ਬੌਲੀਵੁਡ ਅਦਾਕਾਰ ਰਿਚਾ ਚੱਢਾ ਅੱਜਕੱਲ੍ਹ ਆਪਣੀ ਆਗਾਮੀ ਫ਼ਿਲਮ ਮੈਡਮ ਚੀਫ਼ ਮਿਨਿਸਟਰ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਈ ਹੈ। ਹਾਲ ਹੀ ‘ਚ ਫ਼ਿਲਮ ਦੇ ਕੁੱਝ ਪੋਸਟਰ ਅਤੇ ਟਰੇਲਰ ਰਿਲੀਜ਼ ਕੀਤਾ ਗਿਆ ਹੈ ਜਿਸ ਤੋਂ ਬਾਅਦ ਲਗਾਤਾਰ ਰਿਚਾ ਦਾ ਵਿਰੋਧ ਹੋ ਰਿਹਾ ਹੈ। ਹਾਲਾਂਕਿ ਵਿਵਾਦ ਵਧਦਾ ਦੇਖ ਅਦਾਕਾਰਾ ਮੁਆਫ਼ੀ ਮੰਗ ਚੁੱਕੀ ਹੈ, ਪਰ ਗੱਲ ਅਜੇ ਵੀ ਇਥੇ ਖ਼ਤਮ ਹੁੰਦੀ ਨਜ਼ਰ ਨਹੀਂ ਆ ਰਹੀ ਹੈ।
ਰਿਚਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਇੰਨਾ ਹੀ ਨਹੀਂ, ਭੀਮ ਸੈਨਾ ਦੇ ਮੁਖੀ ਨਵਾਬ ਸਤਪਾਲ ਤੰਵਰ ਨੇ ਅਦਾਕਾਰਾ ਦੀ ਜੀਭ ਕੱਟ ਕੇ ਲਿਆਉਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਮੈਡਮ ਚੀਫ਼ ਮਿਨਿਸਟਰ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਧਮਕੀਆਂ ਤੋਂ ਨਹੀਂ ਡਰਦੀ। ਇਸ ਮਾਮਲੇ ‘ਚ ਬੌਲੀਵੁਡ ਅਦਾਕਾਰਾ ਸਵਰਾ ਭਾਸਕਰ ਨੇ ਰਿਚਾ ਦਾ ਸਮਰਥਨ ਕੀਤਾ ਹੈ ਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਗ਼ਲਤ ਦੱਸਿਆ ਹੈ।
ਸਵਰਾ ਨੇ ਆਪਣੇ ਟਵਿਟਰ ਐਕਾਊਂਟ ‘ਤੇ ਇੱਕ ਟਵੀਟ ਨੂੰ ਰੀ-ਟਵੀਟ ਕੀਤਾ ਹੈ। ਉਸ ਟਵੀਟ ‘ਚ ਅਖ਼ਬਾਰ ਦੀਆਂ ਕੁੱਝ ਕੱਟਆਊਟਸ ਨਜਰ ਆ ਰਹੇ ਹਨ ਜਿਨ੍ਹਾਂ ‘ਤੇ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਰਿਚਾ ਚੱਢਾ ਦੀ ਜ਼ੁਬਾਨ ਕੱਟ ਕੇ ਲਿਆਉਣ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ। ਉਥੇ ਹੀ ਫ਼ਿਲਮ ਦੇ ਡਾਇਰੈਕਟਰ ਸੁਭਾਸ਼ ਕਪੂਰ ਨੂੰ ਅਗਵਾ ਕਰਨ ਵਾਲੇ ਨੂੰ ਵੀ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।
ਟਵੀਟ ‘ਚ ਸਵਰਾ ਨੇ ਲਿਖਿਆ ਹੈ, ”ਇਹ ਨਿਹਾਇਅਤ ਸ਼ਰਮਨਾਕ ਹੈ ਅਤੇ ਇਸ ਦੀ ਸਖ਼ਤ ਨਿੰਦਿਆ ਕੀਤੀ ਜਾਣੀ ਚਾਹੀਦੀ ਹੈ। ਕਿਸੇ ਫ਼ਿਲਮ ਸਬੰਧੀ ਤੁਹਾਡੇ ਵਿਚਾਰਕ ਮਤਭੇਦ ਹੋ ਸਕਦੇ ਹਨ ਜਾਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ ਪਰ ਇਹ ਅਪਰਾਧਕ ਧਮਕੀ ਤੇ ਹਿੰਸਾ ਲਈ ਉਕਸਾਉਣਾ ਹੈ। ਅੰਬੇਡਕਰਵਾਦੀ, ਦਲਿਤ, ਨਾਰੀਵਾਦੀ ਅਤੇ ਸਿਰਫ਼ ਸਮਝਦਾਰ ਲੋਕ ਇਸ ਦੇ ਖ਼ਿਲਾਫ਼ ਖੜ੍ਹੇ ਹੋ ਜਾਣ।”











