ਮੋਦੀ ਸਾਹਿਬ ਦਿੱਲੀ ਅਜੇ ਬਹੁਤ ਦੂਰ ਹੈ

walia-big19 ਮਈ 2016 ਨੂੰ ਦੇਸ਼ ਦੇ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਨਤੀਜਿਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਜਸ਼ਨ ਮਨਾਉਣ ਦਾ ਮੌਕਾ ਦੇ ਦਿੱਤਾ ਹੈ। ਅਸਾਮ ਨੂੰ ਛੱਡ ਕੇ ਜਿੱਥੋਂ ਭਾਰਤੀ ਜਨਤਾ ਪਾਰਟੀ ਨੂੰ 126 ਵਿੱਚੋਂ 86 ਸੀਟਾਂ ਮਿਲੀਆਂ ਹਨ, ਬਾਕੀ ਚਾਰ ਵਿੱਚੋਂ ਸਿਰਫ਼ 4 ਸੀਟਾਂ ਹੀ ਜਿੱਤ ਸਕੀ ਹੈ ਭਾਜਪਾ। ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤੀ ਮੁੱਖ ਧਾਰਾ ਦੇ ਮੀਡੀਆ ਨੇ ਇਸ ਜਿੱਤ ਨੂੰ ਇਸ ਤਰ੍ਹਾਂ ਪੇਸ਼ ਕੀਤਾ ਹੈ, ਜਿਵੇਂ ਕਿ ਭਾਰਤੀ ਜਨਤਾ ਪਾਰਟੀ ਨੇ ਦੇਸ਼ ਵਿੱਚੋਂ ਕਾਂਗਰਸ ਦਾ ਸਫ਼ਾਇਆ ਕਰ ਦਿੱਤਾ ਹੈ ਅਤੇ ਆਪਣੇ ‘ਕਾਂਗਰਸ ਮੁਕਤ ਭਾਰਤ’ ਵਾਲੇ ਨਾਅਰੇ ਨੂੰ ਸੱਚ ਕਰ ਵਿਖਾਇਆ ਹੈ। ਭਾਰਤ ਦੇ ਟੀ. ਵੀ. ਚੈਨਲਾਂ ਵੱਲੋਂ ਅਸਾਮ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਨੂੰ ਇਉਂ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ ਕਿ ਜੈਲਲਿਤਾ ਅਤੇ ਮਮਤਾ ਬੈਨਰਜੀ ਦੀਆਂ ਜਿੱਤਾਂ ਛੋਟੀਆਂ ਨਜ਼ਰ ਆਉਣ ਲੱਗੀਆਂ। ਸ਼ਾਇਦ ਇਹ ਸਿਆਸੀ ਚਾਲ ਅਗਲੇ ਵਰ੍ਹੇ ਗੋਆ, ਪੰਜਾਬ, ਉਤਰਾਖੰਡ, ਮਨੀਪੁਰ ਅਤੇ ਉਤਰ ਪ੍ਰਦੇਸ਼ ਵਿੱਚ ਹੋ ਰਹੀਆਂ ਚੋਣਾਂ ਨੂੰ ਮੱਦੇਨਜ਼ਰ ਰੱਖ ਕੇ ਖੇਡੀ ਜਾ ਰਹੀ ਹੋਵੇ। ਭਾਰਤੀ ਜਨਤਾ ਪਾਰਟੀ ਵੱਲੋਂ ਮੀਡੀਆ ਰਾਹੀਂ ਨਰਿੰਦਰ ਮੋਦੀ ਦੇ ਹੱਕ ਵਿੱਚ ਮਾਹੌਲ ਪੇਸ਼ ਕਰਕੇ ਆਉਂਦੀਆਂ ਚੋਣਾਂ ਲਈ ਆਪਣੇ ਵਰਕਰਾਂ ਵਿੱਚ ਉਤਸ਼ਾਹ ਪੈਦਾ ਕੀਤਾ ਜਾ ਰਿਹਾ ਹੈ। ਕਾਂਗਰਸ ਦੀ ਹਾਰ ਜ਼ਰੂਰ ਹੋ ਰਹੀ ਹੈ ਪਰ ਤੱਥਾਂ ਨੂੰ ਇਉਂ ਪੇਸ਼ ਕਰਨਾ ਕਿ ਕਾਂਗਰਸ ਦਾ ਤਾਂ ਨਾਮੋ-ਨਿਸ਼ਾਨ ਮਿਟ ਗਿਆ ਹੈ, ਉੱਕਾ ਹੀ ਗਲਤ ਹੈ। ਇਹਨਾਂ ਚੋਣਾਂ ਦੇ ਨਤੀਜਿਆਂ ਨੂੰ ਗੌਰ ਨਾਲ ਵੇਖਣ ਤੋਂ ਬਾਅਦ ਇਹ ਗੱਲ ਸਪਸ਼ਟ ਹੋ ਜਾਂਦੀ ਹੈ। ਪੰਜ ਰਾਜਾਂ ਦੇ ਨਤੀਜੇ ਦੱਸਦੇ ਹਨ ਕਿ ਅਸਾਮ ਨੂੰ ਛੱਡ ਕੇ ਬਾਕੀ ਚਾਰ ਰਾਜਾਂ ਦੀਆਂ ਕੁਝ 698 ਸੀਟਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ ਸਿਰਫ਼ 4 ਸੀਟਾਂ ਮਿਲੀਆਂ ਹਨ। ਤਾਮਿਲਨਾਡੂ ਦੀਆਂ 234 ਅਤੇ ਪਾਂਡੀਚਰੀ ਦੀਆਂ 30 ਸੀਟਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ ਇੱਕ ਵੀ ਸੀਟ ਪ੍ਰਾਪਤ ਨਹੀਂ ਹੋਈ। ਇਹਨਾਂ ਦੋਵੇਂ ਰਾਜਾਂ ਵਿੱਚ ਭਾਜਪਾ ਖਾਤਾ ਖੋਲ੍ਹਣ ਤੋਂ ਵੀ ਅਸਮਰੱਥ ਰਹੀ। ਭਾਜਪਾ ਦੇ ਕੇਰਲ ਵਿੱਚੋਂ ਹੀ ਜਿੱਤ ਸਕੇ। ਦੂਜੇ ਪਾਸੇ ਕਾਂਗਰਸ ਨੂੰ ਕੇਰਲ 46, ਪੱਛੜੀ ਬੰਗਾਲ ਦੇ 42, ਅਸਾਮ ਦੇ 26, ਤਾਮਿਲਨਾਡੂ ਦੇ 9 ਅਤੇ ਪਾਂਡੀਚਰੀ ਦੇ 17 ਚੋਣ ਹਲਕਿਆਂ ਵਿੱਚ ਜਿੱਤ ਪ੍ਰਾਪਤ ਹੋਈ ਹੈ। ਇਉਂ ਤੱਥਾਂ ਮੁਤਾਬਕ ਇਹਨਾਂ ਪੰਜ ਰਾਜਾਂ ਵਿੱਚ ਕਾਂਗਰਸ ਨੂੰ 140 ਅਤੇ ਭਾਰਤੀ ਜਨਤਾ ਪਾਰਟੀ ਨੂੰ 90 ਸੀਟਾਂ ਪ੍ਰਾਪਤ ਹੋਈਆਂ ਹਨ। ਇਹ ਵੀ ਸੱਚ ਹੈ ਇਹਨਾਂ ਚੋਣਾਂ ਵਿੱਚ ਕਾਂਗਰਸ ਨੂੰ 52 ਸੀਟਾਂ ਦਾ ਨੁਕਸਾਨ ਹੋਇਆ ਹੈ।
ਭਾਰਤੀ ਜਨਤਾ ਪਾਰਟੀ ਦਾ ਅਸਾਮ ਦੀ ਜਿੱਤ ਨੂੰ ਲੈ ਕੇ ਇੰਨਾ ਉਤਸ਼ਾਹਿਤ ਅਤੇ ਉਤੇਜਿਤ ਹੋਣਾ ਸੁਭਾਵਿਕ ਹੈ ਪਰ ਇਸ ਜਿੱਤ ਨੂੰ ਕਾਂਗਰਸ ਦੀ ਵੱਡੀ ਹਾਰ ਕਹਿ ਕੇ ਪ੍ਰਚਾਰਿਤ ਕਰਨਾ ਅਗਲੇ ਸਾਲ ਹੋ ਰਹੀਆਂ ਚੋਣਾਂ ਲਈ ਜ਼ਮੀਨ ਤਿਆਰ ਕਰਨਾ ਹੈ। 