ਡਾ.ਦੇਵਿੰਦਰ ਮਹਿੰਦਰੂ
ਕਾਲੇ ਦਿਨਾਂ ਦੀ ਦਾਸਤਾਨ
ਅੱਜ ਤੁਹਾਨੂੰ ਇੱਕ ਬਹੁਤ ਵਧੀਆ ਗੱਲ ਸੁਣਾਉਣ ਲੱਗੀ ਹਾਂ। ਜਲੰਧਰ ਰੇਡੀਓ ‘ਚ ਤਾਇਨਾਤ ਸਾਂ। ਅਤਿਵਾਦ ਨੇ ਸਭ ਦਾ ਜਿਊਣਾ ਹਰਾਮ ਕੀਤਾ ਹੋਇਆ ਸੀ। ਧਮਕੀ ਭਰੀਆਂ ਚਿੱਠੀਆਂ ਦਾ ਆਉਣਾ ਰੋਜ਼ ਦਾ ਸਿਲਸਿਲਾ ਸਵੇਰੇ ਹੀ ਸ਼ੁਰੂ ਹੋ ਜਾਂਦਾ ਸੀ। ਉਨ੍ਹਾਂ ਵਲੋਂ ਚਿੱਠੀਆਂ ਲਿਖ ਕੇ ਕਿਹਾ ਜਾਂਦਾ ਕਿ ਦੇਵਿੰਦਰ ਕੌਰ ਹੀ ਗੁਰਬਾਣੀ ਵਿਚਾਰ ਪ੍ਰੋਗਰਾਮ ਕਰ ਸਕਦੀ ਹੈ, ਕੋਈ ਦੇਵਿੰਦਰ ਮਹਿੰਦਰੂ ਨਹੀਂ। ਪੰਜਾਬੀ ਪ੍ਰੋਗਰਾਮ ਅਤੇ ਦੇਵਿੰਦਰ ਮਹਿੰਦਰੂ ਦਾ ਕੀ ਸੰਬੰਧ? ਉਹ ਪੁਛਦੇ ਰਹਿੰਦੇ। ਚਿੱਠੀਆਂ ‘ਚ ਬੱਚਿਆਂ ਨੂੰ ਅਗਵਾ ਕਰ ਲੈਣ ਦੀਆਂ ਧਮਕੀਆਂ ਵੀ ਹੁੰਦੀਆਂ ਸਨ। ਮੈਂ ਸਟੇਸ਼ਨ ਡਾਇਰੈਕਟਰ ਨੂੰ ਬੇਨਤੀ ਕੀਤੀ, ”ਸਰ, ਮੈਨੂੰ ਯੁਵਕਾਂ ਵਾਲਾ ਯੁਵਵਾਣੀ ਪ੍ਰੋਗਰਾਮ ਦੇ ਦਿੱਤਾ ਜਾਵੇ ਅਤੇ ਬਾਕੀ ਸਾਰੇ ਪ੍ਰੋਗਰਾਮ ਮੈਥੋਂ ਲੈ ਲਏ ਜਾਣ। ਮੈਂ ਆਪਣੇ ਬੱਚਿਆਂ ਨੂੰ ਕੋਈ ਆਂਚ ਨਹੀਂ ਆਉਣ ਦੇਣਾ ਚਾਹੁੰਦੀ।”ਦੁਖੀ ਸੀ, ਪਰੇਸ਼ਾਨ ਸੀ, ਪਰ ਮੈਂ ਨਹੀਂ ਸੀ ਚਾਹੁੰਦੀ ਕਿਸੇ ਨੂੰ ਮੇਰੀ ਵੇਦਨਾ ਦਿਖੇ, ਮੈਂ ਕਦੇ ਆਪਣਾ ਦੁੱਖ ਕਿਸੇ ਨਾਲ ਸਾਂਝਾ ਕੀਤਾ ਹੀ ਨਹੀਂ ਸੀ, ਫ਼ਿਰ ਹੁਣ ਕਿਸ ਤਰ੍ਹਾਂ ਕਰ ਸਕਦੀ ਸੀ? ਯੁਵਵਾਣੀ ਪ੍ਰੋਗਰਾਮ ਨੂੰ ਸੰਵਾਰਨ ‘ਚ ਲੱਗ ਗਈ। ਟੈਲੈਂਟ ਹੀ ਟੈਲੈਂਟ ਸੀ ਹਰ ਪਾਸੇ। ਨਵੇਂ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਮੈਂ। ਪਰ ਹਰ ਥਾਂ ‘ਤੇ ਇੱਕ ਅੜਚਨ ਆ ਜਾਂਦੀ। ਆਕਾਸ਼ਵਾਣੀ ਜਲੰਧਰ ਦੇ ਸਿਰਫ਼ ਪੰਜਾਹ ਕਿਲੋਮੀਟਰ ਦੇ ਦਾਇਰੇ ‘ਚੋਂ ਨੌਜਵਾਨ ਲੜਕੇ ਲੜਕੀਆਂ ਨੂੰ ਬੁਲਾ ਸਕਦੀ ਸਾਂ ਰਿਕਾਰਡਿੰਗ ਲਈ। ਮੈਂਨੂੰ ਇਸ ਸ਼ਰਤ ਦਾ ਕੋਈ ਲੌਜਿਕ ਸਮਝ ਨਹੀਂ ਸੀ ਆਉਂਦਾ।
ਸੋ ਇੱਕ ਵਾਰ ਸਾਬਕਾ DGP ਕੇ.ਪੀ.ਐੱਸ ਗਿੱਲ ਜਲੰਧਰ ਰੇਡੀਓ ਆਏ। ਉਨ੍ਹਾਂ ਦੀ ਅਗਵਾਨੀ ਲਈ ਦਿੱਲੀ ਤੋਂ ਵਾਜਪਾਈ ਸਾਹਿਬ ਆਏ। ਉਹ ਦਿੱਲੀ ਰੇਡੀਓ ਦੇ ਡਾਇਰੈਕਟਰ ਸਨ ਓਦੋਂ। ਮੈਨੂੰ ਲੱਗਿਆ ਕਿ ਮੌਕਾ ਅੱਛਾ ਹੈ। ਵਾਜਪਾਈ ਸਾਹਿਬ ਨੂੰ ਕਿਹਾ ਇਹ ਪੰਜਾਹ ਕਿਲੋਮੀਟਰ ਵਾਲੀ ਸ਼ਰਤ ਦੀ ਕੀ ਤੁਕ ਹੈ? ਉਹ ਕਹਿੰਦੇ, ”ਡ੍ਰਾਫ਼ਟ ਬਣਾ ਕੇ ਆਪਣੇ ਡਾਇਰੈਕਟਰ ਦੇ ਸਾਈਨ ਕਰਵਾ ਕੇ ਦੇ ਦਿਓ ਮੈਨੂੰ। ਮੈਂ ਦੇਖਦਾ ਹਾਂ ਦਿੱਲੀ ਜਾ ਕੇ ਇਸ ਵਾਸਤੇ ਕੀ ਹੋ ਸਕਦੈ।”ਮੈਂ ਇਸ ਨੂੰ ਆਤੰਕਵਾਦ ਨਾਲ ਜੋੜ ਕੇ ਲਿਖਿਆ ਕਿ ਪਹਿਲਾਂ ਹੀ ਨੌਜਵਾਨਾਂ ‘ਚ ਇੰਨੀ ਨਿਰਾਸ਼ਾ ਹੈ, ਘੱਟੋਘੱਟ ਇਸ ਸ਼ਰਤ ਨੂੰ ਤਾਂ ਹਟਾ ਦਿੱਤਾ ਜਾਵੇ ਤਾਂ ਜੋ ਪੂਰੇ ਪੰਜਾਬ ‘ਚੋਂ ਨੌਜਵਾਨਾਂ ਨੂੰ ਜਲੰਧਰ ਰੇਡੀਓ ਤੋਂ ਆਪਣੀ ਕਲਾਕਾਰੀ ਦੀ ਪੇਸ਼ ਕਰਨ ਦਾ ਮੌਕਾ ਮਿਲੇ ਅਤੇ ਭਵਿਖ ‘ਚ ਉਹ ਚੰਗੇ ਕਲਾਕਾਰ ਬਣ ਸਕਣ।
ਚਿੱਠੀ ਵਾਜਪਾਈ ਸਾਹਿਬ ਆਪਣੇ ਨਾਲ ਲੈ ਗਏ। ਇੱਕ ਹਫ਼ਤੇ ‘ਚ ਹੀ ਆਰਡਰ ਆ ਗਏ। ਆਰਡਰ ਜਲੰਧਰ ਰੇਡੀਓ ਲਈ ਸਨ, ਪਰ ਕਾਪੀ ਦੇਸ਼ ਭਰ ਦੇ ਰੇਡੀਓ ਸਟੇਸ਼ਨਾਂ ਲਈ ਸੀ। ਮੈਨੂੰ ਖ਼ੁਸ਼ੀ ਹੋਈ, ਕੋਈ ਚੱਜ ਦਾ ਕੰਮ ਮੇਰੇ ਹੱਥੋਂ ਹੋ ਗਿਆ ਸੀ। ਨਿੰਦਰ ਘੁਗਿਆਣਵੀ ਇੱਨ੍ਹਾਂ ਆਰਡਰਾਂ ਕਰ ਕੇ ਹੀ ਫ਼ਰੀਦਕੋਟ ਤੋਂ ਜਲੰਧਰ ਰੇਡੀਓ ਉਤੇ ਤੂੰਬੀ ਨਾਲ ਗਾਉਣ ਆ ਸਕਿਆ ਅਤੇ ਹੋਰ ਵੀ ਬਥੇਰੇ ਨੌਜਵਾਨ ਗਾਇਕ ਕਲਾਕਾਰ ਵੀ।
