ਰਾਜਪੁਰਾ ‘ਚ ਭਾਜਪਾ ਆਗੂਆਂ ’ਤੇ ਹਮਲੇ ਦਾ ਮਾਮਲਾ, ਹਾਈਕੋਰਟ ਦੇ ਦਖ਼ਲ ਮਗਰੋਂ ਪੁਲਸ ਵੱਲੋਂ 2 ਵੱਖ-ਵੱਖ FIR ਦਰਜ

ਚੰਡੀਗੜ੍ਹ : ਅੰਦੋਲਨ ਕਰ ਰਹੇ ਕਿਸਾਨਾਂ ਵਲੋਂ ਰਾਜਪੁਰਾ ਦੇ ਭਾਜਪਾ ਆਗੂ ਅਤੇ ਉਨ੍ਹਾਂ ਦੇ ਸਮਰਥਕਾਂ ’ਤੇ ਹਮਲੇ ਤੋਂ ਬਾਅਦ ਸਹਿਮੇ ਭਾਜਪਾ ਨੇਤਾ ਬ੍ਰਿਜੇਸ਼ਵਰ ਸਿੰਘ ਨੇ ਆਪਣੇ ਅਤੇ ਪਰਿਵਾਰ ਦੀ ਜਾਨ-ਮਾਲ ਦੀ ਰੱਖਿਆ ਅਤੇ ਪੁਲਸ ਸੁਰੱਖਿਆ ਦੀ ਮੰਗ ਨੂੰ ਲੈ ਕੇ ਅੱਧੀ ਰਾਤ ਨੂੰ ਹੀ ਹਾਈਕੋਰਟ ਦੀ ਰਜਿਸਟਰੀ ਮੇਲ ਰਾਹੀਂ ਪਟੀਸ਼ਨ ਦਾਖ਼ਲ ਕੀਤੀ। ਪਟੀਸ਼ਨ ਦਾ ਨੋਟਿਸ ਲੈਂਦਿਆਂ ਅਤੇ ਮਾਮਲੇ ਦੀ ਗੰਭੀਰਤਾ ਨੂੰ ਵੇਖ ਰਾਤ 12 ਵਜੇ ਹਾਈਕੋਰਟ ਵਿਚ ਅਦਾਲਤ ਲਗਾਈ ਗਈ।
ਜਸਟਿਸ ਸੁਵੀਰ ਸਹਿਗਲ ਨੇ ਪੰਜਾਬ ਸਰਕਾਰ ਨੂੰ ਐਡਵੋਕੇਟ ਜਨਰਲ ਦੇ ਮਾਧਿਅਮ ਨਾਲ ਨੋਟਿਸ ਜਾਰੀ ਕਰਕੇ ਡੀ. ਜੀ. ਪੀ. ਅਤੇ ਪਟਿਆਲਾ ਰੇਂਜ ਦੇ ਪੁਲਸ ਪ੍ਰਮੁੱਖ ਸਮੇਤ ਐੱਸ. ਐੱਸ. ਪੀ. ਪਟਿਆਲਾ ਨੂੰ ਫ਼ੋਨ ਦੀ ਮਾਰਫ਼ਤ ਹੁਕਮ ਜਾਰੀ ਕੀਤੇ ਕਿ ਤੁਰੰਤ ਮਾਮਲੇ ਵਿਚ ਕਾਰਵਾਈ ਕਰਕੇ ਰਾਜਪੁਰਾ ਦੀ ਗੁਰੂ ਅਰਜਨ ਦੇਵ ਕਾਲੋਨੀ ਦੇ ਮਕਾਨ ਨੰਬਰ 179 ਵਿਚ ਬੰਧਕ ਬਣਾਏ ਪਟੀਸ਼ਨਰ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਸੁਰੱਖਿਅਤ ਬਾਹਰ ਲਿਆਂਦਾ ਜਾਵੇ ਅਤੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕੀਤੀ ਜਾਵੇ।
ਜਸਟਿਸ ਸੁਵੀਰ ਸਹਿਗਲ ਨੇ ਸੋਮਵਾਰ ਨੂੰ ਦੋ ਵਜੇ ਪ੍ਰਤੀਵਾਦੀਆਂ ਨੂੰ ਜਵਾਬ ਦਾਖ਼ਲ ਕਰਨ ਨੂੰ ਕਿਹਾ ਸੀ। ਪੁਲਸ ਨੇ ਐਫੀਡੈਵਿਟ ਦਾਖ਼ਲ ਕਰਕੇ ਦੱਸਿਆ ਕਿ ਪਟੀਸ਼ਨਰ ਭਾਜਪਾ ਨੇਤਾ ਸਹਿਤ ਉਨ੍ਹਾਂ ਦੇ ਸਮਰਥਕਾਂ ਨੂੰ ਸੁਰੱਖਿਅਤ ਕੱਢ ਕੇ ਪੁਲਸ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ ਹੈ।
ਮੁਲਜ਼ਮ 150 ਕਿਸਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਦੋ ਵੱਖ-ਵੱਖ ਐੱਫ਼. ਆਈ. ਆਰ. ਦਰਜ ਕਰ ਲਈ ਗਈ ਹੈ। ਪੁਲਸ ਦੇ ਜਵਾਬ ਤੋਂ ਬਾਅਦ ਅਗਲੀ ਸੁਣਵਾਈ 9 ਅਗਸਤ ਨੂੰ ਤੈਅ ਕੀਤੀ ਗਈ ਹੈ।