2017 ਵਿੱਚ ਗੋਆ, ਪੰਜਾਬ, ਉਤਰਾਖੰਡ, ਮਨੀਪੁਰ ਅਤੇ ਉਤਰ ਪ੍ਰਦੇਸ਼ ਵਿੱਚ ਹੋ ਰਹੀਆਂ ਚੋਣਾਂ ‘ਤੇ ਹਰ ਸਿਆਸੀ ਪਾਰਟੀ ਦੀ ਨਜ਼ਰ ਹੈ। ਖਾਸ ਤੌਰ ‘ਤੇ ਭਾਰਤੀ ਜਨਤਾ ਪਾਰਟੀ ਨੇ ਜੇਕਰ ਆਪਣਾ ਕਾਂਗਰਸ ਮੁਕਤ ਭਾਰਤ ਦਾ ਸੁਪਨਾ ਪੂਰਾ ਕਰਕੇ ਪੂਰੇ ਹਿੰਦੋਸਤਾਨ ‘ਤੇ ਰਾਜ ਕਰਨਾ ਹੈ ਤਾਂ ਹੋਰਨਾਂ ਰਾਜਾਂ ਦੇ ਨਾਲ ਨਾਲ ਉਤਰ ਪ੍ਰਦੇਸ਼ ਵਿੱਚ ਚੰਗੀ ਕਾਰਗੁਜਾਰੀ ਕਰਨੀ ਅਤਿਅੰਤ ਜ਼ਰੂਰੀ ਹੈ। 2012 ਵਿੱਚ ਸਮਾਜਵਾਦੀ ਪਾਰਟੀ 403 ਵਿਧਾਨ ਸਭਾ ਹਲਕਿਆਂ ਵਿੱਚੋਂ 232 ਉਤੇ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਈ ਸੀ ਅਤੇ ਭਾਰਤੀ ਜਨਤਾ ਪਾਰਟੀ 47 ਸੀਟਾਂ ਨਾਲ ਤੀਜੇ ਨੰਬਰ ‘ਤੇ ਸੀ। ਦੂਜੇ ਸਥਾਨ ‘ਤੇ 80 ਵਿਧਾਨਕਾਰਾਂ ਨਾਲ ਬਹੁਜਨ ਸਮਾਜ ਪਾਰਟੀ ਰਹੀ ਸੀ। ਸੋ ਤੀਜੇ ਨੰਬਰ ਤੋਂ ਪ੍ਰਥਮ ਸਥਾਨ ਤਕ ਪਹੁੰਚਣਾ ‘ਆਗ ਕਾ ਦਰਿਆ ਪਾਰ’ ਕਰਨ ਸਮਾਨ ਹੈ। ਉਤਰ ਪ੍ਰਦੇਸ਼ ਦੀ ਵਿਧਾਨ ਸਭਾ ਵਿੱਚ ਜਿੱਥੇ ਭਾਜਪਾ ਦੀ ਸਥਿਤੀ ਕਮਜ਼ੋਰ ਹੈ, ਉਥੇ ਲੋਕ ਸਭਾ ਦੀਆਂ ਚੋਣਾਂ ਨੇ ਭਾਜਪਾ ਨੂੰ ਉਤਰ ਪ੍ਰਦੇਸ਼ ਵਿੱਚ ਕਾਫ਼ੀ ਮਜ਼ਬੂਤੀ ਬਖਸ਼ੀ ਹੈ। ਰਾਜ ਦੀਆਂ 80 ਸੀਟਾਂ ਵਿੱਚੋਂ 71 ਭਾਰਤੀ ਜਨਤਾ ਪਾਰਟੀ ਦੇ ਹਿੱਸੇ ਆਈਆਂ ਸਨ। ਇਹ ਤੱਥ ਭਾਜਪਾ ਲੀਡਰਸ਼ਿਪ ਨੂੰ ਤਸੱਲੀ ਦਿੰਦੇ ਹਨ ਪਰ ਤਸੱਲੀ ਦੀ ਡਿਗਰੀ ਉਪ ਚੋਣਾਂ ਵਿੱਚ ਥੋੜ੍ਹੀ ਘੱਟ ਗਈ ਸੀ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਫ਼ੀ ਫ਼ਰਕ ਹੁੰਦਾ ਹੈ। ਵਿਧਾਨ ਸਭਾ ਲਈ ਚੋਣ ਮੁੱਦੇ ਬਿਲਕੁਲ ਵੱਖਰੇ ਹੁੰਦੇ ਹਨ। ਸਥਾਨਕ ਹੁੰਦੇ ਹਨ, ਪ੍ਰਾਂਤਿਕ ਹੁੰਦੇ ਹਨ ਅਤੇ ਲੋਕ ਸਭਾ ਲਈ ਮੁੱਦੇ ਵੱਖਰੀ ਤਰ੍ਹਾਂ ਦੇ ਹੁੰਦੇ ਹਨ। ਉਤਰ ਪ੍ਰਦੇਸ਼ ਦੀ ਰਾਜਨੀਤੀ ਵਿੱਚ ਸਮਾਜਵਾਦੀ ਅਤੇ ਬਹੁਜਨ ਸਮਾਜ ਦੋਵੇਂ ਪਾਰਟੀਆਂ ਕਾਫ਼ੀ ਮਜਬੂਤ ਸਥਿਤੀ ਵਿੱਚ ਹਨ। ਇਸ ਗੱਲ ਦਾ ਆਗਾਮੀ ਚੋਣਾਂ ‘ਤੇ ਕੋਈ ਫ਼ਰਕ ਨਹੀਂ ਪੈਂਦਾ ਕਿ ਬਹੁਜਨ ਸਮਾਜ ਪਰਟੀ ਦੀ ਲੋਕ ਸਭਾ ਵਿੱਚ ਕੀ ਸਥਿਤੀ ਹੈ ਜਾਂ ਸਮਾਜਵਾਦੀ ਪਾਰਟੀ ਦੀ ਸਥਿਤੀ ਵੀ ਕੋਈ ਖਾਸ ਚੰਗੀ ਨਹੀਂ। ਅੱਜ ਵੀ ਇਹਨਾਂ ਦੋਵੇਂ ਪਾਰਟੀਆਂ ਕੋਲ ਸਥਾਨਕ ਮੁੱਦਿਆਂ ਨੂੰ ਲੈ ਕੇ ਆਪਣਾ ਆਪਣਾ ਤਕੜਾ ਜਨ ਆਧਾਰ ਹੈ। ਅਜਿਹਾ ਜਨ ਆਧਾਰ ਨਾ ਤਾਂ ਕਾਂਗਰਸ ਕੋਲ ਹੈ ਅਤੇ ਨਾ ਹੀ ਭਾਰਤੀ ਜਨਤਾ ਪਾਰਟੀ ਕੋਲ। ਲੋਕ ਸਭਾ ਚੋਣਾਂ ਤਾਂ ਭਾਜਪਾ ਨੇ ਮੋਦੀ ਦੇ ਜਾਦੂ ਦੇ ਸਹਾਰੇ ਜਿੱਤੀਆਂ ਸਨ ਪਰ ਇਹ ਜਾਦੂ ਵਿਧਾਨ ਸਭਾ ਚੋਣਾਂ ਵਿੱਚ ਚੱਲੇਗਾ ਜਾਂ ਨਹੀਂ, ਇਹ ਇੱਕ ਵੱਖਰਾ ਸਵਾਲ ਹੈ। ਦਿੱਲੀ ਅਤੇ ਬਿਹਾਰ ਵਿੱਚ ਇਹ ਜਾਦੂ ਨਹੀਂ ਚੱਲ ਸਕਿਆ। ਦਿੱਲੀ ਅਤੇ ਬਿਹਾਰ ਦੀ ਹਾਰ ਤੋਂ ਸਬਕ ਲੈਂਦੇ ਹੋਏ ਅਸਾਮ ਵਿੱਚ ਸਥਾਨਕ ਨੇਤਾ ਦੇ ਨਾਮ ‘ਤੇ ਚੋਣ ਲੜੀ ਗਈ ਅਤੇ ਜਿੱਤ ਲਈ। 24 ਮਈ 2016 ਨੂੰ ਸਰਬਅਨਮਾਨਦਾ ਸੋਨੋਵਾਲ ਨੇ ਭਾਜਪਾ ਦੇ ਪਹਿਲੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਕੇ ਇਤਿਹਾਸ ਸਿਰਜ ਦਿੱਤਾ। ਹੁਣ ਭਾਜਪਾ ਅਸਾਮ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਉਤਰ ਪ੍ਰਦੇਸ਼ ਵਿੱਚ ਵੀ ਸਥਾਨਕ ਨੇਤਾ ਦੇ ਨਾਮ ‘ਤੇ ਚੋਣ ਲੜਨ ਦੀ ਸਕੀਮ ਘੜ ਰਹੀ ਹੈ। ਇਸ ਯੋਜਨਾ ਅਧੀਨ ਹੀ ਭਾਜਪਾ ਨੇ ਕੇਸ਼ਵ ਪ੍ਰਸ਼ਾਦ ਮੋਰਿਆ ਨੂੰ ਪ੍ਰਦੇਸ਼ ਭਾਜਪਾ ਦਾ ਪ੍ਰਧਾਨ ਬਣਾਇਆ ਹੈ। ਪੱਛੜੀਆਂ ਜਾਤੀਆਂ ਨਾਲ ਸਬੰਧਤ ਮੋਰਿਆ ਦੇ ਹਵਾਲੇ ਨਾਲ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀਆਂ ਦਾ ਮੁਕਾਬਲਾ ਕਰਨ ਦੀ ਤਿਆਰੀ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ। ਇਸ ਗੱਲ ਦੀ ਵੀ ਤਕੜੀ ਸੰਭਾਵਨਾ ਹੈ ਕਿ ਚੋਣ ਜਿੱਤਣ ਲਈ ਭਾਜਪਾ ਰਾਮ ਮੰਦਰ ਨੂੰ ਆਪਣਾ ਮੁੱਖ ਮੁੱਦਾ ਬਣਾ ਲਵੇਗੀ।
