ਮਸ਼ਹੂਰ ਫ਼ਿਲਮਸਾਜ਼ ਆਸ਼ੁਤੋਸ਼ ਗੋਵਾਰੀਕਰ ਮਰਾਠਾ ਯੋਧਿਆਂ ‘ਤੇ ਆਧਾਰਿਤ ਇੱਕ ਫ਼ਿਲਮ ‘ਪਾਨੀਪਤ’ ਬਣਾਉਣ ਜਾ ਰਹੇ ਹਨ। ਇਸ ਫ਼ਿਲਮ ‘ਚ ਅਦਾਕਾਰ ਅਰਜੁਨ ਕਪੂਰ ਪਹਿਲੀ ਵਾਰ ਸੰਜੈ ਦੱਤ ਨਾਲ ਅਦਾਕਾਰੀ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ ਦੇ ਬਣਨ ਦਾ ਐਲਾਨ ਪੱਕੇ ਤੌਰ ‘ਤੇ ਕਰ ਦਿੱਤਾ ਗਿਆ ਹੈ। ਇਸ ਫ਼ਿਲਮ ਦੇ ਟੀਜ਼ਰ ਦਾ ਪਹਿਲਾਂ ਪੋਸਟਰ ਵੀ ਰਿਲੀਜ਼ ਹੋ ਚੁੱਕਾ ਹੈ। ਫ਼ਿਲਮ ਬਾਰੇ ਜਾਣਕਾਰੀ ਦਿੰਦੇ ਹੋਏ ਅਰਜੁਨ ਕਪੂਰ ਨੇ ਟਵਿੱਟਰ ‘ਤੇ ਟੀਵਟ ਕੀਤਾ ਹੈ ਕਿ ‘ਸਿਲਵਰ ਸਕ੍ਰੀਨ ‘ਤੇ ਮਰਾਠਾ ਯੋਧਿਆਂ ਦੀ ਬਹਾਦਰੀ ਨੂੰ ਪੇਸ਼ ਕਰਨ ਲਈ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ।’ ਡਾਇਰੈਕਟਰ ਆਸ਼ੁਤੋਸ਼ ਗੋਵਾਰੀਕਰ ਦੀ ਇਹ ਫ਼ਿਲਮ ਪਾਨੀਪਤ ਦੀ ਤੀਜੀ ਲੜ੍ਹਾਈ ‘ਤੇ ਆਧਾਰਿਤ ਹੋਵੇਗੀ। ਆਸ਼ੁਤੋਸ਼ ਇਸ ਤੋਂ ਪਹਿਲਾਂ ‘ਮੋਹੇਂਜੋਦੜੋ’ ਅਤੇ ‘ਲਗਾਨ’ ਵਰਗੀਆਂ ਫ਼ਿਲਮਾਂ ਬਣਾ ਚੁੱਕੇ ਹਨ। ਰਿਤਿਕ ਰੋਸ਼ਨ ਨਾਲ ਉਨ੍ਹਾਂ ਦੀ ਫ਼ਿਲਮ ‘ਮੋਹੇਂਜੋਦੜੋ’ ਅਸਫ਼ਲ ਰਹੀ ਸੀ ਜਦਕਿ ਆਮਿਰ ਖ਼ਾਨ ਦੀ ‘ਲਗਾਨ’ ਸੁਪਰਹਿੱਟ ਸਾਬਤ ਹੋਈ ਸੀ। ਹੁਣ ਆਸ਼ੁਤੋਸ਼ ਇੱਕ ਇਤਿਹਾਸਿਕ ਫ਼ਿਲਮ ‘ਪਾਨੀਪਤ’ ਲੈ ਕੇ ਆ ਰਹੇ ਹਨ। ਇਸ ਫ਼ਿਲਮ ‘ਚ ਉਨ੍ਹਾਂ ਨੇ ਅਰਜੁਨ ਕਪੂਰ ਨਾਲ ਸੰਜੈ ਦੱਤ ਅਤੇ ਕ੍ਰਿਤੀ ਸੈਨਨ ਨੂੰ ਮੁੱਖ ਭੂਮਿਕਾ ਨਿਭਾਉਣ ਲਈ ਚੁਣਿਆ ਹੈ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਇਸ ਸਾਲ ਦੇ ਅਖ਼ੀਰ ‘ਚ ਸ਼ੁਰੂ ਹੋ ਜਾਏਗੀ। ਜਦੋਂ ਕਿ ਇਸ ਫ਼ਿਲਮ ਦੀ ਅਜੇ ਰਿਲੀਜ਼ ਤਾਰੀਕ 6 ਦਸੰਬਰ 2019 ਰੱਖੀ ਹੈ। ਮਰਾਠਾ ਯੋਧਿਆਂ ‘ਤੇ ਆਧਾਰਿਤ ਇਹ ਫ਼ਿਲਮ ਐਕਸ਼ਨ ਤੇ ਡਰਾਮਾ ਭਰਪੂਰ ਹੋਵੇਗੀ। ਇਸ ਫ਼ਿਲਮ ਤੋਂ ਇਲਾਵਾ ਇਨ੍ਹੀਂ ਦਿਨੀਂ ਅਰਜੁਨ ਕਪੂਰ ਆਪਣੀ ਫ਼ਿਲਮ ‘ਨਮਸਤੇ ਇੰਗਲੈਂਡ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਇਸ ਫ਼ਿਲਮ ‘ਚ ਉਨ੍ਹਾਂ ਨਾਲ ਪਰੀਣਿਤੀ ਚੋਪੜਾ ਨੇ ਜੋੜੀ ਬਣਾਈ ਹੈ। ਇਹ ਫ਼ਿਲਮ ਇਸ ਸਾਲ 7 ਦਸੰਬਰ ਨੂੰ ਰਿਲੀਜ਼ ਹੋਵੇਗੀ।











