ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੋਕਸੀ ਘਟਨਾ ਨੂੰ ਲੈ ਕੇ ਮੋਦੀ ਸਰਕਾਰ ‘ਤੇ ਹਮਲਾ ਕੀਤਾ ਹੈ। ਸੀ. ਐੱਮ. ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦੇ ਹੋਏ ਕਿਹਾ ਕਿ ਸੀ. ਬੀ. ਆਈ. ਨੇ ਲੰਡਨ ‘ਚ ਮਾਲਿਆ ਦੇ ਕੇਸ ਨੂੰ ਕਮਜ਼ੋਰ ਕੀਤਾ। ਚੋਕਸੀ ਨੂੰ ਭੱਜਣ ‘ਚ ਅਤੇ ਦੂਜੇ ਦੇਸ਼ ਦੀ ਨਾਗਰਿਕਤਾ ਪਾਉਣ ‘ਚ ਮਦਦ ਕੀਤੀ ਅਤੇ ਉਸ ਤੋਂ ਬਾਅਦ ਮੋਦੀ ਸਰਕਾਰ ਹਵਾਲਗੀ ਦੀ ਮੰਗ ਦਾ ਨਾਟਕ ਕਰਦੀ ਹੈ। ਇਹ ਤਾਂ ਦੇਸ਼ ਨਾਲ ਧੋਖਾ ਹੈ।
ਪਹਿਲਾਂ ਵੀ ਕੀਤਾ ਸੀ ਹਮਲਾ—
ਇਸ ਤੋਂ ਪਹਿਲਾਂ ਵੀ ਕੇਜਰੀਵਾਲ ਨੇ ਤਿੰਨ ਤਲਾਕ ਨਾਲ ਸਬੰਧਿਤ ਬਿੱਲ ਦੇ ਸੰਸਦ ‘ਚ ਪੈਂਡਿੰਗ ਰਹਿਣ ਨੂੰ ਲੈ ਕੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਸੀ। ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਰਾਜ ਪੱਧਰੀ ਸੰਮੇਲਨ ‘ਚ ਕਿਹਾ ਸੀ ਜੇਕਰ ਆਪਣੀ ਸਰਕਾਰ ਦੇ 4 ਸਾਲ ਦੇ ਕਾਰਜਕਾਲ ਤੋਂ ਬਾਅਦ ਵੀ ਮੋਦੀ ਨੂੰ ਹਿੰਦੂ ਮੁਸਲਮਾਨ ਦੀ ਗੱਲ ਕਰਨੀ ਪੈ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਸਰਕਾਰ ਦੀ ਉਪਲੱਬਧੀ ਜ਼ੀਰੋ ਰਹੀ ਹੈ।