ਪੰਜਾਬ ਵਿੱਚ ਭਾਜਪਾ ਸ਼੍ਰੋਮਣੀ ਅਕਾਲੀ ਦਲ ਨਾਲ ਰਲ ਕੇ ਸੱਤਾਧਾਰੀ ਧਿਰ ਦੇ ਤੌਰ ‘ਤੇ ਵਿੱਚਰ ਰਹੀ ਹੈ। ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਵਾਂਗ ਬਹੁਤ ਸਾਰੇ ਸਥਾਨਕ ਭਾਜਪਾ ਨੇਤਾ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਸਰਕਾਰ ਤੋਂ ਖੁਸ਼ ਨਹੀਂ ਹਨ। ਨਸ਼ਿਆਂ ਦੇ ਮੁੱਦੇ ‘ਤੇ ਦੋਵੇਂ ਪਾਰਟੀਆਂ ਕਈ ਵਾਰ ਆਹਮੋ-ਸਾਹਮਣੇ ਆ ਚੁੱਕੀਆਂ ਹਨ। ਨਸ਼ਿਆਂ ਤੋਂ ਇਲਾਵਾ, ਕਿਸਾਨ ਖੁਦਕੁਸ਼ੀਆਂ, ਬੇਰੁਜ਼ਗਾਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਅਮਨ ਕਾਨੂੰਨ ਦੀ ਸਥਿਤੀ ਅਤੇ ਮਾੜੀ ਆਰਥਿਕ ਸਥਿਤੀ ਵਰਗੇ ਅਨੇਕਾਂ ਮੁੱਦਿਆਂ ‘ਤੇ ਅਕਾਲੀ ਦਲ ਦੀ ਹਾਲਤ ਪਤਲੀ ਹੈ। ਪੰਜਾਬ ਵਿੱਚ ਕਾਂਗਰਸ ਭਾਵੇਂ ਅੰਦਰੂਨੀ ਗੁੱਟਬੰਦੀ ਦਾ ਸ਼ਿਕਾਰ ਹੈ ਪਰ ਆਮ ਆਦਮੀ ਪਾਰਟੀ ਨੇ ਆਪਣਾ ਆਧਾਰ ਬਹੁਤ ਮਜ਼ਬੂਤ ਕਰ ਲਿਆ ਹੈ। ਇਸ ਹਾਲਾਤ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਦੇ ਭਾਜਪਾਈ ਆਪਣੇ ਬਲਬੂਤੇ ‘ਤੇ ਚੋਣਾਂ ਲੜਨੀਆਂ ਚਾਹੁੰਦੇ ਸਨ ਪਰ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਸਪਸ਼ਟ ਕਰ ਦਿੱਤਾ ਹੈ ਕਿ ਦੋਵੇਂ ਪਾਰਟੀਆਂ ਮਿਲ ਕੇ ਹੀ ਚੋਣ ਲੜਨਗੀਆਂ। ਇਸ ਹਾਲਾਤ ਵਿੱਚ ਪੰਜਾਬ ਵਿੱਚ ਭਾਜਪਾ ਨੂੰ ਕੋਈ ਜਾਦੂਈ ਨਤੀਜਿਆਂ ਦੀ ਆਸ ਨਹੀਂ ਰੱਖਣੀ ਚਾਹੀਦੀ।
