ਨਵੀਂ ਦਿੱਲੀ- ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਵੱਲੋਂ 14 ਜਨਵਰੀ ਨੂੰ ਇੰਫਾਲ ਤੋਂ ਸ਼ੁਰੂ ਹੋਣ ਵਾਲੀ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਲਈ ਜਾਰੀ ਕੀਤੇ ਗਏ ਰੂਟ ਮੈਪ ਵਿੱਚ ਅਯੁੱਧਿਆ ਸ਼ਾਮਲ ਨਹੀਂ ਹੈ। ਇਹ ਯਾਤਰਾ ਅਮੇਠੀ, ਰਾਏਬਰੇਲੀ, ਵਾਰਾਣਸੀ, ਪ੍ਰਯਾਗਰਾਜ ਅਤੇ ਲਖਨਊ ਸਮੇਤ ਯੂ.ਪੀ. ਦੇ ਕਈ ਜ਼ਿਲਿਆਂ ਵਿੱਚੋਂ ਲੰਘੇਗੀ ਪਰ ਅਯੁੱਧਿਆ ਉਨ੍ਹਾਂ ਦੇ ਯਾਤਰਾ ਪ੍ਰੋਗਰਾਮ ਤੋਂ ਗਾਇਬ ਹੈ, ਖਾਸ ਤੌਰ ’ਤੇ ਉਦੋਂ ਜਦੋਂ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਪਿਛਲੇ ਦੋ ਸਾਲਾਂ ਤੋਂ ਦੇਸ਼ ਦੇ ਵੱਖ-ਵੱਖ ਮੰਦਰਾਂ ਦੇ ਲਗਾਤਾਰ ਦਰਸ਼ਨ ਕਰ ਰਹੇ ਹਨ।
ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਰਾਹੁਲ ਗਾਂਧੀ 22 ਜਨਵਰੀ ਨੂੰ ਅਯੁੱਧਿਆ ਨਹੀਂ ਜਾਣਗੇ। ਹਾਲਾਂਕਿ ਉਨ੍ਹਾਂ ਦੇ ਸਵਰਗੀ ਪਿਤਾ ਰਾਜੀਵ ਗਾਂਧੀ ਨੇ ਉਸ ਢਾਂਚੇ ਦੇ ਦਰਵਾਜ਼ੇ ਖੁਲ੍ਹਵਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ ਜਿੱਥੇ ਰਾਮ ਲੱਲਾ ਬਿਰਾਜਮਾਨ ਹਨ। ਰਾਜੀਵ ਗਾਂਧੀ ਨੇ ਵੀ 1989 ਦੀ ਆਪਣੀ ਚੋਣ ਮੁਹਿੰਮ ਅਯੁੱਧਿਆ ਤੋਂ ਕੁਝ ਕਿਲੋਮੀਟਰ ਦੂਰ ਫੈਜ਼ਾਬਾਦ ਤੋਂ ਸ਼ੁਰੂ ਕੀਤੀ ਸੀ। ਰਾਜੀਵ ਗਾਂਧੀ ਨੇ ਵੀ ਰਾਮ ਰਾਜ ਲਿਆਉਣ ਦਾ ਵਾਅਦਾ ਕੀਤਾ ਸੀ।
ਕਾਂਗਰਸ ਵਿੱਚ ਕਈਆਂ ਦਾ ਮੰਨਣਾ ਹੈ ਕਿ ਇਹ ਇੱਕ ਵੱਡੀ ਗਲਤੀ ਹੈ। ਅਜਿਹੇ ਸੰਕੇਤ ਹਨ ਕਿ 22 ਜਨਵਰੀ ਨੂੰ ਮੰਦਰ ਦੇ ਉਦਘਾਟਨ ਲਈ ਸੱਦੇ ਗਏ ਸੀਨੀਅਰ ਕਾਂਗਰਸੀ ਆਗੂ ਜਾਂ ਤਾਂ ਇੱਕ ਦਿਨ ਪਹਿਲਾਂ ਜਾਂ ਬਾਅਦ ਵਿੱਚ ਜਾ ਸਕਦੇ ਹਨ, ਹਾਲਾਂਕਿ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ।















