ਯਾਦਾਂ ਰੇਡੀਓ ਦੀਆਂ – 9

ਡਾ.ਦੇਵਿੰਦਰ ਮਹਿੰਦਰੂ
ਨਹੀਂਓ ਭੁਲਦੇ ਓਹ ਲੋਕ
ਜੂਨ ਦੇ ਮਹੀਨੇ ‘ਚ ਸ਼ਿਮਲਾ ਦੀਆਂ ਰੌਣਕਾਂ ਦੇਖਣ ਵਾਲੀਆਂ ਹੁੰਦੀਆਂ ਹਨ, ਪਰ ਇਸ ਸਾਲ ਦੀ ਰੌਣਕ ਬੁੱਕਰ ਨੇ ਹੋਰ ਵਧਾ ਦਿੱਤੀ ਸੀ। ਅੰਤਰਰਾਸ਼ਟਰੀ ਸਾਹਿਤ ਉਤਸਵ ਉਨਮੇਸ਼ ਇਤਿਹਾਸਕ ਗੇਟੀ ਥੀਏਟਰ ‘ਚ ਆਯੋਜਿਤ ਕੀਤਾ ਗਿਆ। ਸੋਲਾਂ ਤੋਂ ਅਠਾਰਾਂ ਜੂਨ ਤਕ ਗੇਟੀ ਅਤੇ ਰੋਟਰੀ ਕਲੱਬ ‘ਚ ਅਨੇਕਾਂ ਪ੍ਰੋਗਰਾਮ ਆਯੋਜਿਤ ਹੋਏ।
ਮੁੱਖ ਆਕਰਸ਼ਣ ਗੁਲਜ਼ਾਰ ਸਾਹਿਬ, ਦੀਪਤੀ ਨਵਲ ਅਤੇ ਇਸ ਵੇਲੇ ਦਾ ਚਮਕਦਾ ਸਿਤਾਰਾ ਗੀਤਾਂਜਲੀ ਸ਼ੀ ਸੀ। ਮੈਂ ਗੀਤਾਂਜਲੀ ਵਾਲੇ ਪ੍ਰੋਗਰਾਮ ‘ਚ ਹੀ ਜਾ ਸਕੀ। ਅਠਾਰਾਂ ਜੂਨ ਨੂੰ ਗੇਟੀ ‘ਚ ਇਸਤਰੀ ਲੇਖਣ ‘ਤੇ ਇੱਕ ਪਰੀਚਰਚਾ ‘ਚ ਜਾਣੀ ਮਾਣੀ ਲੇਖਕਾ ਮ੍ਰਿਦੁਲਾ ਗਰਗ, ਵਰਸ਼ਾ ਆਦਿੱਲਯ, ਗੁਜਰਾਤੀ ਲੇਖਕ ਅਤੇ ਬੁੱਕਰ ਅਵਾਰਡੀ ਇਸ ਸਾਲ ਦੀ ਗੀਤਾਂਜਲੀ ਸ਼ੀ ਸਨ। ਸਭ ਵਧੀਆ ਬੋਲੇ, ਪਰ ਨਰਾਜ਼ ਸਨ ਕਿ ਇਸਤਰੀ ਲੇਖਣ, ਪੁਰਸ਼ ਲੇਖਣ, ਟਰਾਂਸਜੈਂਡਰ ਲੇਖਣ ਕੀ ਹੋਇਆ ਭਲਾ।
ਰੇਡੀਓ ਨੇ ਵਧੀਆ ਲੇਖਕ ਦਿੱਤੇ ਹਨ, ਯਾ ਕਹੋ ਕਿ ਅੱਛੇ ਅੱਛੇ ਲੇਖਕ ਰੇਡੀਓ ਨਾਲ ਜੁੜੇ ਰਹੇ ਹਨ। ਕਹਿਣ ਵਾਲੇ ਤਾਂ ਕਹਿੰਦੇ ਹਨ ਰੇਡੀਓ ‘ਚ ਆਉਣ ਦਾ ਲੇਖਕ ਨੂੰ ਨੁਕਸਾਨ ਬੜਾ ਹੁੰਦਾ ਹੈ। ਬੱਝ ਜਾਂਦਾ ਹੈ ਉਸ ਦਾ ਮਨ ਨਿਯਮਾਂ ‘ਚ। ਕਰਤਾਰ ਸਿੰਘ ਦੁੱਗਲ ਲਈ ਵੀ ਇਹੀ ਕਿਹਾ ਜਾਂਦੈ। ਸੋਹਣ ਸਿੰਘ ਮੀਸ਼ਾ ਖ਼ੁਦ ਕਹਿੰਦੇ ਸਨ ਕਿ ਉਨ੍ਹਾਂ ਦੀ ਲੇਖਣੀ ਨੂੰ ਰੇਡੀਓ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਉਹ ਰੇਡੀਓ ‘ਚ ਆਉਣ ਤੋਂ ਪਹਿਲਾਂ ਜ਼ਿਆਦਾ ਅੱਛਾ ਲਿਖਦੇ ਸਨ। ਰੇਡੀਓ, ਦੂਰਦਰਸ਼ਨ ਨਾਲ ਅੰਮ੍ਰਿਤਾ ਪ੍ਰੀਤਮ ਵੀ ਜੁੜੇ ਰਹੇ ਅਤੇ ਕਮਲੇਸ਼ਵਰ ਵੀ। ਆਪਣੇ ਮਨ ਨੂੰ ਸਾਧਣ ਦੀ ਗੱਲ ਹੈ। ਕੁੱਝ ਲੋਕ ਇਸ ਗੱਲ ਦਾ ਪ੍ਰਭਾਵ ਨਹੀਂ ਵੀ ਕਬੂਲ ਕਰਦੇ। ਰੇਡੀਓ ਦਾ ਲੇਖਨ ਨਾਲ ਗਹਿਰਾ ਸੰਬੰਧ ਹੈ। ਇੱਕ ਇੱਕ ਉਦਘੋਸ਼ਣਾ ਲਿਖੀ ਜਾਂਦੀ ਹੈ ਪਹਿਲਾਂ। ਰੇਡੀਓ ‘ਚ ਬਿਨਾਂ ਲਿਖੇ ਤੁਸੀਂ ਏਅਰ ਉੱਤੇ ਨਹੀਂ ਜਾ ਸਕਦੇ। ਇੱਥੇ ਐਕਸਟੈਂਪੋਰ ਵਰਗਾ ਕੁੱਝ ਨਹੀਂ ਹੁੰਦਾ। ਹਰ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕੀਤੀ ਜਾਂਦੀ ਹੈ। ਹਰ ਪ੍ਰੋਗਰਾਮ ਦੀ ਸਕ੍ਰਿਪਟ ਲਿਖੀ ਜਾਂਦੀ ਹੈ। ਫ਼ੇਰ ਪ੍ਰੋਗਰਾਮ ਇੰਚਾਰਜ ਚੈੱਕ ਕਰਦੇ ਹਨ ਇੱਕ ਇੱਕ ਸ਼ਬਦ, ਇਹ ਸਭ ਪੜ੍ਹਨਾ ਨਹੀਂ ਹੁੰਦਾ, ਬੋਲਣਾ ਹੁੰਦਾ ਹੈ। ਇਸ ਗੱਲ ਦੀ ਸਖ਼ਤ ਹਿਦਾਇਤ ਹੁੰਦੀ ਹੈ ਕਿ ਸ੍ਰੋਤਿਆਂ ਨੂੰ ਲੱਗੇ ਕਿ ਉਹਦੇ ਨਾਲ ਗੱਲ ਕੀਤੀ ਜਾ ਰਹੀ ਹੈ। ਵਰਕਾ ਪਲਟਣ ਦੀ ਆਵਾਜ਼ ਵੀ ਨਹੀਂ ਆਉਣੀ ਚਾਹੀਦੀ। ਰੇਡੀਓ ਵਾਰਤਾ ਕਿਹਾ ਜਾਂਦੈ ਸਪੀਚ ਨਹੀਂ।
