ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਤੇ ਕਾਂਗਰਸ ਦਰਮਿਆਨ ਸੀਟਾਂ ਦੀ ਵੰਡ ਬਾਰੇ ਗੱਲਬਾਤ ਪਹਿਲਾਂ ਹੀ ਮੁਸ਼ਕਲ ਹੁੰਦੀ ਨਜ਼ਰ ਆ ਰਹੀ ਹੈ। ਅਖਿਲੇਸ਼ ਯਾਦਵ ਕਾਂਗਰਸੀ ਨੇਤਾਵਾਂ ਦੇ ਵਧਦੇ ਅੜੀਅਲ ਬਿਆਨਾਂ ਤੋਂ ਨਾਖੁਸ਼ ਹਨ। ਦੋ ਨਾਵਾਂ ਨੇ ਖਾਸ ਤੌਰ ’ਤੇ ਉਨ੍ਹਾਂ ਦਾ ਧਿਆਨ ਖਿੱਚਿਆ ਹੈ। ਇਨ੍ਹਾਂ ’ਚੋਂ ਇਕ ਸਹਾਰਨਪੁਰ ਦੇ ਸੰਸਦ ਮੈਂਬਰ ਇਮਰਾਨ ਮਸੂਦ ਤੇ ਦੂਜੇ ਨਵੇਂ ਨਿਯੁਕਤ ਕਾਂਗਰਸ ਇੰਚਾਰਜ ਰਾਜਿੰਦਰ ਪਾਲ ਗੌਤਮ ਹਨ। ਗੌਤਮ ਨੇ ਹੋਰ ਵੀ ਅੱਗੇ ਵਧ ਕੇ ਐਲਾਨ ਕੀਤਾ ਹੈ ਕਿ ਕਾਂਗਰਸ 150 ਤੋਂ ਘੱਟ ਸੀਟਾਂ ਨਾਲ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ।
ਸਪਾ ਮੁਖੀ 2017 ਦੇ ਤਜਰਬੇ ਨੂੰ ਨਹੀਂ ਭੁੱਲੇ ਹਨ। ਉਦੋਂ ਦੋਵਾਂ ਪਾਰਟੀਆਂ ਨੇ ਮਿਲ ਕੇ ਵਿਧਾਨ ਸਭਾ ਚੋਣਾਂ ਲੜੀਆਂ ਸਨ। ਸੱਤਾ ’ਚ ਹੋਣ ਦੇ ਬਾਵਜੂਦ ਅਖਿਲੇਸ਼ ਨੇ ਕਾਂਗਰਸ ਲਈ 100 ਤੋਂ ਵੱਧ ਸੀਟਾਂ ਛੱਡੀਆਂ ਸਨ। ਨਤੀਜਾ : ਕਾਂਗਰਸ ਨੇ ਸਿਰਫ਼ 7 ਸੀਟਾਂ ਜਿੱਤੀਆਂ, ਜਦੋਂ ਕਿ ਸਪਾ ਨੇ 47 ਜਿੱਤੀਆਂ।
ਇਸ ਵਾਰ ਅਖਿਲੇਸ਼ ਉਸ ਦ੍ਰਿਸ਼ ਨੂੰ ਨਾ ਦੁਹਰਾਉਣ ਲਈ ਦ੍ਰਿੜ ਸੰਕਲਪ ਹਨ। ਸਮਾਜਵਾਦੀ ਪਾਰਟੀ ਘੱਟੋ-ਘੱਟ 350 ਸੀਟਾਂ ਇਕੱਲਿਆਂ ਲੜਨ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਉਮੀਦਵਾਰਾਂ ਦੀ ਚੋਣ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।
ਕਾਂਗਰਸ ਨੂੰ ਸ਼ੁਰੂਆਤੀ ਪੇਸ਼ਕਸ਼ 60 ਸੀਟਾਂ ਦੀ ਦੱਸੀ ਜਾ ਰਹੀ ਹੈ। ਦੂਜਾ ਫਾਰਮੂਲਾ 80 ਸੀਟਾਂ ਦਾ ਹੈ। ਉਹ ਹੈ ਹਰ ਲੋਕ ਸਭਾ ਸੀਟ ਲਈ ਇਕ ਵਿਧਾਨ ਸਭਾ ਸੀਟ। ਤੀਜਾ 85 ਸੀਟਾਂ ਦਾ ਹੈ, ਜੋ 2024 ’ਚ ਕਾਂਗਰਸ ਵੱਲੋਂ ਲੜੀਆਂ ਗਈਆਂ ਹਰ 17 ਲੋਕ ਸਭਾ ਸੀਟਾਂ ਲਈ 5-5 ਵਿਧਾਨ ਸਭਾ ਸੀਟਾਂ ’ਤੇ ਆਧਾਰਿਤ ਹੈ। ਗੱਲਬਾਤ ਦੇ ਤਿੰਨ ਅੰਕਾਂ ਤਕ ਪਹੁੰਚਨ ਦੀ ਸੰਭਾਵਨਾ ਨਹੀਂ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਗੌਤਮ ਦੀ 150 ਸੀਟਾਂ ਦੀ ਮੰਗ ਸੀਨੀਅਰ ਕਾਂਗਰਸੀ ਨੇਤਾਵਾਂ ਦੀ ਹਮਾਇਤ ਨਾਲ ਕੀਤੀ ਗਈ ਹੈ। ਇਸ ਨੇ ਕਥਿਤ ਤੌਰ ’ਤੇ ਅਖਿਲੇਸ਼ ਨੂੰ ਹੋਰ ਵੀ ਪਰੇਸ਼ਾਨ ਕਰ ਦਿੱਤਾ ਹੈ । ਉਹ ਕੁਝ ਦਿਨ ਪਹਿਲਾਂ ‘ਇੰਡੀਆ’ ਗੱਠਜੋੜ ਦੀ ਮੀਟਿੰਗ ’ਚ ਸ਼ਾਮਲ ਨਹੀਂ ਹੋਏ ਸਨ।
ਇਸ ਸਮੇਂ ਸੀਟਾਂ ਦੀ ਵੰਡ ਬਾਰੇ ਗੱਲਬਾਤ ਗਣਨਾ ਨਾਲੋਂ ਜ਼ਿਆਦਾ ਗਰਮ ਹੈ। ਨਵੀਂ ਸੂਬਾ ਮੁਖੀ ਅਨੁਰਾਧਾ ਮਿਸ਼ਰਾ ਮੋਨਾ ਦੇ ਅਹੁਦਾ ਸੰਭਾਲਣ ਨਾਲ ਸਮਾਜਵਾਦੀ ਪਾਰਟੀ ਨਾਲ ਗੱਲਬਾਤ ਉਸਾਰੂ ਦਿਸ਼ਾ ’ਚ ਵਧ ਸਕਦੀ ਹੈ। ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਵਧੇਰੇ ਵਿਹਾਰਕ ਪਹੁੰਚ ਅਪਣਾਏਗੀ। ਦੋਵੇਂ ਪਾਰਟੀਆਂ ਗੱਠਜੋੜ ਕਰ ਕੇ ਚੋਣਾਂ ਲੜਨਗੀਆਂ।















