ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਹੇਤੇ ਮੰਤਰੀਆਂ ਵਿੱਚੋਂ ਇੱਕ ਸਮ੍ਰਿਤੀ ਇਰਾਨੀ ਮਨੁੱਖੀ ਸ੍ਰੋਤ ਵਿਕਾਸ ਮੰਤਰਾਲਾ ਵਾਪਸ ਲਏ ਜਾਣ ਤੋਂ ਨਾਰਾਜ਼ ਹੈ। ਮੋਦੀ ਕੈਬਨਿਟ ਵਿੱਚ ਫੇਰਬਦਲ ਤੋਂ ਬਾਅਦ ਸਮ੍ਰਿਤੀ ਨੂੰ ਕੱਪੜਾ ਮੰਤਰਾਲੇ ਦਾ ਜਿੰਮਾ ਦਿੱਤਾ ਗਿਆ ਸੀ।
ਇਸ ਦੌਰਾਨ ਹੀ ਨਵੇਂ ਬਣੇ ਮਨੁੱਖੀ ਸ੍ਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨਾਰਾਜ਼ ਸਮ੍ਰਿਤੀ ਇਰਾਨੀ ਨੂੰ ਮਿਲਣ ਲਈ ਪਹੁੰਚੇ। ਇਸ ਤੋਂ ਬਾਅਦ ਹੀ ਇਰਾਨੀ ਦੀ ਪੂਰੇ ਫੇਰਬਦਲ ‘ਤੇ ਪ੍ਰਤੀਕ੍ਰਿਆ ਆਈ ਤੇ ਉਸ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ।
ਕਾਬਲੇਗੌਰ ਹੈ ਕਿ ਮਨੁੱਖੀ ਸ੍ਰੋਤ ਵਿਕਾਸ ਮੰਤਰਾਲਾ ਵਾਪਸ ਲਏ ਜਾਣ ਤੋਂ ਬਾਅਦ ਸਮ੍ਰਿਤੀ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਐਚ.ਆਰ.ਡੀ ਮੰਤਰੀ ਦਾ ਸ਼ਬਦ ਹਟਾ ਦਿੱਤਾ ਸੀ। ਸਿਰਫ ਕੇਂਦਰੀ ਮੰਤਰੀ ਲਿਖਿਆ ਸੀ। ਫੇਰਬਦਲ ਤੋਂ ਬਾਅਦ ਸਮ੍ਰਿਤੀ ਦੀ ਇਹ ਹੀ ਪਹਿਲੀ ਪ੍ਰਤੀਕ੍ਰਿਆ ਸੀ।
ਕਿਹਾ ਜਾ ਰਿਹਾ ਸੀ ਕਿ ਸਮ੍ਰਿਤੀ ਇਸ ਫੇਰਬਦਲ ਤੋਂ ਨਾਰਾਜ ਹੈ ਪਰ ਜਾਵੜੇਕਰ ਨਾਲ ਮੁਲਾਕਾਤ ਤੋਂ ਬਾਅਦ ਸਮ੍ਰਿਤੀ ਨੇ ਟਵੀਟ ਕੀਤਾ ਤੇ ਮੰਨਿਆ ਜਾ ਰਿਹਾ ਹੈ ਕਿ ਸਮ੍ਰਿਤੀ ਦੀ ਨਾਰਾਜ਼ਗੀ ਦੂਰ ਹੋ ਗਈ ਹੈ।
ਸਮ੍ਰਿਤਾ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਹਿਲਾਂ ਦਿੱਤੇ ਗਏ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਲਈ ਧੰਨਵਾਦ ਕੀਤਾ ਹੈ ਤੇ ਹੁਣ ਨਵੇਂ ਮਿਲੇ ਕੱਪੜਾ ਮੰਤਰਾਲੇ ਲਈ ਵੀ ਧੰਨਵਾਦ ਆਖਿਆ ਹੈ।