ਕੁੱਝ ਗ਼ਲਤ ਬੋਲਿਆ ਜਾਵੇ ਤਾਂ ਉਸੇ ਵੇਲੇ ਮੁਆਫ਼ੀ ਮੰਗਣੀ ਐਥਿਕਸ ‘ਚ ਆਵੇਗਾ ਰੇਡੀਓ ਦੇ। ਇਹ ਗੱਲਾਂ ਆਕਾਸ਼ਵਾਣੀ ਦੇ ਸੰਦਰਭ ‘ਚ ਕਰ ਰਹੀ ਹਾਂ। ਬਾਅਦ ‘ਚ ਮੁਆਫ਼ੀ ਕਿਸ ਨੇ ਦੇਖੀ, ਕਿਸ ਨੇ ਸੁਣੀ।
ਹਰ ਸਟੇਸ਼ਨ ਸ਼ੁਰੂ ਹੋਣ ਤੋਂ ਕੁੱਝ ਦੇਰ ਬਾਅਦ ਆਪਣੇ ਪ੍ਰੋਗਰਾਮਾਂ ਦੀ ਰੂਪਰੇਖਾ ਦਿੰਦਾ ਹੈ। ਪੂਰੀ ਜਾਣਕਾਰੀ ਲਿਖ ਕੇ ਉਦਘੋਸ਼ਕ ਡਿਊਟੀ ਅਫ਼ਸਰ ਤੋਂ ਚੈੱਕ ਕਰਵਾ ਕੇ ਹੀ ਏਅਰ ‘ਤੇ ਜਾਂਦੈ। ਮੈਂ ਡਿਊਟੀ ਅਫ਼ਸਰ ਸਾਂ। ਜਲੰਧਰ ਦੀ ਗੱਲ ਹੈ। ਅਨਾਊਂਸਰ ਨੇ ਰੋਮਨ ‘ਚ ਪੰਜਾਬੀ ਲਿਖੀ ਹੋਈ ਸੀ। ਸਕ੍ਰਿਪਟ ਮੇਰੇ ਅੱਗੇ ਰੱਖੀ। ਬੋਲਚਾਲ ਬੰਦ ਸੀ ਸਾਡੀ। ਮੈਂ ਪੜ੍ਹ ਕੇ ਸਾਈਨ ਕਰ ਦਿੱਤੇ। ਉਹਨੇ ਅੰਦਰ ਜਾ ਕੇ ਬੋਲਣਾ ਸ਼ੁਰੂ ਕੀਤਾ, ”ਰਾਤੀਂ ਅੱਠ ਵਜੇ ਸੁਣੋਂਗੇ ਛਾਪੜ ਦੇ ਮੇਲੇ ‘ਤੇ ਵਾਰਤਾ …।”
ਇਹ ਸੁਣਦਿਆਂ ਮੈਂ ਭੱਜੀ ਸਟੂਡੀਓ ਵੱਲ ਇੱਕ ਕਾਗ਼ਜ਼ ਪੈਨ ਚੁੱਕ ਕੇ ਅਤੇ ਲਾਈਵ ਸਟੂਡੀਓ ਦਾ ਦਰਵਾਜ਼ਾ ਖੋਲ੍ਹਿਆ ਠਾਹ ਜਾ ਕੇ। ਉਹਨੇ ਕਹਿਰੀਆਂ ਅੱਖਾਂ ਨਾਲ ਦੇਖਿਆ ਮੈਨੂੰ। ਇਸ ਗੱਲ ਦੀ ਪਰਵਾਹ ਨਾ ਕਰਦੇ ਹੋਏ ਕਾਗ਼ਜ਼ ‘ਤੇ ਝਰੀਟਿਆ।”ਮੁਆਫ਼ੀ ਮੰਗੋ ਤੇ ਦੋਬਾਰਾ ਦੱਸੋ ਰਾਤ ਦੇ ਅੱਠ ਵਜੇ ਸੁਣੋਗੇ ਵਾਰਤਾ ਛਪਾਰ ਦੇ ਮੇਲੇ ‘ਤੇ … ਛਾਪੜ ਦੇ ਮੇਲੇ ਨਹੀਂ।
