2021 ਦੀ ਪਹਿਲੀ ਪੰਜਾਬੀ ਫ਼ਿਲਮ ਪੁਆੜਾ 11 ਮਾਰਚ ਨੂੰ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼

ਲਗਭਗ ਇੱਕ ਸਾਲ ਦੀ ਲੰਬੀ ਉਡੀਕ ਤੋਂ ਬਾਅਦ ਇਸ ਸਾਲ ਵੱਡੇ ਪਰਦੇ ‘ਤੇ ਧਮਾਕਾ ਕਰਨ ਲਈ ਪੁਆੜਾ ਤਿਆਰ ਹੈ। ਪੰਜਾਬੀ ਪੁਆੜਾ ਦਾ ਮਤਲਬ ਹੈ ਪੰਗਾ। ਪਿਛਲੇ ਸਾਲ ਕੋਰੋਨਾ ਆਫ਼ਤ ਕਾਰਨ ਸਿਨੇਮਾਘਰ ਬੰਦ ਹੋਣ ਤੋਂ ਬਾਅਦ ਪੰਜਾਬੀ ਫ਼ਿਲਮ ਇੰਡਸਟਰੀ ਹੀ ਨਹੀਂ ਸਗੋਂ ਪੂਰੀ ਦੁਨੀਆ ਦੀ ਫ਼ਿਲਮ ਇੰਡਸਟਰੀ ਜਿਵੇਂ ਰੁਕ ਹੀ ਗਈ ਸੀ, ਪਰ ਹੁਣ ਮੁੜ ਤੋਂ ਨਵੀਂ ਉਮੀਦ ਅਤੇ ਜੋਸ਼ ਨਾਲ ਹਰ ਕੋਈ ਉਭਰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਹੁਣ ਜਦੋਂ ਹੌਲੀ-ਹੌਲੀ ਸਿਨੇਮਾਘਰ ਖੁੱਲ੍ਹ ਰਹੇ ਹਨ, ਅਤੇ ਦਰਸ਼ਕਾਂ ਦੀ ਮੰਗ ਨੂੰ ਵੇਖਦੇ ਹੋਏ ਪੰਜਾਬੀ ਫ਼ਿਲਮ ਪੁਆੜਾ ਦੇ ਨਿਰਮਾਤਾਵਾਂ ਨੇ ਦਰਸ਼ਕਾਂ ਪ੍ਰਤੀ ਕਦਮ ਵਧਾਉਂਦਿਆਂ ਫ਼ਿਲਮ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ।
ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਐਮੀ ਵਿਰਕ ਅਤੇ ਖ਼ੂਬਸੂਰਤ ਅਦਾਕਾਰਾ ਸੋਨਮ ਬਾਜਵਾ ਇਸ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾ ਰਹੇ ਹਨ। ਇਹ ਫ਼ਿਲਮ 11 ਮਾਰਚ 2021 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਸਟਾਰਰ ਸੁਪਰਹਿਟ ਫ਼ਿਲਮ ਛੜਾ ਲਿਆਉਣ ਵਾਲੀਆਂ ਦੋ ਕੰਪਨੀਆਂ A&A ਪਿਕਚਰਜ਼ ਅਤੇ ਬ੍ਰੈਟ ਫ਼ਿਲਮਜ਼ ਵਲੋਂ ਨਿਰਮਤ ਫ਼ਿਲਮ ਪੁਆੜਾ ‘ਚ ਉਨ੍ਹਾਂ ਨਾਲ ਜ਼ੀ ਸਟੂਡੀਓਜ਼ ਵੀ ਸ਼ਾਮਿਲ ਹੈ। ਜ਼ੀ ਨੇ ਫ਼ਿਲਮ ਦੇ ਸਾਰੇ ਵਿਸ਼ਵ-ਵਿਆਪੀ ਅਧਿਕਾਰ ਹਾਸਿਲ ਕਰ ਲਏ ਹਨ।
ਇਹ ਕਹਿਣਾ ਗਲ਼ਤ ਨਹੀਂ ਹੋਵੇਗਾ ਕਿ ਇਸ ਫ਼ਿਲਮ ਨਾਲ ਪੰਜਾਬੀ ਫ਼ਿਲਮ ਜਗਤ ‘ਚ ਮੁੜ ਤੋਂ ਸਾਕਾਰਾਤਮਕ ਕਾਮਯਾਬੀ ਦੀ ਲਹਿਰ ਦਿਖਾਈ ਦੇ ਸਕਦੀ ਹੈ ਅਤੇ ਦਰਸ਼ਕ ਆਪਣੇ ਮਨਪਸੰਦ ਸਿਤਾਰਿਆਂ ਤੇ ਮਨੋਰੰਜਨ ਨਾਲ ਪੌਪਕੌਰਨ ਅਤੇ ਹੋਰ ਸਨੈਕਸ ਦਾ ਆਨੰਦ ਮਾਣ ਸਕਦੇ ਹਨ।