ਗੋਆ ਵਿੱਚ ਭਾਰਤੀ ਜਨਤਾ ਪਾਰਟੀ ਦੀ ਆਪਣੀ ਹੀ ਸਰਕਾਰ ਹੈ। 40 ਵਿਧਾਨ ਸਭਾ ਹਲਕਿਆਂ ਵਿੱਚੋਂ 21 ਸੀਟਾਂ ਉਪਰ ਭਾਰਤੀ ਜਨਤਾ ਪਾਰਟੀ ਵਿਧਾਇੱਕ ਜੇਤੂ ਰਹੇ ਸਨ। ਜਦੋਂ ਕਾਂਗਰਸ ਦੇ ਹਿੱਸੇ ਸਿਰਫ਼ 9 ਵਿਧਾਇੱਕ ਆਏ ਸਨ। ਮੁੱਖ ਮੰਤਰੀ ਲਕਸ਼ਮਣੀਕਾਂਤ ਪਾਰਸਕਰ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਰਹੀ ਹੈ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਨੇ ਆਪ ਲਈ ਚੋਣ ਮੁਹਿੰਮ ਦਾ ਅਰੰਭ ਕਰ ਦਿੱਤਾ ਹੈ। ਭ੍ਰਿਸ਼ਟਾਚਾਰ, ਨਰਾਇਜ਼ ਖਣਕਾਰੀ ਅਤੇ ਗੋਆ ਦੇ ਸੁਭਾਵਿਕ ਸੁਹੱਪਣ ਨੂੰ ਬਚਾਉਣ ਵਰਗੇ ਮੁੱਦੇ ਚੋਣ ਮੁੱਦਿਆਂ ਦੇ ਤੌਰ ‘ਤੇ ਉਭਰ ਰਹੇ ਹਨ। ਗੋਆ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਸੱਤਾ ਬਣਾਈ ਰੱਖਣੀ ਵੱਡੀ ਚੁਣੌਤੀ ਹੈ।
ਕਾਂਗਰਸ ਦੀ ਸਰਕਾਰ ਵਾਲੀ 60 ਮੈਂਬਰੀ ਮਨੀਪੁਰ ਵਿਧਾਨ ਸਭਾ ਵੀ ਚੋਣ ਲਈ ਤਿਆਰ ਹੈ। ਮੁੱਖ ਮੰਤਰੀ ਉਕਰਾਮ ਇਬੋਬੀ ਸਿੰਘ ਦੇ ਨਾਲ ਕਾਂਗਰਸ ਦੇ 47 ਮੈਂਬਰ ਹਨ ਅਤੇ ਭਾਰਤੀ ਜਨਤਾ ਪਾਰਟੀ ਦੇ ਸਿਰਫ਼ ਦੋ ਮੈਂਬਰ ਹਨ। ਚੀਨ ਦੀ ਸਰਹੱਦ ਨਾਲ ਲੱਗਦੇ ਇਸ ਸ਼ਹਿਰ ਵਿੱਚ ਸਭ ਅੱਛਾ ਨਹੀਂ। ਇੱਥੇ ਅਨੇਕਾਂ ਖੇਤਰ ਅਜਿਹੇ ਹਨ, ਜਿੱਥੇ 4-5 ਘੰਟੇ ਤੋਂ ਵੱਧ ਬਿਜਲੀ ਉਪਲਬਧ ਨਹੀਂ ਹੁੰਦੀ। ਪੀਣ ਵਾਲੇ ਪਾਣੀ ਦੀ ਕਮੀ ਨਾਲ ਇਹ ਰਾਜ ਜੂਝ ਰਿਹਾ ਹੈ। ਭ੍ਰਿਸ਼ਟਾਚਾਰ ਦਾ ਵੀ ਬੋਲਬਾਲਾ ਹੈ। ਲੋਕ ਅਫ਼ਸਰਸ਼ਾਹੀ ਅਤੇ ਸਥਾਨਕ ਅੱਤਵਾਦੀਆਂ ਤੋਂ ਦੁਖੀ ਹਨ। ਦੋਵਾਂ ਦੇ ਅਨੈਤਿਕ ਗੱਠਜੋੜ ਕਾਰਨ ਵਿਕਾਸ ਰੁਕਿਆ ਹੋਣ ਦਾ ਇਲਜ਼ਾਮ ਲੱਗਦਾ ਹੈ। ਸੱਤਾਧਾਰੀ ਕਾਂਗਰਸ ਸੜਕਾਂ ਅਤੇ ਪੁਲ ਬਣਾਉਣ ਦੇ ਪ੍ਰਾਜੈਕਟ ਸਿਰੇ ਚੜ੍ਹਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭ੍ਰਿਸ਼ਟਾਚਾਰ ਰੋਕਣ ਹਿੱਤ 2011 ਮਨੀਪੁਰ ਲੋਕਯੁਕਤ ਬਿਲ 2011 ਪਾਸ ਕੀਤਾ ਗਿਆ। ਅਜਿਹੇ ਮੁੱਦਿਆਂ ਨੂੰ ਲੈ ਕੇ 2017 ਦੀ ਚੋਣ ਲੜੀ ਜਾਵੇਗੀ। ਭਾਰਤੀ ਜਨਤਾ ਪਾਰਟੀ ਨੂੰ ਆਪਣੇ-ਆਪਣੇ ਮੈਂਬਰਾਂ ਦੀ ਗਿਣਤੀ ਵਧਾਉਣ ਲਈ ਬਹੁਤ ਮਿਹਨਤ ਦੀ ਲੋੜ ਹੈ।