ਗੁੱਸੇ ‘ਚ ਜਿੰਨ੍ਹੀ ਪੈਰੀਂ ਗਈ ਸੀ, ਉਹਨੀਂ ਵਾਪਿਸ ਮੁੜ ਆਈ ਡਿਊਟੀ ਰੂਮ ਵਿੱਚ। ਉਹ ਅਗਲੇ ਪ੍ਰੋਗਰਾਮ ਦੀ ਟੇਪ ਚਲਾ ਕੇ ਬਾਹਰ ਆ ਗਿਆ। ਨਹੀਂ ਦੇਖਿਆ ਮੈਂ ਉਹਦੇ ਵੱਲ। ਉਹਦੀ ਆਵਾਜ਼ ਆਈ, ”ਸੌਰੀ।”
”ਗੁਰਮੁਖੀ ‘ਚ ਪੰਜਾਬੀ ਲਿਖਣੀ ਸਿੱਖ ਮਰ ਲੈ। ਵੱਡੇ ਇੰਟਲੈਕਚੁਅਲ ਬਣੇ ਫ਼ਿਰਦੇ ਨੇ। ਸਕ੍ਰਿਪਟ ਪੜ੍ਹ ਕੇ ਸੁਣਾਉਣ ‘ਚ ਹੇਠੀ ਹੁੰਦੀ ਐ ਤੇਰੀ? ਜਲੂਸ ਕਢਾਉਂਦੇ ਨੇ ਰੇਡੀਓ ਦਾ।”
ਉਹਨੇ ਪਾਣੀ ਦਾ ਗਿਲਾਸ ਚੁੱਕ ਕੇ ਮੇਰੇ ਅੱਗੇ ਰੱਖ ਦਿੱਤਾ ਅਤੇ ਦੋਵੇਂ ਕੰਨ ਫ਼ੜ ਲਏ ਆਪਣੇ। ਬੱਸ ਕਰੋ ਹੁਣ। ਅਤੇ ਉਹ ਸਟੂਡੀਓ ‘ਚ ਚਲਾ ਗਿਆ।
ਬਹੁਤ ਵੱਡੇ ਵੱਡੇ ਲੇਖਕ ਦਿੱਤੇ ਹਨ ਰੇਡੀਓ ਨੇ ਸਾਨੂੰ। ਡਾਕਟਰ ਇਕਬਾਲ ਵਰਗੇ ਕਿੱਡੀ ਵਧੀਆ ਕਿਤਾਬ ਲਿਖ ਗਏ। ਅੰਮ੍ਰਿਤਾ ਸ਼ੇਰਗਿੱਲ ਅਤੇ, ਕਰਤਾਰ ਸਿੰਘ ਦੁੱਗਲ, ਅੰਮ੍ਰਿਤਾ ਪ੍ਰੀਤਮ, ਕਮਲੇਸ਼ਵਰ ਵਰਗੇ ਜਿੰਨ੍ਹਾਂ ਦੀਆਂ ਲੇਖਣੀਆਂ ਜ਼ਿੰਦਗੀ ਦੇ ਰਾਹ ਰੁਸ਼ਨਾਉਂਦੀਆਂ ਰਹਿਣਗੀਆਂ। ਮੈਂ ਇਸੇ ਕਾਰਣ ਹੀ ਆਪਣੀਆਂ ਰੇਡੀਓ ਯਾਦਾਂ ਲਿਖ ਰਹੀ ਹਾਂ ਉਤਸ਼ਾਹਿਤ ਹੋ ਕੇ।