੇਂ ਭਾਰਤ ਦੇ ਸਭ ਤੋਂ ਵੱਡੇ ਫ਼ਿਲਮ ਨਿਰਮਾਤਾਵਾਂ ਵਿਚੋਂ ਇੱਕ ਹੈ। ਉਸ ਨੇ ਇਸ ਸਮੇਂ ਯਸ਼ਰਾਜ ਫ਼ਿਲਮਜ਼ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਧਰਮਾ ਪ੍ਰੋਡਕਸ਼ਨਜ਼ ਦੇ ਨਾਂ ਹੇਠ ਉਹ ਕਈ ਫ਼ਿਲਮਾਂ ਇਕੱਠੀਆਂ ਬਣਾ ਰਿਹਾ ਹੈ। ਕਈ ਵੱਡੇ ਸਿਤਾਰੇ ਉਸ ਨਾਲ ਕੰਮ ਕਰ ਰਹੇ ਹਨ, ਪਰ ਇਨ੍ਹਾਂ ਫ਼ਿਲਮਾਂ ਵਿਚੋਂ ਕਿਸੇ ਵੀ ਫ਼ਿਲਮ ਵਿੱਚ ਸ਼ਾਹਰੁਖ਼ ਖ਼ਾਨ ਨਜ਼ਰ ਨਹੀਂ ਆਵੇਗਾ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਕਰਨ ਜੌਹਰ ਨੇ ਕਿਹਾ ਸੀ ਕਿ ਉਹ ਸ਼ਾਹਰੁਖ਼ ਤੋਂ ਬਿਨਾਂ ਫ਼ਿਲਮ ਬਣਾਉਣ ਦੀ ਕਲਪਨਾ ਵੀ ਨਹੀਂ ਕਰ ਸਕਦਾ, ਪਰ ਬਾਅਦ ਵਿੱਚ ਉਹ ਆਪਣੀ ਗੱਲ ‘ਤੇ ਕਾਇਮ ਨਹੀਂ ਰਿਹਾ। ਅੱਜ ਉਸ ਵੱਲੋਂ ਬਣਾਈਆਂ ਜਾ ਰਹੀਆਂ ਫ਼ਿਲਮ ‘ਚੋਂ ਸ਼ਾਹਰੁਖ਼ ਖ਼ਾਨ ਗੁੰਮ ਕਿਉਂ ਹੈ?
ਬੌਲੀਵੁਡ ਦੇ ਸੂਤਰਾਂ ਦਾ ਕਹਿਣਾ ਹੈ ਕਿ ਸ਼ਾਹਰੁਖ਼ ਅਤੇ ਕਰਨ ਜੌਹਰ ਵਿਚਾਲੇ ਹੁਣ ਪਹਿਲਾਂ ਵਰਗੇ ਗੂੜ੍ਹੇ ਸਬੰਧ ਨਹੀਂ ਰਹੇ। ਦੋਹਾਂ ਵਿਚਾਲੇ ਕੁੱਝ ਗੱਲਾਂ ਨੂੰ ਲੈ ਕੇ ਅਣਬਣ ਹੈ। ਭਾਵੇਂ ਉਹ ਖੁੱਲ੍ਹੇ ਤੌਰ ‘ਤੇ ਖ਼ੁਸ਼ੀ ਭਰੇ ਅੰਦਾਜ਼ ‘ਚ ਇੱਕ-ਦੂਜੇ ਨੂੰ ਮਿਲਦੇ ਹਨ, ਪਰ ਉਹ ਦੋਹੇਂ ਇੱਕ-ਦੂਜੇ ਨਾਲ ਕੰਮ ਕਰਨ ਤੋਂ ਬਚ ਰਹੇ ਹਨ। ਕਰਨ ਜੌਹਰ ਦਾ ਝੁਕਾਅ ਅੱਜ ਕੱਲ੍ਹ ਬੌਲੀਵੁਡ ਦੇ ਦੂਜੇ ਹੀਰੋਜ਼ ਵੱਲ ਜ਼ਿਆਦਾ ਹੈ। ਕਿਹਾ ਜਾ ਰਿਹਾ ਹੈ ਕਿ ਇਹੀ ਗੱਲ ਸ਼ਾਹਰੁਖ਼ ਖ਼ਾਨ ਨੂੰ ਪਸੰਦ ਨਹੀਂ ਆ ਰਹੀ, ਅਤੇ ਉਸ ਨੇ ਕਰਨ ਤੋਂ ਦੂਰੀ ਬਣਾ ਲਈ ਹੈ।
ਦੂਜੇ ਪਾਸੇ ਕਰਨ ਨੂੰ ਵੀ ਸ਼ਾਹਰੁਖ਼ ਦੀ ਹੁਣ ਬਹੁਤੀ ਜ਼ਰੂਰਤ ਨਹੀਂ ਰਹੀ। ਉਸ ਨੇ ਨਵੇਂ ਸਟਾਰਜ਼ ਦੀ ਵੱਡੀ ਸੂਚੀ ਤਿਆਰ ਕਰ ਲਈ ਹੈ, ਅਤੇ ਹੁਣ ਉਹ ਵਰੁਣ ਧਵਨ, ਸਿਧਾਰਥ ਮਲਹੋਤਰਾ ਅਤੇ ਰਣਬੀਰ ਕਪੂਰ ਵਰਗੇ ਨੌਜਵਾਨ ਸਿਤਾਰਿਆਂ ਨਾਲ ਫ਼ਿਲਮਾਂ ਬਣਾਉਣੀਆਂ ਪਸੰਦ ਕਰਦਾ ਹੈ। ਦੂਜੇ ਪਾਸੇ ਸ਼ਾਹਰੁਖ਼ ਖ਼ਾਨ ਆਪਣੀਆਂ ਫ਼ਲੌਪ ਫ਼ਿਲਮਾਂ ਨਾਲ ਜੂਝ ਰਿਹਾ ਹੈ। ਪਿਛਲੇ ਕੁੱਝ ਸਾਲਾਂ ਤੋਂ ਸ਼ਾਹਰੁਖ਼ ਨੇ ਕੋਈ ਹਿੱਟ ਫ਼ਿਲਮ ਇੰਡਸਟਰੀ ਨੂੰ ਨਹੀਂ ਦਿੱਤੀ। ਇਸ ਸਮੇਂ ਉਸ ਨੂੰ ਇੱਕ ਸੁਪਰਹਿੱਟ ਫ਼ਿਲਮ ਦੀ ਸਖ਼ਤ ਲੋੜ ਹੈ। ਅਜਿਹੇ ਸਮੇਂ ਉਸ ਨੂੰ ਆਪਣੇ ਦੋਸਤ ਆਦਿਤਿਆ ਚੋਪੜਾ ਅਤੇ ਕਰਨ ਜੌਹਰ ਦੀ ਸਭ ਤੋਂ ਵੱਧ ਜ਼ਰੂਰਤ ਹੈ। ਸ਼ਾਹਰੁਖ਼ ਇਨ੍ਹੀਂ ਦਿਨੀਂ ਬੌਲੀਵੁਡ ‘ਚ ਘੱਟ ਹੀ ਨਜ਼ਰ ਆਉਂਦਾਹੈ। ਉਸ ਨੇ ਪਾਰਟੀਆਂ ਅਤੇ ਪ੍ਰੋਗਰਾਮਾਂ ‘ਚ ਜਾਣਾ ਵੀ ਘੱਟ ਕਰ ਦਿੱਤਾ ਹੈ। ਉਹ ਆਪਣੇ ਕਰੀਅਰ ਬਾਰੇ ਸੋਚ ਰਿਹਾ ਹੈ ਕਿ ਕਿਸ ਤਰ੍ਹਾਂ ਦੀ ਫ਼ਿਲਮ ਕੀਤੀ ਜਾਵੇ ਤਾਂ ਕਿ ਉਹ ਮੁੜ ਸਟਾਰਡਮ ‘ਚ ਆ ਜਾਵੇ।