ਉਤਰਾਖੰਡ ਇੱਕ ਹੋਰ ਅਜਿਹਾ ਰਾਜ ਹੈ, ਜਿੱਥੇ ਭਾਰਤੀ ਜਨਤਾ ਪਾਰਟੀ ਦਾ ਸਿੱਧਾ ਮੁਕਾਬਲਾ ਕਾਂਗਰਸ ਨਾਲ ਹੈ। 18 ਮਾਰਚ 2016 ਨੂੰ ਕਾਂਗਰਸ ਦੇ 9 ਬਾਗੀ ਵਿਧਾਇੱਕਾਂ ਨੂੰ ਲੈ ਕੇ ਜੋ ਸਿਆਸੀ ਨਾਟਕ ਖੇਡਿਆ ਗਿਆ, ਉਸ ਵਿੱਚ ਭਾਰਤੀ ਜਨਤਾ ਪਾਰਟੀ ਦੀ ਕਿਰਕਰੀ ਜ਼ਰੂਰ ਹੋਈ ਹੈ। ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਹਟਾ ਕੇ ਰਾਸ਼ਟਰਪਤੀ ਰਾਜ ਲਾਗੂ ਕਰਨਾ ਭਾਰਤੀ ਜਨਤਾ ਪਾਰਟੀ ਵਾਲੀ ਕੇਂਦਰ ਸਰਕਾਰ ਦੀ ਵੱਡੀ ਗਲਤੀ ਸੀ। ਅੱਜਕਲ੍ਹ ਇਸ ਦੇ 71 ਮੈਂਬਰੀ ਵਿਧਾਨ ਸਭਾ ਵਿੱਚ ਕਾਂਗਰਸ ਦੇ 27 ਵਿਧਾਇੱਕ ਹਨ ਅਤੇ ਕਾਂਗਰਸੀ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਬੀ. ਐਸ. ਪੀ. ਦੇ 2, ਉਤਰਾਖੰਡ ਕ੍ਰਾਂਤੀ ਦਲ ਦੇ ਇੱਕ ਅਤੇ ਤਿੰਨ ਆਜ਼ਾਦ ਉਮੀਦਵਾਰਾਂ ਦੀ ਹਮਾਇਤ ਹਾਸਲ ਹੈ। ਭਾਰਤੀ ਜਨਤਾ ਪਾਰਟੀ 28 ਵਿਧਾਇੱਕਾਂ ਨਾਲ ਵਿਰੋਧੀ ਪਾਰਟੀ ਦੇ ਤੌਰ ‘ਤੇ ਵਿੱਚਰ ਰਹੀ ਹੈ। ਇਸ ਪਹਾੜੀ ਰਾਜ ਵਿੱਚ ਵੀ ਹੋਰਨਾਂ ਰਾਜਾਂ ਵਾਂਗ ਭ੍ਰਿਸ਼ਟਾਚਾਰ ਮੁੱਖ ਚੋਣ ਮੁੱਦਾ ਹੈ। 2017 ਵਿੱਚ ਹੋ ਰਹੀਆਂ ਚੋਣਾਂ ਵਿੱਚ ਉਤਰਾਖੰਡ ਹੀ ਇੱਕ ਅਜਿਹਾ ਰਾਜ ਹੈ, ਜਿੱਥੇ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹੈ। ਕਾਂਗਰਸ ਦੀ ਅੰਦਰੂਨੀ ਗੁੱਟਬੰਦੀ ਦਾ ਫ਼ਾਇਦਾ ਵੀ ਭਾਰਤੀ ਜਨਤਾ ਪਾਰਟੀ ਨੂੰ ਹੋਵੇਗਾ। ਹਾਲਾਂਕਿ ਪਿਛਲੇ ਦਿਨਾਂ ਵਿੱਚ ਉਤਰਾਖੰਡ ਵਿਖੇ ਹੋਈ ਸਿਆਸੀ ਹਲਚਲ ਅਤੇ ਜੋੜ ਤੋੜ ਨੇ ਭਾਰਤੀ ਜਨਤਾ ਪਾਰਟੀ ਦੇ ਅਕਸ ਅਤੇ ਸਥਿਤੀ ਦੋਹਾਂ ਨੂੰ ਨੁਕਸਾਨ ਪਹੁੰਚਾਇਆ ਹੈ।
