ਨਵੀਂ ਦਿੱਲੀ- ਬੀਤੇ ਕੁੱਝ ਦਿਨਾਂ ਤੋਂ ਬਿਹਾਰ ‘ਚ ਵੋਟਾਂ ਤੇ SIR ਮੁੱਦੇ ਨੂੰ ਲੈ ਕੇ ਕਾਫ਼ੀ ਹੰਗਾਮਾ ਮਚਿਆ ਹੋਇਆ ਹੈ। ਇਸ ਦੌਰਾਨ ਚੋਣ ਕਮਿਸ਼ਨ ‘ਤੇ ਵੀ ਕਈ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਹਨ। ਇਸ ਮਾਮਲੇ ‘ਚ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬਿਹਾਰ ਦੇ ਕੁਝ ਅਜਿਹੇ ਲੋਕਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਦੇ ਨਾਂ ਵਿਸ਼ੇਸ਼ ਡੂੰਘਾਈ ਨਾਲ ਸਮੀਖਿਆ (ਐੱਸ.ਆਈ.ਆਰ.) ਦੌਰਾਨ ਕਥਿਤ ਤੌਰ ’ਤੇ ਵੋਟਰ ਸੂਚੀ ਵਿਚੋਂ ਇਸ ਆਧਾਰ ’ਤੇ ਹਟਾ ਦਿੱਤੇ ਗਏ ਸਨ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।
ਰਾਹੁਲ ਨੇ ਇਸ ਮੁਲਾਕਾਤ ਦੀ ਵੀਡੀਓ ‘ਐਕਸ’ ’ਤੇ ਸਾਂਝੀ ਕਰਦਿਆਂ ਪੋਸਟ ਕੀਤਾ ਕਿ ਜ਼ਿੰਦਗੀ ਵਿਚ ਬਹੁਤ ਦਿਲਚਸਪ ਤਜਰਬੇ ਹੋਏ ਹਨ ਪਰ ਕਦੇ ‘ਮਰੇ ਹੋਏ ਲੋਕਾਂ’ ਨਾਲ ਚਾਹ ਪੀਣ ਦਾ ਮੌਕਾ ਨਹੀਂ ਮਿਲਿਆ ਸੀ। ਇਸ ਵਿਲੱਖਣ ਤਜਰਬੇ ਲਈ ਚੋਣ ਕਮਿਸ਼ਨ ਦਾ ਧੰਨਵਾਦ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਜਾਣਕਾਰੀ ਨਹੀਂ ਦੇਣਾ ਚਾਹੁੰਦਾ ਹੈ ਕਿਉਂਕਿ ਜੇਕਰ ਉਹ ਜਾਣਕਾਰੀ ਦੇ ਦੇਵੇਗਾ ਤਾਂ ਉਸ ਦੀ ਸਾਰੀ ‘ਗੇਮ’ ਓਵਰ ਹੋ ਜਾਵੇਗੀ।















