ਰਿਜ਼ਰਵ ਬੈਂਕ ਨੇ ਅਮਰਿੰਦਰ ਦੇ ਯਤਨਾਂ ਨਾਲ ਸੀ. ਸੀ. ਐੱਲ. ਲਿਮਿਟ ਵਧਾ ਕੇ 20683 ਕਰੋੜ ਕੀਤੀ

ਜਲੰਧਰ —ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭਾਰਤੀ ਰਿਜ਼ਰਵ ਬੈਂਕ ‘ਤੇ ਲਗਾਤਾਰ ਪਾਏ ਜਾ ਰਹੇ ਦਬਾਅ ਤੋਂ ਬਾਅਦ ਰਿਜ਼ਰਵ ਬੈਂਕ ਨੇ ਪੰਜਾਬ ‘ਚ ਕਣਕ ਦੀ ਫਸਲ ਦੀ ਖਰੀਦ ਲਈ ਕੈਸ਼ ਕ੍ਰੈਡਿਟ ਲਿਮਿਟ (ਸੀ. ਸੀ. ਐੱਲ.) ਨੂੰ ਵਧਾ ਕੇ 20683 ਕਰੋੜ ਕਰ ਦਿੱਤਾ ਹੈ। ਜਿਸ ‘ਚੋਂ ਸੂਬਾ ਸਰਕਾਰ ਨੇ ਅਪ੍ਰੈਲ ਤਕ ਕਿਸਾਨਾਂ ਨੂੰ 14053.61 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਸੂਬੇ ਦੀਆਂ ਸਾਰੀਆਂ ਖਰੀਦ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਤੁਰੰਤ ਕਿਸਾਨਾਂ ਦੀ ਬਾਕੀ ਬਚੀ ਰਾਸ਼ੀ ਵੀ ਰਿਲੀਜ਼ ਕਰ ਦੇਣ ਤਾਂ ਕਿ ਕਿਸਾਨ ਨਵੀਂ ਫਸਲ ਦੀ ਬਿਜਾਈ ਦੀਆਂ ਤਿਆਰੀਆਂ ਹੁਣ ਤੋਂ ਸ਼ੁਰੂ ਕਰ ਸਕਣ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਅਨਾਜਾਂ ਦੀ ਖਰੀਦ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਬਿਨਾਂ ਰੁਕਾਵਟ ਦੇ ਸੰਪੰਨ ਕਰਨ ਦੇ ਵਿਧਾਨ ਸਭਾ ਚੋਣਾਂ ‘ਚ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰੀ ਤਰ੍ਹਾਂ ਲਾਗੂ ਕਰਦੇ ਹੋਏ ਸੂਬਾ ਸਰਕਾਰ ਨੇ ਅਪ੍ਰੈਲ ਦੇ ਅੰਤ ਤਕ ਕਿਸਾਨਾਂ ਨੂੰ ਹੁਣ ਤਕ ਦੀ ਸਭ ਤੋਂ ਵੱਧ ਪੇਮੈਂਟ 14053.61 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ ਜਦਕਿ ਸਾਬਕਾ ਅਕਾਲੀ ਸਰਕਾਰ ਦੇ ਕਾਰਜਕਾਲ ‘ਚ ਪਿਛਲੇ ਸਾਲ ਅਪ੍ਰੈਲ ਅੰਤ ਤਕ ਕਿਸਾਨਾਂ ਨੂੰ 5938.21 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ ਜਦਕਿ 2015 ‘ਚ ਇਹ ਰਾਸ਼ੀ 947.19 ਕਰੋੜ ਸੀ। ਰਿਜ਼ਰਵ ਬੈਂਕ ਨੇ ਇਸ ਤੋਂ ਪਹਿਲਾਂ 30 ਅਪ੍ਰੈਲ 2017 ਤਕ ਸੂਬੇ ਨੂੰ 17994.21 ਕਰੋੜ ਰੁਪਏ ਦੀ ਸੀ. ਸੀ. ਐੱਲ. ਲਿਮਿਟ ਦੀ ਮਨਜ਼ੂਰੀ ਦਿੱਤੀ ਸੀ। ਮਈ ਮਹੀਨੇ ‘ਚ ਫਸਲ ਦੀ ਖਰੀਦ ਲਈ ਰਿਜ਼ਰਵ ਬੈਂਕ ਨੇ ਹੁਣ 2688,79 ਰੁਪਏ ਵੱਧ ਜਾਰੀ ਕੀਤੇ ਹਨ। ਭਾਰਤੀ ਰਿਜ਼ਰਵ ਬੈਂਕ ਨੇ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਉਹ ਭਵਿੱਖ ‘ਚ ਵੀ ਅਨਾਜਾਂ ਦੀ ਖਰੀਦ ਲਈ ਲੋੜੀਂਦੀ ਧਨ ਰਾਸ਼ੀ ਰਿਲੀਜ਼ ਕਰਦੀ ਰਹੇਗੀ।
ਭਾਰਤੀ ਰਿਜ਼ਰਵ ਬੈਂਕ ਨੇ ਪੰਜਾਬ ਦੇ ਵਿੱਤ ਵਿਭਾਗ ਦੇ ਪ੍ਰਧਾਨ ਸਕੱਤਰ ਨੂੰ ਭੇਜੇ ਪੱਤਰ ‘ਚ ਕਿਹਾ ਹੈ ਕਿ ਸੀ. ਸੀ. ਐੱਲ. ਲਿਮਿਟ ‘ਚ ਵਾਧੇ ਕਾਰਨ ਹੁਣ ਕਿਸਾਨਾਂ ਨੂੰ ਸਮੇਂ ਸਿਰ ਫਸਲ ਦੀ ਰਾਸ਼ੀ ਮਿਲ ਸਕੇਗੀ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ‘ਚ ਅੱਜ ਤਕ ਕੁਲ 118,08,318 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਿਸ ‘ਚ ਸੂਬਾ ਸਰਕਾਰ ਦੀਆਂ ਖਰੀਦ ਏਜੰਸੀਆਂ ਨੇ 115,47,340 ਮੀਟ੍ਰਿਕ ਟਨ ਕਣਕ ਖਰੀਦੀ ਹੈ। ਸਰਕਾਰੀ ਏਜੰਸੀਆਂ ਵਲੋਂ ਖਰੀਦੀ ਗਈ ਫਸਲ ‘ਚੋਂ 111,41,940 ਮੀਟ੍ਰਿਕ ਟਨ ਕਣਕ ਮੰਡੀਆਂ ਤੋਂ ਉਠਾਈ ਜਾ ਚੁੱਕੀ ਹੈ।