ਤਾਂਡਵ ਖਿਲਾਫ਼ ਐਕਸ਼ਨ ‘ਚ ਸਰਕਾਰ, ਐਮੇਜ਼ੌਨ ਪ੍ਰਾਈਮ ਦਾ ਅਧਿਕਾਰੀ ਤਲਬ

ਸੈਫ਼ ਅਲੀ ਖ਼ਾਨ ਸਟਾਰਰ ਵੈੱਬ ਸੀਰੀਜ਼ ਤਾਂਡਵ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਦੋਸ਼ ਹੈ ਕਿ ਇਸ ਦੇ ਕੁੱਝ ਦ੍ਰਿਸ਼ਾਂ ‘ਚ ਭਗਵਾਨ ਸ਼ਿਵ ਅਤੇ ਰਾਮ ਦਾ ਅਪਮਾਨ ਕੀਤਾ ਗਿਆ ਹੈ। ਰਿਲੀਜ਼ ਹੁੰਦਿਆਂ ਹੀ ਇਸ ਵੈੱਬ ਸੀਰੀਜ ਦੇ ਬਾਈਕੌਟ ਦੀ ਮੰਗ ਉੱਠਣ ਲੱਗੀ ਹੈ। ਇਸ ਸਭ ਨੂੰ ਦੇਖਦਿਆਂ ਹੁਣ ਸਰਕਾਰ ਵੀ ਹਰਕਤ ‘ਚ ਆ ਗਈ ਹੈ। ਖ਼ਬਰਾਂ ਮੁਤਾਬਿਕ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਐਮੇਜ਼ੌਨ ਪ੍ਰਾਈਮ ਦੇ ਅਧਿਕਾਰੀ ਨੂੰ ਤਲਬ ਕੀਤਾ ਹੈ।
ਭਾਜਪਾ ਸੰਸਦ ਮੈਂਬਰ ਮਨੋਜ ਕੋਟਕ ਨੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਚਿੱਠੀ ਲਿਖ ਕੇ ਤਾਂਡਵ ‘ਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ। ਉਥੇ ਹੀ ਭਾਜਪਾ ਨੇਤਾ ਕਪਿਲ ਮਿਸ਼ਰਾ ਵੀ ਅਜਿਹੀ ਹੀ ਮੰਗ ਕਰ ਚੁੱਕੇ ਹਨ। ਉਨ੍ਹਾਂ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਈ-ਮੇਲ ID ਸਾਂਝੀ ਕਰ ਕੇ ਯੂਜ਼ਰਜ਼ ਨੂੰ ਅਪੀਲ ਕੀਤੀ ਹੈ ਕਿ ਉਹ ਤਾਂਡਵ ਖ਼ਿਲਾਫ਼ ਸਰਕਾਰ ਨੂੰ ਲਿਖਣ। ਸੋਸ਼ਲ ਮੀਡੀਆ ‘ਤੇ ਵੀ ਵੈੱਬ ਸੀਰੀਜ਼ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ।
ਦੱਸਣਯੋਗ ਹੈ ਕਿ ਇਹ ਵੈੱਬ ਸੀਰੀਜ਼ ਰਾਜਨੀਤਕ ਡਰਾਮੇ ‘ਤੇ ਆਧਾਰਿਤ ਹੈ। ਮੁੱਖ ਭੂਮਿਕਾ ‘ਚ ਸੈਫ਼ ਅਲੀ ਖ਼ਾਨ ਤੋਂ ਇਲਾਵਾ ਡਿੰਪਲ ਕਪਾੜੀਆ, ਗੌਹਰ ਖ਼ਾਨ, ਜੀਸ਼ਾਨ ਆਯੂਬ, ਤਿਗਮਾਂਸ਼ੂ ਧੂਲੀਆ ਤੇ ਸੁਨੀਲ ਗਰੋਵਰ ਹਨ।
ਇੰਟਰਨੈੱਟ ਮੀਡੀਆ ‘ਤੇ ਤਾਂਡਵ ਦਾ ਵਿਰੋਧ ਤੇਜ਼ੀ ਨਾਲ ਹੋ ਰਿਹਾ ਹੈ। ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਇਹ ਸਭ ਜਾਣਬੁਝ ਕੇ ਕੀਤਾ ਗਿਆ ਹੈ। ਇੱਕ ਯੂਜ਼ਰ ਨੇ ਆਪਣੇ ਟਵੀਟ ‘ਚ ਲਿਖਿਆ, ”ਅਲੀ ਅੱਬਾਸ ਤਾਂਡਵ ਵੈੱਬ ਸੀਰੀਜ਼ ਦੇ ਡਾਇਰੈਕਟਰ ਹਨ ਅਤੇ ਇਸ ‘ਚ ਪੂਰੀ ਤਰ੍ਹਾਂ ਲੈਫ਼ਟ ਵਿੰਗ ਏਜੰਡੇ ਨੂੰ ਅੱਗੇ ਵਧਾਉਣ ‘ਚ ਜੁਟੇ ਹੋਏ ਹਨ। ਉਹ ਟੁੱਕੜੇ-ਟੁੱਕੜੇ ਗੈਂਗ ਨੂੰ ਗਲੋਰੀਫ਼ਾਈ ਕਰ ਰਹੇ ਹਨ।”