ਮੈਂ ਮਹਿਸੂਸ ਕਰਦੀ ਹਾਂ ਕਿ ਕਿੰਨੇ ਹੋਣਹਾਰ ਕਲਾਕਾਰ ਵਾਂਝੇ ਰਹਿ ਜਾਂਦੇ ਹੋਣਗੇ ਫ਼ਜ਼ੂਲ ਦੀਆਂ ਸਰਕਾਰੀ ਸ਼ਰਤਾਂ ‘ਚ ਫ਼ਸ ਕੇ। ਮੈਨੂੰ ਇਹ ਕਾਲਮ ਲਿਖਦਿਆਂ ਯਾਦ ਆ ਰਿਹੈ ਡਰਾਮਾ ਆਰਟਿਸਟਾਂ ਲਈ ਵੀ ਹੈ ਸੀ ਅਜਿਹੀ ਇੱਕ ਸ਼ਰਤ। ਕੋਈ ਕਲਾਕਾਰ ਯਾ ਰੇਡੀਓ ਨਾਲ ਜੁੜਿਆ ਵਿਅਕਤੀ ਇਸ ਬਾਰੇ ਦੱਸ ਸਕਦਾ ਹੈ। ਅਤੇ ਇਸ ਨੂੰ ਸਹੀ ਕਰਨ ‘ਚ ਮੱਦਦ ਵੀ ਕਰ ਸਕਦਾ ਹੈ। ਕਾਨੂੰਨ ਸਾਡੀ ਸਹਾਇਤਾ ਲਈ ਬਣਦੇ ਹਨ ਨਾ ਕਿ ਰੁਕਾਵਟਾਂ ਪੈਦਾ ਕਰਨ ਲਈ। ਕਾਨੂੰਨ ਬਣਨ ਤੋਂ ਬਾਅਦ ਆਉਂਦੀ ਹੈ ਉਹਦੀ ਇੰਟਰਪ੍ਰਟੇਸ਼ਨ, ਅਤੇ ਅਸੀਂ ਉਸ ਕਾਨੂੰਨ ਨੂੰ ਸਮਝਦੇ ਕਿਸ ਤਰ੍ਹਾਂ ਹਾਂ। ਅਲੱਗ ਅਲੱਗ ਵਿਅਕਤੀ ਇੱਕ ਹੀ ਕਾਨੂੰਨ ਨੂੰ ਆਪਣੀ ਵਿਚਾਰਧਾਰਾ ਦੇ ਹਿਸਾਬ ਨਾਲ ਸਮਝਣਗੇ। ਰੇਡੀਓ ਦੇ ਕਾਨੂੰਨ ਵੀ ਵੱਖ ਵੱਖ ਵਿਅਕਤੀਆਂ ਲਈ ਅਲੱਗ ਅਲੱਗ ਮਤਲਬ ਰੱਖਦੇ ਹਨ। ਜੇ ਤੁਸੀਂ ਕਿਸੇ ਦੇ ਚਿਹਰੇ ‘ਤੇ ਮੁਸਕਰਾਹਟ ਲਿਆ ਸਕਦੇ ਹੋਂ ਤਾਂ ਕਾਨੂੰਨ ਨੂੰ ਥੋੜ੍ਹਾ ਜਿਹਾ ਮੋੜ ਲੈਣਾ ਚਾਹੀਦਾ ਹੈ। ਵੈਸੇ ਵੀ ਰੇਡੀਓ ਦੇ ਉੱਚ ਅਧਿਕਾਰੀ ਹੋ ਕੇ ਵੀ ਤੁਸੀਂ ਹੁੰਦੇ ਤਾਂ ਪਬਲਿਕ ਸਰਵੈਂਟ ਹੀ ਹੋ ਨਾ। ਹਮੇਸ਼ਾ ਲੋਕਾਂ ਦੀ ਸੇਵਾ ‘ਚ ਹਾਜ਼ਰ … ਇਸ ਵਾਰ ਐਨਾ ਹੀ ਕਾਫ਼ੀ। ਅਗਲੇ ਹਫ਼ਤੇ ਮਿਲਦੇ ਹਾਂ। ਰੱਬ ਰਾਖਾ!