ਉਕਤ ਚਰਚਾ ਤੋਂ ਸਪਸ਼ਟ ਹੈ ਕਿ ਅਸਾਮ ਦੀ ਜਿੱਤ ਤੋਂ ਬਾਅਦ ਮੀਡੀਆ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਜਿਹੀ ਤਸਵੀਰ ਪੇਸ਼ ਕਰਨਾ ਕਿ ਪਾਰਟੀ ਦੇ ਹੱਕ ਵਿੱਚ ਅਜਿਹੀ ਹਵਾ ਵੱਗ ਰਹੀ ਹੈ, ਜਿਸ ਨਾਲ ਪੂਰੇ ਦੇਸ਼ ਵਿੱਚ ਕੰਵਲ ਖਿੜਨ ਵਾਲਾ ਹੈ। ਹਕੀਕਤ ਤੋਂ ਦੂਰ ਦੀ ਗੱਲ ਹੈ। ਹਕੀਕਤ ਤਾਂ ਇਹ ਕਿ 2017 ਵਿੱਚ ਹੋ ਰਹੀਆਂ ਅਸੈਂਬਲੀ ਚੋਣਾਂ ਭਾਰਤੀ ਜਨਤਾ ਪਾਰਟੀ ਲਈ ਔਖਾ ਇਮਤਿਹਾਨ ਸਾਬਤ ਹੋ ਰਹੀਆਂ ਹਨ। ਦੇਸ਼ ਦੀ ਰਾਜਨੀਤੀ ਵਿੱਚ ਖੇਤਰੀ ਮੁੱਦਿਆਂ ਅਤੇ ਖੇਤਰੀ ਪਾਰਟੀਆਂ ਦੀ ਵੱਡੀ ਅਹਿਮੀਅਤ ਹੈ। ਸੂਬਾਈ ਸਿਆਸਤ ਵਿੱਚ ਮੋਦੀ ਮੈਜਿਕ ਲਈ ਕੋਈ ਵੱਡੀ ਥਾਂ ਨਹੀਂ ਅਤੇ ਸੂਬਿਆਂ ਵਿੱਚ ਵੱਡੇ ਨਾਵਾਂ ਵਾਲੇ ਲੀਡਰਾਂ ਦੀ ਘਾਟ ਹੈ। ਪਾਣੀ ਵਰਗੇ ਕਈ ਅਜਿਹੇ ਸੰਵੇਦਨਸ਼ੀਲ ਮੁੱਦੇ ਹਨ, ਜਿਹਨਾਂ ਬਾਰੇ ਰਾਜਾਂ ਅਤੇ ਕੇਂਦਰ ਸਰਕਾਰ ਦੀ ਪਹੁੰਚ ਵਿੱਚ ਵੱਡਾ ਫ਼ਰਕ ਹੈ। ਇਸ ਗੱਲ ਦਾ ਇਲਮ ਸੰਘ ਨੂੰ ਵੀ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਵੀ। ਆਸਾਮ ਦੀ ਜਿੱਤ ਨੂੰ ਵੱਡੀ ਜਿੱਤ ਦੇ ਤੌਰ ‘ਤੇ ਪੇਸ਼ ਕਰਨਾ ਇੱਕ ਵਧੀਆ ਸਿਆਸੀ ਚਾਲ ਤਾਂ ਹੋ ਸਕਦੀ ਹੈ। ਇਸ ਚਾਲ ਨਾਲ ਭਾਜਪਾ ਵਰਕਰਾਂ ਦਾ ਉਤਸ਼ਾਹ ਵਧਾਇਆ ਜਾ ਸਕਦਾ ਹੈ ਅਤੇ ਨੈਤਿਕ ਬਲ ਵੀ ਉੱਚਾ ਕੀਤਾ ਜਾ ਸਕਦਾ ਹੈ। ਸਿਰਫ਼ ਉਤਸ਼ਾਹ ਅਤੇ ਮੀਡੀਆ ਦੇ ਪ੍ਰਚਾਰ ਦੇ ਬਲਬੂਤੇ ‘ਤੇ ਅਗਲੇ ਵਰ੍ਹੇ ਹੋਣ ਵਾਲੀਆਂ ਚੋਣਾਂ ਜਿੱਤਣਾ ਆਸਾਨ ਕੰਮ ਨਹੀਂ। 2017 ਦੀਆਂ ਵਿਧਾਨ ਸਭਾਈ ਚੋਣਾਂ ਜਿੱਤਣਾ ਤਾਂ ‘ਆਗ ਕਾ ਦਰਿਆ ਹੈ ਔਰ ਡੂਬ ਕਰ ਜਾਨਾ ਹੈ’ ਵਾਂਗ ਹੈ। ਭਾਰਤੀ ਜਨਤਾ ਪਾਰਟੀ ਲਈ ਦਿੱਲੀ ਅਜੇ ਬਹੁਤ ਦੂਰ ਹੈ।