ਹੁਸ਼ਿਆਰਪੁਰ – ਦੇਸ਼ ਭਰ ਵਿਚ ਹਿਊਮਨ ਮੇਟਾ ਨਿਉਮੋ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਵਿਚ ਵੀ ਸਿਹਤ ਮਹਿਕਮੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧ ਵਿਚ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਸ਼ਗੋਤਰਾ ਨੇ ਦੱਸਿਆ ਕਿ ਲੋਕ ਐੱਚ. ਐੱਮ. ਪੀ. ਵੀ. ਵਾਇਰਸ ਤੋਂ ਨਾ ਘਬਰਾਉਣ। ਇਹ ਇਕ ਆਮ ਸਰਦੀ ਜ਼ੁਕਾਮ ਦੀ ਤਰ੍ਹਾਂ ਫਲੂ ਵਰਗਾ ਹੀ ਹੈ। ਪੰਜਾਬ ਵਿਚ ਅਜੇ ਇਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪਰ ਵਿਭਾਗ ਇਸ ਦੇ ਇਲਾਜ ਲਈ ਪੂਰੀ ਤਰ੍ਹਾਂ ਅਲਰਟ ਹੈ। ਹਲਕਾ ਬੁਖ਼ਾਰ, ਨੱਕ ਦਾ ਵਗਣਾ, ਖਾਂਸੀ, ਗਲੇ ’ਚ ਖਾਰਿਸ਼ ਜਾਂ ਸਾਹ ਲੈਣ ਵਿਚ ਤਕਲੀਫ਼ ਇਸ ਦੇ ਮੁੱਢਲੇ ਲੱਛਣ ਹਨ। ਇਹ ਸਭ ਇਕ ਹਫ਼ਤੇ ਵਿਚ ਆਪਣੇ ਆਪ ਠੀਕ ਹੋ ਜਾਂਦੇ ਹਨ।
5 ਸਾਲ ਤੋਂ ਛੋਟੇ ਬੱਚੇ ਅਤੇ 60 ਸਾਲ ਤੋਂ ਉੱਪਰ ਬਜ਼ੁਰਗ, ਜਿਨ੍ਹਾਂ ਦੀ ਇਮੀਊਨਿਟੀ ਘੱਟ ਹੁੰਦੀ ਹੈ, ਉਨ੍ਹਾਂ ਦਾ ਖ਼ਾਸ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਬਚਾਅ ਲਈ ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਬਾਹਰ ਦਾ ਤਲਿਆ-ਭੁੰਨਿਆ ਮਸਾਲੇਦਾਰ ਭੋਜਨ ਤੋਂ ਪਰਹੇਜ਼ ਰੱਖਿਆ ਜਾਵੇ। ਘਰ ਦਾ ਬਣਿਆ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ। ਜਿਸ ਵਿਚ ਮੌਸਮੀ ਫਲ ਸਬਜ਼ੀਆਂ ਦਾਲਾਂ ਆਦਿ ਸ਼ਾਮਲ ਕੀਤੀਆਂ ਜਾਣ। ਪੀਣ ਵਾਲੇ ਪਦਾਰਥਾਂ ਦਾ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ। ਫਲੂ ਵਰਗੀ ਇਨਫੈਕਸ਼ਨ ਹੋਣ ’ਤੇ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮੂੰਹ ’ਤੇ ਮਾਸਕ ਬੰਨ੍ਹ ਕੇ ਰੱਖੋ। ਪਰਿਵਾਰਕ ਮੈਂਬਰਾਂ ਤੋਂ ਦੂਰੀ ਬਣਾ ਕੇ ਰੱਖੋ। ਹਥਾਂ ਨੂੰ ਵਾਰ-ਵਾਰ ਸਾਬਣ ਪਾਣੀ ਨਾਲ ਧੋਵੋ। ਮੂੰਹ, ਅੱਖਾਂ, ਨੱਕ ਨੂੰ ਵਾਰ-ਵਾਰ ਨਾ ਛੂਹੋ। ਇਨਫੈਕਸ਼ਨ ਹੋਣ ਦੀ ਸੂਰਤ ਵਿਚ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿਚ ਡਾਕਟਰ ਨਾਲ ਸੰਪਰਕ ਕਰੋ।















